*ਬੰਦ ਪਏ 10 ਆਰ.ਓ. ਪਲਾਂਟ ਕਰਵਾਏ ਚਾਲੂ – ਕਾਰਜਕਾਰੀ ਇੰਜੀਨੀਅਰ*

0
37

ਮਾਨਸਾ/ਬੁਢਲਾਡਾ, 16 ਸਤੰਬਰ :(ਸਾਰਾ ਯਹਾਂ/ਮੁੱਖ ਸੰਪਾਦਕ)
ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਮੰਡਲ ਨੰਬਰ-2 ਮਾਨਸਾ ਸ਼੍ਰੀ ਕੇਵਲ ਕੁਮਾਰ ਨੇ ਦੱਸਿਆ ਕਿ ਬਲਾਕ ਬੁਢਲਾਡਾ ਅਧੀਨ 59 ਨੰਬਰ ਜਲ ਸਪਲਾਈ ਸਕੀਮਾਂ ਰਾਹੀਂ 82 ਪਿੰਡਾਂ ਨੂੰ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ। ਇਨ੍ਹਾਂ ਜਲ ਸਪਲਾਈ ਸਕੀਮਾਂ ਨੂੰ ਹੋਰ ਬਿਹਤਰ ਬਣਾਉਣ ਲਈ ਰੋਜ਼ਾਨਾ ਦੇ ਆਧਾਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਦੇ ਲਈ ਤਖ਼ਮੀਨੇ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਫੰਡਜ਼ ਦੀ ਪ੍ਰਾਪਤੀ ਹੋਣ ’ਤੇ ਹੋਰ ਲੋੜੀਂਦੇ ਕੰਮ ਵੀ ਕਰਵਾਏ ਜਾਣਗੇ।
ਸ਼੍ਰੀ ਕੇਵਲ ਕੁਮਾਰ ਨੇ ਦੱਸਿਆ ਕਿ ਬਲਾਕ ਬੁਢਲਾਡਾ ਅਧੀਨ ਕੁੱਲ 81 ਆਰ.ਓ. ਪਲਾਂਟ ਆਉਂਦੇ ਹਨ, ਜਿਨ੍ਹਾਂ ਵਿੱਚੋਂ 20 ਆਰ.ਓ. ਪਲਾਂਟ ਚਲ ਰਹੇ ਹਨ ਅਤੇ 61 ਆਰ.ਓ. ਪਲਾਂਟ ਬੰਦ ਸਨ। ਉਨ੍ਹਾਂ ਦੱਸਿਆ ਕਿ ਆਰ.ਓ. ਪਲਾਂਟ ਬੰਦ ਹੋਣ ਦਾ ਮੁੱਖ ਕਾਰਨ ਲੋਕਾਂ ਵੱਲੋਂ ਕੁਨੈਕਸ਼ਨ ਨਾ ਲੈਣਾ ਸੀ। ਇਸ ਦੇ ਬਾਵਜੂਦ ਵੀ ਵਿਭਾਗ ਵੱਲੋਂ ਇਨ੍ਹਾਂ ਬੰਦ ਪਏ ਆਰ.ਓ. ਪਲਾਂਟਾਂ ਨੂੰ ਚਾਲੂ ਕਰਨ ਲਈ ਤਖ਼ਮੀਨੇ ਤਿਆਰ ਕਰਕੇ ਉੱਚ ਦਫ਼ਤਰ ਨੂੰ ਭੇਜੇ ਗਏ, ਜਿਸ ਦੇ ਸਿੱਟੇ ਵਜੋਂ 61 ਬੰਦ ਪਏ ਆਰ.ਓ. ਪਲਾਂਟਾਂ ਵਿੱਚੋਂ 10 ਆਰ.ਓ. ਪਲਾਂਟ ਚਾਲੂ ਕਰਵਾ ਦਿੱਤੇ ਗਏ ਹਨ। ਬਾਕੀ ਰਹਿੰਦੇ ਆਰ.ਓ. ਪਲਾਂਟ ਵੀ ਜਲਦੀ ਹੀ ਫ਼ੰਡਜ਼ ਦੀ ਪ੍ਰਾਪਤੀ ਹੋਣ ’ਤੇ ਚਾਲੂ ਕਰਵਾ ਦਿੱਤੇ ਜਾਣਗੇ।
ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਸੰਵਿਧਾਨ ਦੀ 73ਵੀਂ ਸੋਧ ਅਨੁਸਾਰ ਜੋ ਜਲ ਸਪਲਾਈ ਸਕੀਮਾਂ ਪੰਚਾਇਤਾਂ ਅਧੀਨ ਆਉਂਦੀਆਂ ਹਨ, ਉਨ੍ਹਾਂ ਜਲ ਸਪਲਾਈ ਸਕੀਮਾਂ ਦੀ ਸਾਂਭ ਸੰਭਾਲ ਸਬੰਧਤ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਸੈਨੀਟੇਸ਼ਨ ਕਮੇਟੀ (ਜੀ.ਪੀ.ਡਬਲਿਊ.ਐਸ.ਸੀ.) ਵੱਲੋਂ ਆਪਣੇ ਪੱਧਰ ’ਤੇ ਕੀਤੀ ਜਾਂਦੀ ਹੈ। ਸਬੰਧਤ ਜੀ.ਪੀ.ਡਬਲਿਊ.ਐਸ.ਸੀ. ਵੱਲੋਂ ਜਲ ਸਪਲਾਈ ਸਕੀਮ ਦੇ ਪਾਣੀ ਦੇ ਬਿਲਾਂ ਦੇ ਰੂਪ ਵਿੱਚ ਪ੍ਰਾਪਤ ਰੈਵੀਨਿਊ ਦੀ ਰਕਮ ਵਿੱਚੋਂ ਹੀ ਜਲ ਸਪਲਾਈ ਸਕੀਮ ਦੀ ਸਾਂਭ-ਸੰਭਾਲ ’ਤੇ ਖਰਚ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ 15ਵੇਂ ਵਿੱਤ ਕਮਿਸ਼ਨ ਦੀ ਟਾਈਡ ਗ੍ਰਾਂਟ ਵੀ ਸਬੰਧਤ ਕਮੇਟੀ ਵੱਲੋਂ ਵਾਟਰ ਵਰਕਸ ਦੇ ਕੰਮਾਂ ਲਈ ਹੀ ਵਰਤੀ ਜਾਂਦੀ ਹੈ। 

NO COMMENTS