ਬੁਢਲਾਡਾ 11,ਫਰਵਰੀ (ਸਾਰਾ ਯਹਾ /ਅਮਨ ਮਹਿਤਾ) : ਨਗਰ ਕੌਂਸਲ ਚੋਣਾਂ ਵਿੱਚ ਜਿੱਥੇ ਪਾਰਟੀ ਦੇ ਚੋਣ ਨਿਸ਼ਾਨ ਤੋਂ ਚੋਣ ਲੜ੍ਹਨ ਵਾਲੇ ਉਮੀਦਵਾਰਾਂ ਤੋਂ ਜਿਆਦਾ ਅਜ਼ਾਦ ਉਮੀਦਵਰਾਂ ਦੀ ਭਰਮਾਰ ਹੈ, ਉੱਥੇ ਹੀ ਸ਼ਹਿਰ ਬੁਢਲਾਡਾ ਦੇ 19 ਦੇ 19 ਵਾਰਡਾਂ ਤੋਂ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਕੇ ਉਮੀਦਵਰਾਂ ਵੱਲੋਂ ਨਗਰ ਕੌਂਸਲ ‘ਚ ਪ੍ਰਧਾਨਗੀ ਦੇ ਦਾਅਵੇ ਕੀਤੇ ਜਾ ਰਹੇ ਹਨ। ਇਨ੍ਹਾਂ ਕਾਂਗਰਸੀ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਉਂਣ ਦੇ ਲਈ ਉਨ੍ਹਾਂ ਦੀ ਪ੍ਰਚਾਰ ਮੁਹਿੰਮ ਨੂੰ ਹੁਲਾਰਾ ਦਿੰਦਿਆਂ ਅੱਜ ਇੱਥੇ ਆਲ ਇੰਡੀਆ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਵਿਧਾਇਕ ਗਿੱਦੜਬਾਹਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ‘ਚ ਰੱਖੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਨ੍ਹਾਂ ਚੋਣਾਂ ਪ੍ਰਤੀ ਕਾਂਗਰਸੀ ਵਰਕਰਾਂ ‘ਚ ਭਾਰੀ ਉਤਸ਼ਾਹ ਹੈ ਅਤੇ ਬੁਢਲਾਡਾ ਸ਼ਹਿਰ ਸਮੇਤ ਰਾਜ ਭਰ ਅੰਦਰ ਕਾਂਗਰਸ ਦੇ ਸਾਰੇ ਦੇ ਸਾਰੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਇਸ ਚੋਣ ਅਮਲ ਨੂੰ ਸ਼ਾਂਤੀ ਪੂਰਵਕ ਨੇਪਰੇ ਚਾੜਨ ਲਈ ਪਾਰਟੀ ਆਗੂ ਤੇ ਵਰਕਰ ਵਿਸ਼ੇਸ਼ ਧਿਆਨ ਰੱਖਣ ਅਤੇ ਜੇ ਕਿਤੇ ਵੀ ਕੋਈ ਸ਼ਰਾਰਤੀ ਅਂਸਰ ਨਜ਼ਰ ਆਉਂਦਾ ਹੈ ਤਾਂ ਉਹ ਪ੍ਰਸ਼ਾਸਨ ਨੂੰ ਇਤਲਾਹ ਕਰਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਵਿੱਚ ਸੂਈ ਤੋਂ ਲੈ ਕੇ ਜਹਾਜ਼ ਤੱਕ ਬਣਦਾ ਸੀ। ਕਾਂਗਰਸ ਦੀ ਸਰਕਾਰ ਨੇ ਜੋ ਵੀ ਬਣਾਇਆ, ਕੇਂਦਰ ਦੀ ਨਵੀਂ ਆਈ ਮੋਦੀ ਸਰਕਾਰ ਨੇ ਸਭ ਤਹਿਸ-ਨਹਿਸ ਕਰ ਦਿੱਤਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਪਾਰਟੀ ਦੀ ਸਰਕਾਰ ਹੈ, ਤੁਸੀ ਕਾਂਗਰਸ ਪਾਰਟੀ ਦੇ ਐਮ.ਸੀ. ਨੂੰ ਜਿੱਤਾ ਕੇ ਬੁਢਲਾਡਾ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਉਂਣ ਵਿੱਚ ਯੋਗਦਾਨ ਪਾਓ। ਉਨ੍ਹਾਂ ਕਿਹਾ ਕਿ ਆਉਂਣ ਵਾਲੀਆਂ 2022 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਵੱਡੀ ਪੱਧਰ ਤੇ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਕਿਹਾ ਕਿ ਮੈਂ ਵੀ ਆਊਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਬਠਿੰਡਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਨੂੰ ਟੱਕਰ ਦੇ ਕੇ ਤੁਹਾਡੇ ਸਹਿਯੋਗ ਨਾਲ ਜ਼ਰੂਰ ਹਰਾਵਾਗਾ। ਉਨ੍ਹਾਂ ਸਮੂਹ ਲੋਕਾਂ ਨੂੰ ਨਿਮਰਤਾ ਤੇ ਪਿਆਰ ਨਾਲ ਕਾਂਗਰਸ ਨੂੰ ਵੋਟ ਦੇਣ ਦੀ ਅਪੀਲ ਕਰਨ। ਉਨ੍ਹਾਂ ਕਿਹਾ ਕਿ ਇਸ ਮੌਕੇ ਹਲਕਾ ਇੰਚਾਰਜ਼ ਰਣਜੀਤ ਕੌਰ ਭੱਟੀ, ਮਾਰਕਿਟ ਕਮੇਟੀ ਚੇਅਰਮੈਨ ਖੇਮ ਸਿੰਘ ਜਟਾਣਾ, ਕੰਪੇਨ ਕਮੇਟੀ ਇੰਚਾਰਜ਼ ਰਾਜ ਕੁਮਾਰ ਬੱਛੋਆਣਾ, ਹਰਬੰਸ ਸਿੰਘ ਖਿੱਪਲ, ਸੱਤਪਾਲ ਸਿੰਘ ਮੂਲੇਵਾਲਾ, ਰਾਜ ਕੁਮਾਰ ਰਾਜੂ ਬਾਬਾ, ਹਰਵਿੰਦਰ ਸਿੰਘ ਸਵੀਟੀ, ਗੁਰਪ੍ਰੀਤ ਕੌਰ ਚਹਿਲ, ਤਰਜੀਤ ਸਿੰਘ ਚਹਿਲ, ਤੀਰਥ ਸਿੰਘ ਸਵੀਟੀ, ਲਲਿਤ ਕੁਮਾਰ, ਪ੍ਰਿੰਸ਼ੀਪਲ ਬਿਹਾਰੀ ਸਿੰਘ, ਸੂਰਜ ਭਾਨ, ਵਿਜੈ ਕੁਮਾਰ ਕੁਲੈਹਰੀ ਆਦਿ ਹਾਜ਼ਰ ਸਨ।