ਬੈਸਟ ਡਿਪਟੀ ਕਮਿਸ਼ਨਰ ਵਜੋਂ ਜਾਣੇ ਜਾਂਦੇ “ਰਿਆਤ” ਅਤੇ “ਸ਼ਰਮਾ” ਨੂੰ ਸਰਕਾਰ ਪਾਸੋਂ ਸਨਮਾਨਿਤ ਕਰਨ ਦੀ ਮੰਗ

0
254

ਮਾਨਸਾ 16ਜਨਵਰੀ (ਸਾਰਾ ਯਹਾ/ਮੁੱਖ ਸੰਪਾਦਕ) ਪਹਿਲੀ ਵਾਰ ਪੰਜਾਬੀ ਵਿੱਚ ਆਈ.ਏ.ਐੱਸ ਕਰਨ ਵਾਲੇ ਅੱਜ ਕੱਲ੍ਹ ਲੁਧਿਆਣਾ ਤਾਇਨਾਤ ਅਤੇ ਮਾਨਸਾ ਸਮੇਤ ਹੋਰਨਾਂ ਜਿਲਿ੍ਹਆਂ ਵਿੱਚ ਸੇਵਾ ਨਿਭਾ ਚੁੱਕੇ ਵਰਿੰਦਰ ਸ਼ਰਮਾ ਦੇ ਕੀਤੇ ਕੰਮ ਮੂੰਹੋ ਬੋਲਦੇ ਹਨ। ਇਸੇ ਤਰ੍ਹਾਂ ਮਾਨਸਾ ਵਿਖੇ ਪਹਿਲੀ ਵਾਰ ਬਤੌਰ ਡੀ.ਸੀ ਤਇਨਾਤ ਹੋਏ ਅਤੇ ਅੱਜ-ਕੱਲ੍ਹ ਹੁਸ਼ਿਆਰਪੁਰ ਵਿਖੇ ਡਿਊਟੀ ਨਿਭਾ ਰਹੇ ਮਹਿਲਾ ਆਈ.ਏ.ਐੱਸ ਅਧਿਕਾਰੀ ਅਪਨੀਤ ਰਿਆਤ ਨੇ ਵੀ ਕੰਮ ਕਰਨ ਦੀ ਇੱਛਾ ਦਿਖਾ ਕੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਇਨ੍ਹਾਂ ਦੋਵੇਂ ਅਧਿਕਾਰੀਆਂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਰਕਾਰ ਦੇ ਪ੍ਰਿੰਸੀਪਲ ਸੁਰੇਸ਼ ਕੁਮਾਰ ਅਤੇ ਹੋਰ ਅਧਿਕਾਰੀਆਂ ਦੀ ਸੁਵੱਲੀ ਨਜਰ ਹੈ। ਵਰਿੰਦਰ ਕੁਮਾਰ ਸ਼ਰਮਾ ਸੂਬੇ ਦੇ ਵੱਖ-ਵੱਖ ਜਿਲਿ੍ਹਆਂ ਵਿੱਚ ਕੰਮ ਕਰਨ ਦੌਰਾਨ ਮਿੱਠ ਬੋਲੜੇ ਅਤੇ ਕੰਮ ਦੇ ਪੁਜਾਰੀ ਬਣ ਕੇ ਰਹੇ ਹਨ। ਉਨ੍ਹਾਂ ਦੀ ਅਗਵਾਈ ਵਿੱਚ ਜਿਲ੍ਹਾ ਮਾਨਸਾ, ਜਲੰਧਰ ਅਤੇ ਲੁਧਿਆਣਾ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹਿਆ। ਉਨ੍ਹਾਂ ਨੂੰ ਬਤੌਰ ਡਿਪਟੀ ਕਮਿਸ਼ਨਰ ਵਧੀਆ ਸੇਵਾਵਾਂ ਲਈ ਪੰਜਾਬ ਸਰਕਾਰ ਤੋਂ ਇਲਾਵਾ ਸਮੇਂ-ਸਮੇਂ ਵੱਡੀਆਂ ਸੰਸਥਾਵਾਂ, ਪ੍ਰਸ਼ਾਸ਼ਨ ਅਤੇ ਕੇਂਦਰ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਉਹ ਭਰੂਣ ਹੱਤਿਆ ਤੋਂ ਲੈ ਕੇ ਬੱਚੀਆਂ ਦੀ ਪੜ੍ਹਾਈ ਲਈ ਵੀ ਆਪਣੇ ਤੌਰ ਤੇ ਵੱਡਮੁੱਲੇ ਯਤਨ ਕਰਨ ਵਾਲੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਦਾ ਵਿਸ਼ਵਾਸ਼ ਹੈ ਕਿ ਅਧਿਕਾਰੀ ਦਾ ਲੋਕਾਂ ਲਈ ਕੰਮ ਕਰਨਾ ਬੋਲਣਾ ਚਾਹੀਦਾ ਹੈ। ਉਨ੍ਹਾਂ ਦਾ ਯਕੀਨ ਹੈ ਕਿ ਚੰਗੇ ਕੰਮ, ਚੰਗੀ ਕਾਰਗੁਜਾਰੀ,ਕੰਮ ਕਰਨ ਦੀ ਇੱਛਾ ਸ਼ਕਤੀ ਅਤੇ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਡਿਪਟੀ ਕਮਿਸ਼ਨਰ ਦਾ ਅਹਿਮ ਰੋਲ ਹੁੰਦਾ ਹੈ। ਇਸ ਪ੍ਰਤੀ ਸਕਾਰਤਮਕ ਭੂਮਿਕਾ ਸਰਕਾਰ ਨੂੰ ਵੀ ਅਧਿਕਾਰੀਆਂ ਦੀ ਰਿਪੋਰਟ ਪੇਸ਼ ਕਰਦੀ ਹੈ। ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਵੀ ਛੋਟੀ ਉਮਰੇ ਡਿਪਟੀ ਕਮਿਸ਼ਨਰ ਬਣ ਕੇ ਕੰਮ ਕਰਨ ਦੀਆਂ ਨਵੀਆਂ ਪਿਰਤਾਂ ਪਾਈਆਂ ਹਨ। ਮਾਨਸਾ ਵਿਖੇ ਡੀ.ਸੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਨਿੱਜੀ ਦਿਲਚਸਪੀ ਲੈਂਦਿਆਂ ਸ਼ਹਿਰ ਨੂੰ ਸੁੰਦਰ ਪਾਰਕ ਅਤੇ ਵੱਡੀਆਂ ਅਤੇ ਸੋਹਣੀਆਂ ਸੜਕਾਂ ਤੋਂ ਇਲਾਵਾ ਪਾਣੀ ਨਿਕਾਸੀ ਦੇ ਪ੍ਰਬੰਧ ਵੀ ਨੇਪਰੇ ਚਾੜ੍ਹੇ। ਉਨ੍ਹਾਂ ਦੀ ਯੋਜਨਾ ਸੀ ਕਿ ਸਮੁੱਚੇ ਮਾਨਸਾ ਜਿਲ੍ਹੇ ਅੰਦਰ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਇਹ ਉਨ੍ਹਾਂ ਦਾ ਕੰਮ ਕਰਨ ਦਾ ਅੰਦਾਜ ਸੀ ਕਿ ਲੋਕ ਉਨ੍ਹਾਂ ਦੇ ਕੰਮ ਬਦਲੇ ਦਫਤਰ ਜਾ ਕੇ ਉਨ੍ਹਾਂ ਦਾ ਸਨਮਾਨ ਵੀ ਕਰਦੇ ਅਤੇ ਨਵੇਂ ਕੰਮਾਂ ਦੀ ਮੰਗ ਵੀ ਕਰਦੇ। ਜਿਲ੍ਹੇ ਦੀ ਅਗਵਾਈ ਕਰਦਿਆਂ ਰਿਆਤ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਇਲਾਵਾ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਕੰਮ ਪ੍ਰਤੀ ਗਤੀਸ਼ੀਲ ਕੀਤਾ ਅਤੇ ਬਤੌਰ ਡਿਪਟੀ ਕਮਿਸ਼ਨਰ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦ ਕਰਕੇ ਮਾਨਸਾ ਨੂੰ ਵਿਕਾਸ ਦੀਆਂ ਨਵੀਆਂ ਲੀਹਾਂ ਤੇ ਤੋਰਿਆ। ਬੇਸ਼ੱਕ ਅੱਜ ਉਹ ਇੱਥੋਂ ਬਦਲ ਕੇ ਹੁਸ਼ਿਆਰਪੁਰ ਡੀ.ਸੀ ਲੱਗ ਗਏ ਹਨ। ਪਰ ਉਨ੍ਹਾਂ ਨੂੰ ਉਨ੍ਹਾਂ ਦੇ ਕੀਤੇ ਕੰਮਾਂ ਸਦਕਾ ਵਧੀਆ ਡਿਪਟੀ ਕਮਿਸ਼ਨਰ ਵਜੋਂ ਯਾਦ ਕੀਤਾ ਜਾਂਦਾ ਹੈ। ਅਪਨੀਤ ਰਿਆਤ ਮੂਲ ਰੂਪ ਵਿੱਚ ਮਾਨਸਾ ਜਿਲ੍ਹੇ ਨਾਲ ਸੰਬੰਧਿਤ ਹਨ ਅਤੇ ਉਨ੍ਹਾਂ ਦਾ ਸਹੁਰਾ ਪਰਿਵਾਰ ਵੀ ਮਾਨਸਾ ਜਿਲ੍ਹੇ ਵਿੱਚ ਹੀ ਰਹਿੰਦਾ ਹੈ। ਜਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ, ਨੌਜਵਾਨ ਕਾਂਗਰਸੀ ਨੇਤਾ ਅਤੇ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਦੇ ਸਪੁੱਤਰ ਨਰੇਸ਼ ਮਿੱਤਲ ਅਤੇ ਕਰਿਆਨਾ ਯੂਨੀਅਨ ਪੰਜਾਬ ਦੇ ਆਗੂ ਸੁਰੇਸ਼ ਕੁਮਾਰ ਨੰਦਗੜ੍ਹੀਆ ਨੇ ਪੰਜਾਬ ਸਰਕਾਰ ਤੋਂ ਉਨ੍ਹਾਂ ਨੂੰ ਵਧੀਆ ਕੰਮ ਬਦਲੇ 26 ਜਨਵਰੀ ਤੇ “ਬੈਸਟ ਅਧਿਕਾਰੀਆਂ” ਵਜੋਂ ਸਨਮਾਨਿਤ ਕਰਨ ਦੀ ਮੰਗ ਕੀਤੀ ਹੈ।
ਫਾਈਲ ਫੋਟੋ: ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਅਤੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ।

NO COMMENTS