ਲੁਧਿਆਣਾ 27 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਬਠਿੰਡਾ ‘ਚ ਬੀਤੇ ਦਿਨੀਂ ਬੀਜੇਪੀ ਦੇ ਸਮਾਗਮ ਦੌਰਾਨ ਹੰਗਾਮਾ ਅਤੇ ਹੱਥੋਂ ਪਾਈ ਹੋਣ ਕਾਰਨ ਸਮਾਗਮ ਨੂੰ ਰੱਦ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਬੀਜੇਪੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਪੁਲਿਸ ‘ਤੇ ਵੱਡੇ ਇਲਜ਼ਾਮ ਲਗਾਏ ਹਨ। ਅੱਜ ਲੁਧਿਆਣਾ ਵਿੱਚ ਪੱਤਰਕਾਰਾਂ ਦੇ ਮੁਖਾਤਿਬ ਹੁੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਬੀਜੇਪੀ ਨਾਲ ਗਲਤ ਵਿਹਾਰ ਕਰ ਰਹੀ ਹੈ। ਉਨ੍ਹਾਂ ਨੂੰ ਪਾਰਟੀ ਦੇ ਸਮਾਗਮ ਰੱਦ ਕਰਵਾਉਣ ਦਾ ਕੋਈ ਅਧਿਕਾਰ ਨਹੀਂ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਸ ਸਬੰਧੀ ਉਹ ਪੰਜਾਬ ਦੇ ਡੀਜੀਪੀ ਨੂੰ ਮਿਲਣਗੇ ਅਤੇ ਇਸ ਸਬੰਧੀ ਸਖ਼ਤ ਨੋਟਿਸ ਲਿਆ ਜਾਵੇਗਾ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਉਹ ਕਿਸਾਨ ਨਹੀਂ, ਸਗੋਂ ਸਿਆਸੀ ਪਾਰਟੀ ਨਾਲ ਸਬੰਧਤ ਸੀ। ਪੰਜਾਬ ਦਾ ਮਾਹੌਲ ਕਿਸੇ ਵੀ ਤਰ੍ਹਾਂ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧੀ ਬਠਿੰਡਾ ‘ਚ ਪਾਰਟੀ ਵੱਲੋਂ ਖੁਦ ਮਾਮਲਾ ਦਰਜ ਕਰਵਾਇਆ ਗਿਆ ਹੈ, ਪਰ ਪੁਲਿਸ ਨੇ ਫਿਲਹਾਲ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੁਲਿਸ ਦਾ ਕਰਤੱਵ ਹੈ ਕਿ ਉਹ ਬੀਜੇਪੀ ਦੇ ਸਮਾਗਮਾਂ ਦੀ ਸੁਰੱਖਿਆ ਕਰ ਕੇ ਖੁਦ ਪਾਰਟੀਆਂ ਦੀ ਆਗੂਆਂ ਵਾਂਗ ਕੰਮ ਕਰੇ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਨੂੰ ਸਮਾਗਮ ਕਰਨ ਦਾ ਪੂਰਾ ਹੱਕ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਚਾਹੁੰਦੀ ਹੈ ਕਿ ਕਿਸਾਨਾਂ ਦੀਆਂ ਜੋ ਵੀ ਮੰਗਾਂ ਹਨ ਉਹ ਪੂਰੀਆਂ ਹੋਣ ਅਤੇ ਕਨੂੰਨ ਵਿੱਚ ਉਸ ਨੂੰ ਥਾਂ ਦਿੱਤੀ ਜਾਵੇ। ਇਸ ਲਈ ਕਈ ਵਾਰ ਕਿਸਾਨਾਂ ਨੂੰ ਪ੍ਰਪੋਜ਼ਲ ਭੇਜਿਆ ਜਾ ਚੁੱਕਾ ਹੈ। ਕਿਸਾਨ ਜੋ ਸੋਧ ਚਾਹੁੰਦੇ ਹਨ ਸਰਕਾਰ ਉਹ ਪੂਰੀ ਕਰਨ ਨੂੰ ਤਿਆਰ ਹੈ ਅਤੇ ਸਰਕਾਰ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਵੀ ਦੇ ਚੁਕੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਹੱਕ ਵਿੱਚ ਹੈ ਇਸੇ ਕਰਕੇ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਨਾਲ ਗੱਲਬਾਤ ਵੀ ਕਰ ਰਹੇ ਹਨ। ਉਧਰ ਹਰਿਆਣਾ ਦੇ ਭਾਜਪਾ ਆਗੂਆਂ ਵੱਲੋਂ ਐਸਵਾਈਐਲ ਦਾ ਮੁੱਦਾ ਚੁੱਕੇ ਜਾਣ ‘ਤੇ ਕਿਹਾ ਕਿ ਪੰਜਾਬ ਦੇ ਕੋਲ ਇਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ।