*ਬੇਰੁਜ਼ਗਾਰਾਂ ਨੇ ਸੰਗਰੂਰ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਤੇ ਘੇਰਿਆ ਸਿੱਖਿਆ ਮੰਤਰੀ ਪੁਲਿਸ ਨਾਲ ਧੱਕਾ ਮੁੱਕੀ ਦੌਰਾਨ ਉਤਰੀਆਂ ਪੱਗਾਂ*

0
38

ਸੰਗਰੂਰ, 15 ਅਗਸਤ 2021(ਸਾਰਾ ਯਹਾਂ/ਬੀਰਬਲ ਧਾਲੀਵਾਲ) : ਜਿੱਥੇ ਅੱਜ ਪੂਰੇ ਭਾਰਤ ਵਿੱਚ ਸਤੰਤਰਤਾ ਦਿਵਸ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ। ਉੱਥੇ ਦੂਜੇ ਪਾਸੇ ਅੱਜ ਬੇਰੁਜ਼ਗਾਰ ਸੰਗਰੂਰ ਸਰਕਾਰੀ ਹਸਪਤਾਲ ਦੇ ਅੱਗੇ ਇਕੱਠੇ ਹੋ ਕੇ ਪੁਲਿਸ ਲਾਇਨ ਵੱਲ ਵਧੇ ਜਿੱਥੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਸੁਤੰਤਰਤਾ ਦਿਵਸ ਦੇ ਸੰਬੰਧ ਵਿਚ ਰਾਸ਼ਟਰੀ ਝੰਡਾ ਲਹਿਰਾ ਰਹੇ ਸਨ। ਸੰਗਰੂਰ ਪੁਲਿਸ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰਾਂ ਨੂੰ ਬਰਨਾਲਾ ਕੈਂਚੀਆਂ ਚ ਬਣੇ ਓਵਰਬ੍ਰਿਜ ਤੇ ਬੈਰੀਕੇਡ ਲਾ ਕੇ ਰੋਕਿਆ ਗਿਆ ਜਿੱਥੇ ਬੇਰੁਜ਼ਗਾਰਾਂ ਦੀ ਪੁਲਿਸ ਪ੍ਰਸ਼ਾਸਨ ਨਾਲ ਲੰਬਾ ਸਮਾਂ ਧੱਕਾ-ਮੁੱਕੀ ਹੁੰਦੀ ਰਹੀ, ਉਪਰੰਤ ਬੇਰੁਜ਼ਗਾਰਾਂ ਨੇ ਓਵਰਬ੍ਰਿਜ ਤੇ ਹੀ ਧਰਨਾ ਸ਼ੁਰੂ ਕਰ ਦਿੱਤਾ। 
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਪੁਲਿਸ ਲਾਈਨ ਵਿਖੇ ਝੰਡਾ ਲਹਿਰਾਉਣ ਉਪਰੰਤ ਜਿਉਂ ਹੀ ਸਥਾਨਕ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਉਤੇ ਚਾਹ ਪੀਣ ਲਈ ਪਹੁੰਚੇ। ਸੂਹ ਮਿਲਣ ਉੱਤੇ ਧਰਨਾਕਾਰੀ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਵੱਲ ਵਧੇ ਜਿੱਥੇ ਧਰਨਾਕਾਰੀਆਂ ਨੂੰ ਰੋਕਣ ਦੇ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਬੈਰੀਕੇਡ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਇੱਥੇ ਬੇਰੁਜ਼ਗਾਰਾਂ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਕਾਫੀ ਖਿੱਚ ਧੂਹ ਕੀਤੀ ਗਈ ਜਿਸ ਦੌਰਾਨ ਇੱਕ ਬੇਰੁਜਗਾਰ ਕੁਲਵੰਤ ਸਿੰਘ ਦੀ ਪੱਗ ਉਤਰ ਗਈ। ਬੇਰੁਜ਼ਗਾਰਾਂ ਨੇ ਲਗਾਈਆਂ ਰੋਕਾਂ ਨੂੰ ਤੋੜ ਕੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਅੱਗੇ ਪਹੁੰਚ ਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਤੇ ਧਰਨਾ ਲਗਾ ਲਿਆ। 
ਇਸ ਧਰਨੇ ਦੇ ਕਾਰਨ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਡਿਪਟੀ ਕਮਿਸ਼ਨਰ ਦੀ ਸਰਕਾਰੀ ਰਿਹਾਇਸ਼ ਵਿੱਚ ਹੀ ਘਿਰ ਗਏ ਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸੰਗਰੂਰ ਪ੍ਰਸ਼ਾਸਨ ਦੇ ਵੱਲੋਂ ਬੇਰੁਜ਼ਗਾਰਾਂ ਦੀ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਵਿਖੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨਾਲ ਮੌਕੇ ਤੇ ਹੀ ਮੀਟਿੰਗ ਕਰਵਾਈ ਗਈ। ਮੀਟਿੰਗ ਚ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਬੇਰੁਜ਼ਗਾਰਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ।


ਸੰਗਰੂਰ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰ ਸਾਂਝੇ ਮੋਰਚੇ ਵਿਚ ਸ਼ਾਮਿਲ ਸਮੁੱਚੀਆਂ ਜਥੇਬੰਦੀਆਂ ਦੀਆਂ ਸਾਰੀਆਂ ਮੰਗਾਂ ਸੰਬੰਧੀ 18 ਅਗਸਤ ਨੂੰ ਸਿੱਖਿਆ ਮੰਤਰੀ ਨਾਲ ਪੈੱਨਲ ਮੀਟਿੰਗ ਤਹਿ ਕਰਵਾਈ ਗਈ। ਇਸ ਤੋਂ ਬਾਅਦ ਬੇਰੁਜ਼ਗਾਰ ਮਾਰਚ ਕਰ ਕੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਅੱਗੇ ਚੱਲ ਰਹੇ ਪੱਕੇ ਮੋਰਚੇ ਤੇ ਪਹੁੰਚੇ ਜਿੱਥੇ ਗੁਰਪ੍ਰੀਤ ਵਾਂਦਰ ਜਟਾਣਾ ਨੇ ਇਨਕਲਾਬੀ ਬੋਲੀਆਂ ਪਾਈਆਂ।
ਬੇਰੁਜ਼ਗਾਰ ਸਾਂਝੇ ਮੋਰਚੇ ਦੇ ਸੂਬਾਈ ਆਗੂ ਸੁਖਵਿੰਦਰ ਸਿੰਘ ਢਿੱਲਵਾਂ, ਜਗਸੀਰ ਸਿੰਘ ਘੁਮਾਣ, ਕ੍ਰਿਸ਼ਨ ਸਿੰਘ ਨਾਭਾ ਅਤੇ ਹਰਜਿੰਦਰ ਸਿੰਘ ਝੁਨੀਰ ਨੇ ਕਿਹਾ ਕਿ ਅਖੌਤੀ ਕਾਰਪੋਰੇਟ ਘਰਾਣਿਆਂ ਪੱਖੀ ਅਜ਼ਾਦੀ ਦੇ ਸਤਾਏ ਬੇਰੁਜ਼ਗਾਰ ਨੌਜਵਾਨ ਸੜਕਾਂ ਉੱਤੇ ਰੁਲ ਰਹੇ ਹਨ ਅਤੇ ਅੰਗਰੇਜਾਂ ਦੇ ਦਲਾਲ ਸੱਤਾ ਮਾਣ ਰਹੇ ਹਨ। ਉਹਨਾਂ ਭਗਤ ਸਿੰਘ ਦੇ ਬੋਲਾਂ ਦਾ ਹਵਾਲਾ ਵੀ ਦਿੱਤਾ ਜਿੰਨਾ ਅਨੁਸਾਰ ਕਾਂਗਰਸ ਦੇ ਸੱਤਾ ਸੰਭਾਲਣ ਉਪਰੰਤ ਵੀ ਲੋਕਾਈ ਦੀ ਭਲਾਈ ਨਹੀਂ ਹੋਵੇਗੀ ਦਾ ਅੰਦੇਸ਼ਾ ਜਿਤਾਇਆ ਗਿਆ ਸੀ।
ਇਸ ਮੌਕੇ ਅਮਨ ਸੇਖਾ, ਲਫ਼ਜ, ਗੁਰਪ੍ਰੀਤ ਲਾਲਿਆਂਵਾਲੀ, ਬਲਰਾਜ, ਬਲਕਾਰ, ਹਰਦੀਪ, ਕਿਰਨ ਈਸੜਾ, ਮਨਪ੍ਰੀਤ ਕੌਰ, ਗੁਰਮੀਤ ਸਿੰਘ, ਰਾਮ ਲਾਲ,ਮਨਪ੍ਰੀਤ ਸਿੰਘ, ਕੁਲਦੀਪ ਭੁਟਾਲ, ਗੋਰਖਾ, ਮਲਿਕਪ੍ਰੀਤ, ਸਤਨਾਮ ਬੱਛੁਆਣਾ, ਗੁਰਪ੍ਰੀਤ ਸਰਾਂ, ਰਾਜਵੀਰ, ਤੈਹਿਰਾ, ਪ੍ਰਿਤਪਾਲ, ਰਵਿੰਦਰ ਕੌਰ, ਲਖਵਿੰਦਰ ਕੌਰ, ਕਿਰਨ ਭਾਈਰੂਪਾ,ਪ੍ਰਤਿੰਦਰ ਕੌਰ ਤੁਮ ਆਦਿ ਬੇਰੁਜ਼ਗਾਰ ਹਾਜ਼ਰ ਸਨ ਅਤੇ ਸਹਿਯੋਗੀ ਜਥੇਬੰਦੀਆਂ ਮਜ਼ਦੂਰ ਮੁਕਤੀ ਮੋਰਚੇ ਵੱਲੋ ਬਲਕਰਨ, ਫਰੀਡਮ ਫਾਈਟਰ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਖਾਲਸਾ, ਦਲਜੀਤ ਸਿੰਘ ਸੇਖੋਂ ਆਦਿ ਨੇ ਵੀ ਸੰਬੋਧਨ ਕੀਤਾ।

NO COMMENTS