ਬੀਕੇਯੂ (ਉਗਰਾਹਾਂ) ਵੱਲੋਂ ਰੈਲੀਆਂ ਕਰਕੇ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ

0
7

ਸਰਦੂਲਗੜ੍ਹ 22 ਦਸੰਬਰ (ਸਾਰਾ ਯਹਾ/ਬਲਜੀਤ ਪਾਲ): ਸੰਯੁਕਤ ਕਿਸਾਨ ਮੋਰਚੇ ਵੱਲੋਂ ਖੇਤੀ ਵਿਰੋਧੀ ਕਾਨੂੰਨ ਰੱਦ ਕਰਾਉਣ ਲਈ ਜਾਰੀ ਕਿਸਾਨੀ ਸੰਘਰਸ ਦੌਰਾਨ ਸਦੀਵੀ ਵਿਛੋੜਾ ਦੇ ਗਏ ਸ਼ਹੀਦ ਕਿਸਾਨਾਂ ਨੂੰ ਪਿੰਡ-ਪਿੰਡ ਸ਼ਰਧਾਂਜਲੀ ਦਿਵਸ ਵਜੋਂ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ। ਇਸ ਸੱਦੇ ਦੇ  ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋ ਵੱਖ-ਵੱਖ ਪਿੰਡਾਂ ਵਿੱਚ ਰੈਲੀਆਂ ਆਦਿ ਕਰਕੇ ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਹਲਕਾ ਸਰਦੂਲਗੜ੍ਹ ਦੇ ਪਿੰਡਾਂ ਰਾਮਾਂ ਨੰਦੀ, ਭੰਮੇ ਕਲਾਂ, ਭੰਮੇ ਖੁਰਦ, ਕੋਰਵਾਲਾ, ਖਿਆਲੀ ਚਹਿਲਾਵਾਲੀ, ਝੇਰਿਆਂਵਾਲੀ ਆਦਿ ਪਿੰਡਾਂ ਵਿੱਚ ਰੈਲੀਆਂ ਕੀਤੀਆਂ ਗਈਆਂ। ਇਹਨਾਂ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਬਲਾਕ ਪ੍ਰਧਾਨ ਮਲਕੀਤ ਸਿੰਘ ਕੋਟ ਧਰਮੂ, ਮਹਿਲਾ ਕਿਸਾਨ ਆਗੂ ਰਾਣੀ ਕੌਰ ਭੰਮੇ, ਲੀਲਾ ਸਿੰਘ ਭੰਮੇ ਆਦਿ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਦੋ ਦੀ ਦੇਸ਼ ਸੱਤਾ ਸੰਭਾਲੀ ਗਈ ਹੈ ਉਦੋਂ ਤੋਂ ਹੀ ਲਗਾਤਾਰ ਲੋਕ ਵਿਰੋਧੀ ਫੈਸਲੇ ਲਏ ਜਾ ਰਹੇ ਹਨ। ਜਿਸ ਨਾਲ ਦੇਸ਼ ਦੇ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਤੇ ਛੋਟੇ ਕਾਰੋਬਾਰੀਆਂ ਦੇ ਹਿੱਤਾਂ ਨੂੰ ਭਾਰੀ ਸੱਟ ਵੱਜੀ ਹੈ। ਪਬਲਿਕ ਸੈਕਟਰ ਦੇ ਸਾਰੇ ਮੁਨਾਫੇ ਵਾਲੇ ਅਦਾਰੇ ਜਿਵੇਂ ਕਿ ਰੇਲਵੇ, ਬੀਮਾਂ, ਬੈਂਕ, ਹਵਾਈ ਖੇਤਰ ਸਭ ਕੁੱਝ ਪੂੰਜੀਪਤੀਆਂ ਨੂੰ ਲੁਟਾਇਆ ਜਾ ਰਿਹਾ ਹੈ। ਭਾਰਤ ਦੇ ਸਮੁੱਚੇ ਵਰਗ ਨੂੰ ਕੰਗਾਲੀ ਵੱਲ ਧੱਕਿਆ ਜਾ ਰਿਹਾ ਹੈ। ਹੁਣ ਖੇਤੀ ਸੈਕਟਰ ਨੂੰ ਵੀ ਕਾਰਪੋਰੇਟ ਦੇ ਹੱਥਾਂ ਵਿੱਚ ਦੇਣ ਲਈ ਨਵੇਂ ਕਿਸਾਨ ਵਿਰੋਧੀ ਕਾਨੂੰਨ ਬਣਾ ਕੇ ਪੱਬਾਂ ਭਾਰ ਹੋਈ ਬੈਠੀ ਹੈ। ਜਿਸ ਨਾਲ ਦੇਸ਼ ਦੇ ਲੋਕਾਂ ਤੋਂ ਖਾਣ ਵਾਲੇ ਅਨਾਜ ਉੱਪਰ ਵੀ   ਅੰਬਾਨੀਆਂ, ਅਡਾਨੀਆਂ ਦਾ ਕਬਜ਼ਾ ਹੋ ਜਾਏਗਾ। ਦੇਸ਼ ਦੇ ਅੰਦਰ ਜਿੱਥੇ ਦੇਸ਼  ਦੀ ਤਬਾਹੀ ਹੋਏਗੀ। ਉੱਥੇ ਆਮ ਲੋਕ ਮਹਿੰਗੇ ਅਨਾਜ ਪਦਾਰਥ ਨਹੀਂ ਖਰੀਦ ਸਕਣਗੇ ਅਤੇ ਵੱਡੇ ਪੱਧਰ ਤੇ ਭੁੱਖ ਨਾਲ ਮੌਤ ਦੇ ਮੂੰਹ ਵਿਚ ਜਾ ਪੈਣਗੇ। ਬੁਲਾਰਿਆਂ ਨੇ ਕਿਹਾ ਕਿ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਮੋਰਚੇ  ਦੀ ਲੜਾਈ  ਹੁਣ ਇਕੱਲੇ ਕਿਸਾਨ ਦੀ ਨਹੀਂ ਰਹੀ ਸਗੋਂ ਦੇਸ਼ ਦੇ ਕਿਰਤੀ ਵਰਗ ਦੀ ਲੜਾਈ ਬਣ ਚੁੱਕੀ ਹੈ। ਇਸ ਲਈ ਸ਼ਹੀਦ ਹੋਏ ਕਿਸਾਨ ਸਾਥੀਆਂ ਨੂੰ ਇਹੋ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਅਸੀਂ ਇਸ ਮੋਰਚੇ ਨੂੰ ਜਿੱਤ ਤੱਕ ਲੈ ਜਾਣ ਲਈ ਕੋਈ ਵੀ ਕਸਰ ਬਾਕੀ ਨਾ ਰਹਿਣ ਦੇਈਏ। ਇਹ ਮੋਰਚਾ ਦੇਸ਼ ਦੇ ਲੋਕਾਂ ਲਈ ਇੱਕ ਨਵਾਂ  ਰਾਹ ਖੋਲ੍ਹੇਗਾ। 

NO COMMENTS