*ਬੀਜੇਪੀ ਨੇ ਖੋਲ੍ਹੇ ਅਕਾਲੀ ਦਲ ਲਈ ਆਪਣੇ ਦਰ, ਪਰ ਹੁਣ ਵੱਡਾ ਨਹੀਂ ‘ਛੋਟਾ ਭਰਾ’ ਬਣਨਾ ਪਏਗਾ…*

0
110

ਨਵੀਂ ਦਿੱਲੀ 22,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਖੇਤੀ ਕਾਨੂੰਨ ਵਾਪਸ ਲੈਣ (Repeal of Farm Laws) ਤੋਂ ਬਾਅਦ ਬੀਜੇਪੀ (BJP Punjab) ਨੇ ਆਪਣੇ ਪੁਰਾਣੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ (Shiromani Akali Dal) ਲਈ ਦਰ ਖੋਲ੍ਹ ਦਿੱਤੇ ਹਨ। ਇਸ ਦੇ ਨਾਲ ਹੀ ਬੀਜੇਪੀ ਨੇ ਸ਼ਰਤ ਵੀ ਰੱਖ ਦਿੱਤੀ ਹੈ ਕਿ ਹੁਣ ਅਕਾਲੀ ਦਲ ‘ਵੱਡਾ ਭਰਾ’ ਨਹੀਂ ਸਗੋਂ ‘ਛੋਟਾ ਭਰਾ’ ਹੋਵੇਗਾ। ਬੀਜੇਪੀ ਦੇ ਜਨਰਲ ਸਕੱਤਰ ਤੇ ਪੰਜਾਬ, ਚੰਡੀਗੜ੍ਹ ਤੇ ਉੱਤਰਾਖੰਡ ਦੇ ਇੰਚਾਰਜ ਦੁਸ਼ਯੰਤ ਗੌਤਮ (Dushyant Gautam) ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਮੁੜ ‘ਛੋਟੇ ਭਰਾ’ ਵਜੋਂ ਸਵਾਗਤ ਕੀਤਾ ਜਾ ਸਕਦਾ ਹੈ।

ਉਂਝ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਪਸ਼ਟ ਕਰ ਦਿੱਤਾ ਹੈ ਕਿ ਹੁਣ ਬੀਜੇਪੀ ਨਾਲ ਜਾਣ ਦਾ ਵੇਲਾ ਲੰਘ ਚੁੱਕਾ ਹੈ। ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਨੇ ਸਪਸ਼ਟ ਸੰਕੇਤ ਦਿੱਤਾ ਹੈ ਕਿ ਬੀਜੇਪੀ ਨਾਲ ਹੁਣ ਗੱਠਜੋੜ ਨਹੀਂ ਹੋਏਗਾ ਪਰ ਭਗਵਾ ਪਾਰਟੀ ਅਜੇ ਵੀ ਉਮੀਦ ਲਾਈ ਬੈਠੀ ਹੈ। ਦੁਸ਼ਯੰਤ ਗੌਤਮ ਨੇ ਕਿਹਾ ਹੈ ਕਿ ਜੇਕਰ ਅਕਾਲੀ ਦਲ ਤਜ਼ਵੀਜ ਪੇਸ਼ ਕਰਦਾ ਹੈ ਤਾਂ ਭਾਜਪਾ ਦਾ ਸੰਸਦੀ ਬੋਰਡ ਸੱਦਾ ਪ੍ਰਵਾਨ ਕਰੇਗਾ। ਅਸੀਂ ਕਦੇ ਵੀ ਆਪਣੇ ਦਰਵਾਜ਼ੇ ਬੰਦ ਨਹੀਂ ਕੀਤੇ। ਪਹਿਲਾਂ ਉਹ ਸੂਬੇ ਵਿੱਚ ‘ਵੱਡੇ ਭਰਾ’ ਦੇ ਹੈਸੀਅਤ ਵਿੱਚ ਸਨ। ਉਹ ਹੁਣ ਇਸ ਸਮੇਂ ‘ਛੋਟੇ ਭਰਾ’ ਵਾਂਗ ਵਾਪਸ ਆ ਸਕਦੇ ਹਨ।’’

ਇਹ ਪੁੱਛੇ ਜਾਣ ’ਤੇ ਕਿ ਕੀ ਅਕਾਲੀ ਦਲ ਪੰਜਾਬ ਵਿੱਚ ਐੱਨਡੀਏ ਦੇ ਬੈਨਰ ਹੇਠ ‘ਛੋਟੇ ਭਰਾ’ ਵਜੋਂ ਚੋਣਾਂ ਲੜਨ ਲਈ ਸਹਿਮਤ ਹੋਵੇਗਾ, ਉਨ੍ਹਾਂ ਕਿਹਾ ਕਿ ਪਹਿਲਾਂ ਭਾਜਪਾ ਸੂਬੇ ਵਿੱਚ ਸਿਰਫ 23 ਸੀਟਾਂ ’ਤੇ ਚੋਣ ਲੜਦੀ ਸੀ, ਪਰ ਇਸ ਵਾਰ ਪਾਰਟੀ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜੇਗੀ। ਉਨ੍ਹਾਂ ਕਿਹਾ, ‘ਅਸੀਂ ਇਹ ਪਹਿਲਾਂ ਹੀ ਸਾਫ਼ ਕਰ ਚੁੱਕੇ ਹਾਂ ਕਿ ਭਾਜਪਾ ਸਾਰੀਆਂ ਸੀਟਾਂ ’ਤੇ ਪੂਰੀ ਸਮਰੱਥਾ ਨਾਲ ਲੜੇਗੀ ਤੇ ਇਸ ਲਈ ਰਣਨੀਤੀਆਂ ਬਣਾਈਆਂ ਜਾ ਰਹੀਆਂ ਹਨ।

ਦੁਸ਼ਯੰਤ ਗੌਤਮ ਨੇ ਕਿਹਾ ਹੈ ਕਿ ਸਾਡਾ ਸਟੈਂਡ ਸ਼ੁਰੂ ਤੋਂ ਹੀ ਬਹੁਤ ਸਪੱਸ਼ਟ ਹੈ। ਕੋਈ ਵੀ ਰਾਸ਼ਟਰਵਾਦੀ ਪਾਰਟੀ ਭਾਜਪਾ ਨਾਲ ਮਿਲ ਸਕਦੀ ਹੈ। ਉਹ ਸਾਰੇ ਲੋਕ ਜਿਨ੍ਹਾਂ ਦੇ ਬਿਆਨ ਦੇਸ਼ ਵਿੱਚ ਧਾਰਮਿਕ ਵਿਸ਼ਵਾਸਾਂ ਤੇ ਸ਼ਾਂਤੀ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ, ਭਗਵੀਂ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ। ਅਸੀਂ ਉਨ੍ਹਾਂ ਦਾ ਸਵਾਗਤ ਕਰਾਂਗੇ ਤੇ ਉਨ੍ਹਾਂ ਲਈ ਸਾਰੇ ਬਦਲ ਖੁੱਲ੍ਹੇ ਹਨ।

NO COMMENTS