*ਬੀਐਸਐਫ ਨੇ ਫ਼ਿਰੋਜ਼ਪੁਰ ਸਰਹੱਦ ਨੇੜੇ ਪਾਕਿਸਤਾਨੀ ਡਰੋਨ ਬਰਾਮਦ, ਇਲਾਕੇ ਵਿੱਚ ਸਰਚ ਆਪਰੇਸ਼ਨ ਜਾਰੀ*

0
14

ਫ਼ਿਰੋਜ਼ਪੁਰ  18,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਸ਼ੁੱਕਰਵਾਰ ਰਾਤ ਪੰਜਾਬ ਦੇ ਫਿਰੋਜ਼ਪੁਰ ਸਰਹੱਦੀ ਖੇਤਰ ਵਿੱਚ ਇੱਕ ਡਰੋਨ ਬਰਾਮਦ ਕੀਤਾ। ਬੀਐਸਐਫ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬਰਾਮਦ ਕੀਤਾ ਗਿਆ ਡਰੋਨ ਮੇਡ ਇਨ ਚਾਈਨਾ ਹੈ ਅਤੇ ਇਹ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤੀ ਖੇਤਰ ਵਿੱਚ ਆਇਆ ਹੈ।

ਬੀਐਸਐਫ ਦੇ ਸੀਨੀਅਰ ਅਧਿਕਾਰੀ ਇਲਾਕੇ ਵਿੱਚ ਪਹੁੰਚ ਕੇ ਤਲਾਸ਼ੀ ਮੁਹਿੰਮ ਵਿੱਚ ਜਵਾਨਾਂ ਦੀ ਮਦਦ ਕਰ ਰਹੇ ਹਨ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਡਰੋਨ ‘ਚ ਕਿਸੇ ਤਰ੍ਹਾਂ ਦੇ ਹਥਿਆਰ ਦੀ ਵਰਤੋਂ ਕੀਤੀ ਗਈ ਸੀ ਜਾਂ ਨਹੀਂ।

ਬੀਐਸਐਫ ਨੇ ਇੱਕ ਬਿਆਨ ਵਿੱਚ ਕਿਹਾ, ”ਸ਼ੁੱਕਰਵਾਰ ਰਾਤ ਕਰੀਬ 11:10 ਵਜੇ ਅਮਰਕੋਟ ਦੇ ਨੇੜੇ ਬਾਰਡਰ ਆਊਟ ਪੋਸਟ ‘ਤੇ ਬੀਐਸਐਫ ਦੀ ਗਸ਼ਤੀ ਟੀਮ ਨੂੰ ਗੂੰਜਣ ਦੀ ਆਵਾਜ਼ ਸੁਣਾਈ ਦਿੱਤੀ। ਇਹ ਡਰੋਨ ਬਹੁਤ ਨੀਵਾਂ ਉੱਡ ਰਿਹਾ ਸੀ ਅਤੇ ਇਸ ਨੂੰ ਅੰਤਰਰਾਸ਼ਟਰੀ ਸਰਹੱਦ ਤੋਂ ਲਗਪਗ 300 ਮੀਟਰ ਅਤੇ ਬੀਐਸਐਫ ਤੋਂ 150 ਮੀਟਰ ਦੀ ਦੂਰੀ ‘ਤੇ ਦੇਖਿਆ ਗਿਆ। ਬੀਐਸਐਫ ਦੀਆਂ ਕਈ ਟੀਮਾਂ ਇਸ ਗੱਲ ਦਾ ਪਤਾ ਲਗਾਉਣ ਲਈ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੀਆਂ ਹਨ ਕਿ ਡਰੋਨ ਕਿਸ ਮਕਸਦ ਲਈ ਵਰਤੇ ਗਏ ਸੀ।

ਦੱਸ ਦਈਏ ਕਿ ਪਿਛਲੇ ਮਹੀਨੇ ਫਿਰੋਜ਼ਪੁਰ ਦੇ ਜੀਰਾ ਸਬ ਡਿਵੀਜ਼ਨ ਦੇ ਪਿੰਡ ਸੇਖਵਾਂ ਵਿੱਚ ਇੱਕ ਟਿਫ਼ਨ ਬਾਕਸ ਚੋਂ ਇੱਕ ਹੈਂਡ ਗ੍ਰੇਨੇਡ ਮਿਲਿਆ ਸੀ। ਪੁਲਿਸ ਨੇ ਦੱਸਿਆ ਸੀ ਕਿ ਜੰਗਲਾਤ ਵਿਭਾਗ ਦੇ ਕੁਝ ਅਧਿਕਾਰੀਆਂ ਨੂੰ ਇਹ ਟਿਫ਼ਨ ਬਾਕਸ ਮਿਲਿਆ ਸੀ। ਜਿਸ ਤੋਂ ਬਾਅਦ ਜ਼ਿਲ੍ਹਾ ਪੁਲਿਸ ਮੁਖੀ ਹਰਮਨਦੀਪ ਸਿੰਘ ਹਾਂਸ ਟੀਮ ਸਮੇਤ ਮੌਕੇ ‘ਤੇ ਪਹੁੰਚੇ ਅਤੇ ਬੰਬ ਨਿਰੋਧਕ ਦਸਤੇ ਨੂੰ ਬੁਲਾ ਕੇ ਇਸ ਨੂੰ ਨਕਾਰਾ ਕੀਤਾ ਗਿਆ।

ਪਿਛਲੇ ਕੁਝ ਮਹੀਨਿਆਂ ਦੌਰਾਨ ਅੰਮ੍ਰਿਤਸਰ ਦਿਹਾਤੀ, ਕਪੂਰਥਲਾ, ਫਾਜ਼ਿਲਕਾ ਅਤੇ ਤਰਨਤਾਰਨ ਤੋਂ ਵੀ ਟਿਫਨ ਬੰਬ ਬਰਾਮਦ ਹੋਏ ਹਨ। ਪੰਜਾਬ ਪੁਲਿਸ ਨੇ ਸੁਤੰਤਰਤਾ ਦਿਵਸ ਤੋਂ ਪਹਿਲਾਂ ਇੱਕ ਵੱਡੇ ਅੱਤਵਾਦੀ ਹਮਲੇ ਨੂੰ ਨਾਕਾਮ ਕਰ ਦਿੱਤਾ, ਜਦੋਂ ਉਸਨੂੰ ਅੰਮ੍ਰਿਤਸਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਵਿਸਫੋਟਕਾਂ ਨਾਲ ਭਰਿਆ ਇੱਕ ਟਿਫਿਨ ਮਿਲਿਆ। ਇਸ ਵਿਸਫੋਟਕ ਨੂੰ ਨਸ਼ਟ ਕਰਨ ਤੋਂ ਬਾਅਦ ਪੁਲਿਸ ਨੇ ਕਿਹਾ ਸੀ ਕਿ ਇਹ ਵਿਸਫੋਟਕ ਪਾਕਿਸਤਾਨ ਤੋਂ ਕਿਸੇ ਡਰੋਨ ਰਾਹੀਂ ਭਾਰਤ ਵਾਲੇ ਪਾਸੇ ਭੇਜਿਆ ਗਿਆ ਹੋਵੇਗਾ।

NO COMMENTS