ਬੁਢਲਾਡਾ ਦੇ ਲੋਕਾਂ ਲਈ ਖੁਸ਼ੀ ਦੀ ਖਬਰ 90 ਲੱਖ ਦੀ ਲਾਗਤ ਨਾਲ ‘ਸੇਫ਼ ਬੁਢਲਾਡਾ ਪ੍ਰੋਜੈਕਟ’ ਤਹਿਤ ਨਿਖਰੇਗੀ ਸ਼ਹਿਰ

0
266

ਬੁਢਲਾਡਾ/ਮਾਨਸਾ, 18 ਨਵੰਬਰ  (ਸਾਰਾ ਯਹਾ / ਅਮਨ ਮਹਿਤਾ): ਕੁਝ ਮਹੀਨੇ ਪਹਿਲਾਂ ਬੁਢਲਾਡਾ ਸਬ ਡਵੀਜ਼ਨ ਦੀ ਨੁਹਾਰ ਨੂੰ ਸੰਵਾਰਨ ਦਾ ਟੀਚਾ ਮਿੱਥਣ ਵਾਲੇ ਆਈ.ਏ.ਐਸ ਅਧਿਕਾਰੀ ਸ਼੍ਰੀ ਸਾਗਰ ਸੇਤੀਆ ਨੇ ਹੁਣ ਸ਼ਹਿਰੀ ਵਸੋਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਸ਼ੇਸ਼ ਪ੍ਰੋਜੈਕਟ ਉਲੀਕਿਆ ਹੈ ਜਿਸ ਨੂੰ ਨਿਰਧਾਰਿਤ ਟੀਚੇ ਤੱਕ ਪਹੁੰਚਾਉਣ ਲਈ ਪੜਾਅਵਾਰ ਸ਼ੁਰੂਆਤ ਵੀ ਕੀਤੀ ਜਾ ਚੁੱਕੀ ਹੈ। ‘ਸੇਫ਼ ਬੁਢਲਾਡਾ ਪ੍ਰੋਜੈਕਟ’ ਦੇ ਨਾਮਕਰਨ ਹੇਠ ਉਲੀਕੇ ਗਏ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੀ ਸੇਤੀਆ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਅਤੇ ਐਸ.ਐਸ.ਪੀ ਸ਼੍ਰੀ ਸੁਰੇਂਦਰ ਲਾਂਬਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਸ ਪ੍ਰੋਜੈਕਟ ਦੀ ਰੂਪ ਰੇਖਾ ਰਸਮੀ ਤੌਰ ’ਤੇ ਤਿਆਰ ਕੀਤੀ ਜਾ ਚੁੱਕੀ ਹੈ ਅਤੇ ਬਾਕਾਇਦਾ ਇਸ ਸਬੰਧੀ ਵਿਭਾਗੀ ਪੱਧਰ ’ਤੇ ਟੈਂਡਰ ਵੀ ਜਾਰੀ ਕਰ ਦਿੱਤਾ ਗਿਆ ਹੈ।  ਸ਼੍ਰੀ ਸੇਤੀਆ ਨੇ ਦੱਸਿਆ ਕਿ ਲਗਭਗ 90 ਲੱਖ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਦੇ ਤਹਿਤ ਬੁਢਲਾਡਾ ਸ਼ਹਿਰ ਵਿੱਚ ਰਹਿੰਦੇ ਨਿਵਾਸੀਆਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸ਼ਹਿਰ ਦੇ 25 ਤੋਂ 30 ਸਥਾਨਾਂ, ਜਿਨ੍ਹਾਂ ਵਿੱਚ ਮਹੱਤਵਪੂਰਨ ਚੌਂਕ ਅਤੇ ਜਨਤਕ ਥਾਵਾਂ ਸ਼ਾਮਲ ਹੋਣਗੀਆਂ, ਵਿੱਚ 90 ਤੋਂ 100 ਸੀ.ਸੀ.ਟੀ.ਵੀ ਕੈਮਰੇ ਸਥਾਪਤ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇੰਟੈਗਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈ.ਸੀ.ਸੀ.ਸੀ) ਐਸ.ਐਚ.ਓ ਸਿਟੀ ਬੁਢਲਾਡਾ ਦੇ ਦਫ਼ਤਰ ਵਿਖੇ ਸਥਾਪਤ ਕੀਤਾ ਜਾਵੇਗਾ ਜਿਥੇ ਕਿ ਸ਼ਹਿਰ ਦੀ ਸਮੁੱਚੀ ਸੁਰੱਖਿਆ ਪ੍ਰਣਾਲੀ ’ਤੇ ਤਿੱਖੀ ਨਜ਼ਰ ਰੱਖੀ ਜਾਵੇਗੀ ਅਤੇ ਸਮੂਹ ਸੀ.ਸੀ.ਟੀ.ਵੀ ਕੈਮਰਿਆਂ ਦੀ ਰਿਕਾਰਡਿੰਗ ਤੇ ਮੋਨੀਟਰਿੰਗ ਵੀ ਇਥੋਂ ਹੀ ਹੋਵੇਗੀ।  ਉਪ ਮੰਡਲ ਮੈਜਿਸਟਰੇਟ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਸ਼ਹਿਰੀ ਵਸੋਂ ਨੂੰ ਵਾਧੂ ਦੇ ਭੀੜ ਭੜੱਕੇ ਤੋਂ ਬਚਾਉਣ ਲਈ ਆਵਾਜਾਈ ਵਿਵਸਥਾ ਨੂੰ ਸੁਚਾਰੂ ਬਣਾਉਣ ਹਿੱਤ ਵਿਸ਼ੇਸ਼ ਸਹਿਯੋਗ ਦਿੱਤਾ ਜਾਵੇਗਾ। ਸ਼੍ਰੀ ਸੇਤੀਆ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਸੰਕਟ ਦੀ ਕਿਸੇ ਵੀ ਘੜੀ ਵਿੱਚ ਫੌਰੀ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਸਹਾਇਤਾ ਕਰਨ ਦੀ ਵਿਵਸਥਾ ਵੀ ਇਸ ਪ੍ਰੋਜੈਕਟ ਦਾ ਹਿੱਸਾ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਨਗਰ ਕੌਂਸਲ ਦੇ ਦਾਇਰੇ ਅਧੀਨ ਆਉਂਦੇ ਵੱਖ ਵੱਖ ਕਾਰਜਾਂ ਨੂੰ ਨਿਯਮਤ ਤੌਰ ’ਤੇ ਲਾਗੂ ਕਰਨ ਲਈ ਚੌਕਸੀ ਵਧਾਉਣ ਅਤੇ ਸ਼ਹਿਰ ਵਾਸੀਆਂ ਨੂੰ ਕੂੜੇ ਕਰਕਟ ਦੀ ਸਮੱਸਿਆ ਤੋਂ ਰਾਹਤ ਦਿਵਾਉਣ ਦੇ ਨਾਲ ਨਾਲ ਉਸਾਰੀ ਕਾਰਜਾਂ ਦੌਰਾਨ ਵਰਤੀ ਜਾਣ ਵਾਲੀ ਸਮੱਗਰੀ ਦੀ ਰਹਿੰਦ ਖੂੰਹਦ ਦਾ ਯੋਗ ਪ੍ਰਬੰਧਨ, ਨਜਾਇਜ਼ ਕਬਜ਼ਿਆਂ ਤੋਂ ਮੁਕਤੀ ਨੂੰ ਪ੍ਰੋਜੈਕਟ ਦੇ ਦਾਇਰੇ ਅਧੀਨ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਹੜੀ ਵੀ ਕੰਪਨੀ ਇਸ ਟੈਂਡਰ ਲਈ ਯੋਗ ਪਾਈ ਜਾਵੇਗੀ ਉਹ 4 ਸਾਲ 3 ਮਹੀਨਿਆਂ ਤੱਕ ਦੀ ਮਿਆਦ ਤੱਕ ਇਸ ਪ੍ਰੋਜੈਕਟ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਪਾਬੰਦ ਹੋਵੇਗੀ। ਕੀ ਹੈ ‘ਸੇਫ਼ ਬੁਢਲਾਡਾ ਪ੍ਰੋਜੈਕਟ’: ਐਸ.ਡੀ.ਐਮ ਸ਼੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਮਿਆਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸ਼ਹਿਰ ਦੇ 25 ਤੋਂ 30 ਮਹੱਤਵਪੂਰਨ ਸਥਾਨਾਂ ’ਤੇ 100 ਦੇ ਕਰੀਬ ਸੀ.ਸੀ.ਟੀ.ਵੀ ਕੈਮਰੇ ਲਗਾਉਣ ਤੇ ਨਿਰੰਤਰ ਹਰੇਕ ਗਤੀਵਿਧੀ ਵਾਚਣ, ਵਾਹਨਾਂ ਦੀ ਸੁਖਾਵੀਂ ਆਵਾਜਾਈ, ਕੂੜੇ ਕਰਕਟ ਦਾ ਯੋਗ ਪ੍ਰਬੰਧਨ, ਨਜਾਇਜ਼ ਕਬਜ਼ਿਆਂ ਤੋਂ ਮੁਕਤੀ ਆਦਿ ਜਿਹੀਆਂ ਸਮੱਸਿਆ ਨੂੰ ਮੁਕੰਮਲ ਤੌਰ ’ਤੇ ਠੱਲ੍ਹ ਪਾਉਣ ਵਿੱਚ ਸਹਿਯੋਗ ਦੇਣ ਲਈ ਇਹ ਪ੍ਰੋਜੈਕਟ ਉਲੀਕਿਆ ਗਿਆ ਹੈ ਤਾਂ ਜੋ ਇਥੋਂ ਦੇ ਵਸਨੀਕ ਸਾਫ਼ ਸੁਥਰੀਆਂ ਸੁਵਿਧਾਵਾਂ ਦਾ ਲਾਭ ਹਾਸਲ ਕਰ ਸਕਣ।  

NO COMMENTS