ਨਵੀਂ ਦਿੱਲੀ 02 ਮਈ(ਸਾਰਾ ਯਹਾਂ/ਬਿਊਰੋ ਰਿਪੋਰਟ) : ਪੱਛਮੀ ਬੰਗਾਲ ਦੀਆਂ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਮਮਤਾ ਬੈਨਰਜੀ ਦੀ ਟੀਐਮਸੀ ਨੇ 200 ਤੋਂ ਵੱਧ ਸੀਟਾਂ ਨਾਲ ਚੰਗੀ ਲੀਡ ਬਣਾ ਲਈ ਹੈ। ਭਾਜਪਾ ਲਈ ਮੁਕਾਬਲਾ ਹੁਣ ਕਾਫੀ ਔਖਾ ਹੋ ਗਿਆ ਹੈ। ਭਾਜਪਾ ਇਸ 81 ਸੀਟਾਂ ਤੇ ਚੱਲ ਰਹੀ ਹੈ। ਇਸ ਵਿਚਾਲੇ ਮਮਤਾ ਬੈਨਰਜੀ ਦੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦਾ ਬਿਆਨ ਧਿਆਨ ਦੇਣ ਯੋਗ ਹੈ।
ਚਾਰ ਮਹੀਨੇ ਪਹਿਲਾਂ, ਮਮਤਾ ਬੈਨਰਜੀ ਦਾ ਬੰਗਾਲ ਚੋਣ ਲਈ ਆਪਣੀ ਮੁਹਿੰਮ ਦਾ ਖਰੜਾ ਤਿਆਰ ਕਰਨ ਵਾਲੇ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਸੀ ਕਿ ਭਾਜਪਾ 294 ਮੈਂਬਰੀ ਵਿਧਾਨ ਸਭਾ ਵਿੱਚ “ਦੋਹਰੇ ਅੰਕ ਪਾਰ ਕਰਨ ਲਈ ਸੰਘਰਸ਼ ਕਰੇਗੀ” ਅਤੇ ਸਹੁੰ ਚੁਕੀ ਕਿ ਜੇ ਭਾਜਪਾ ਉਸ ਦੀ ਭਵਿੱਖਵਾਣੀ ਤੋਂ ਬਿਹਤਰ ਕੰਮ ਕਰਦੀ ਹੈ ਤਾਂ ਉਹ ਟਵਿੱਟਰ ਛੱਡ ਦੇਵੇਗਾ।
ਪ੍ਰਸ਼ਾਂਤ ਕਿਸ਼ੋਰ ਦਾ ਚਾਰ ਮਹੀਨੇ ਪਹਿਲਾਂ ਦਾ ਇਹ ਬਿਆਨ ਕਾਫ਼ੀ ਹੱਦ ਤੱਕ ਸਹੀ ਵੀ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ।ਬੀਜੇਪੀ ਲਈ ਪੱਛਮੀ ਬੰਗਾਲ ਵਿੱਚ 100 ਦਾ ਅੰਕੜਾ ਪਾਰ ਕਰਨਾ ਹੁਣ ਮੁਸ਼ਕਲ ਲੱਗ ਰਿਹਾ ਹੈ। ਭਾਜਪਾ ਲਈ ਇਹ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੈ। ਭਾਜਪਾ ਨੇ ਪੱਛਮੀ ਬੰਗਾਲ ਦੀ ਇਸ ਚੋਣ ਲਈ ਆਪਣੀ ਪੂਰੀ ਤਾਕਤ ਲਈ ਸੀ।