*ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਪਿੰਡ ਉੱਭਾ ਵਿਖੇ ਮਨਾਈ ਧੀਆਂ ਦੀ ਲੋਹੜੀ*

0
15

ਮਾਨਸਾ, 16 ਜਨਵਰੀ :(ਸਾਰਾ ਯਹਾਂ/ਮੁੱਖ ਸੰਪਾਦਕ)
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਿੰਦਰਪਾਲ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਮਾਨਸਾ ਸ੍ਰੀਮਤੀ ਹਰਜਿੰਦਰ ਕੌਰ ਦੀ ਦੇਖ-ਰੇਖ ਹੇਠ ਪਿੰਡ ਉੱਭਾ ਵਿਖੇ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਬਲਾਕ ਪੱਧਰ ’ਤੇ ਧੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ 21 ਨਵ-ਜੰਮੀਆਂ ਧੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਨਵ-ਜੰਮੀਆਂ ਧੀਆਂ ਨੂੰ ਬੇਬੀ ਕੇਅਰ ਕਿੱਟਾਂ ਅਤੇ ਬੇਬੀ ਕੰਬਲ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ੍ਰੀਮਤੀ ਹਰਜਿੰਦਰ ਕੌਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਮਾਨਸਾ ਨੇ ਜਿੱਥੇ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਦਾ ਦਰਜਾ ਦੇਣ ਅਤੇ ਸਮਾਜ ਵਿੱਚ ਧੀਆਂ ਦੇ ਬਣਦੇ ਸਤਿਕਾਰ ਸਬੰਧੀ ਜਾਗਰੂਕ ਕੀਤਾ, ਉਥੇ ਹੀ ਵਿਭਾਗ ਵੱਲੋਂ ਧੀਆਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਅੱਜ ਸਮਾਜ ਵਿੱਚ ਧੀਆਂ ਵੱਲੋਂ ਪੁੱਤਰਾਂ ਨਾਲੋਂ ਵੀ ਵੱਧ ਕੇ ਮੱਲਾਂ ਮਾਰੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਧੀਆਂ ਅੱਜ ਅਕਾਦਮਿਕ, ਖੇਡਾਂ ਜਾਂ ਫਿਰ ਕਲਾਂ ਦੇ ਖੇਤਰ ਵਿੱਚ ਹਰ ਪਾਸੇ ਆਪਣੇ ਮਾਪਿਆਂ, ਜ਼ਿਲ੍ਹੇ ਤੇ ਦੇਸ਼ ਦਾ ਨਾਮ ਰੋਸ਼ਨ ਕਰ ਰਹੀਆਂ ਹਨ। ਅਖੀਰ ਵਿੱਚ ਲੋਹੜੀ ਬਾਲਣ ਦੀ ਰਸਮ ਅਦਾ ਕੀਤੀ ਗਈ।  
ਇਸ ਮੌਕੇ ਸ੍ਰੀ ਕੁਲਵੰਤ ਸਿੰਘ ਸੀਨੀਅਰ ਸਹਾਇਕ, ਪਰਵਿੰਦਰ ਕੌਰ ਸੁਪਰਵਾਈਜ਼ਰ ਸਰਕਲ ਉੱਭਾ, ਸੋਮਾ ਬਾਈ, ਸੀਮਾ ਸੁਪਰਵਾਈਜ਼ਰ, ਰਵਨੀਤ ਕੌਰ ਬਲਾਕ ਕੋਆਰਡੀਨੇਟਰ, ਸ਼੍ਰੀਮਤੀ ਰਣਜੀਤ ਕੌਰ, ਗੁਰਜਿੰਦਰ ਕੌਰ, ਨਾਇਬ ਸਿੰਘ, ਪਿੰਡ ਦੀ ਗ੍ਰਾਮ ਪੰਚਾਇਤ,  ਪਿੰਡ ਦੀਆਂ ਸਮੂਹ ਆਂਗਣਵਾੜੀ ਵਰਕਰਾਂ/ਹੈਲਪਰਾਂ, ਬੱਚੇ ਅਤੇ ਔਰਤਾਂ ਮੌਜੂਦ ਸਨ।

NO COMMENTS