*ਬਿਜਲੀ ਸਸਤੀ ਹੋਵੇਗੀ, ਖੇਤੀ ਕਾਨੂੰਨ ਰੱਦ ਹੋਣਗੇ, ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਮਿਲੂ! ਆਪਣੇ ਇਹ ਐਲਾਨ ਪੂਰੇ ਕਰਨ ਲਈ ਸਿੱਧੂ ਨੂੰ ਕਿਹੜੀ ਸਰਕਾਰ ਦੀ ਉਡੀਕ?*

0
61

ਅੰਮ੍ਰਿਤਸਰ 12ਅਗਸਤ (ਸਾਰਾ ਯਹਾਂ) : ਅੰਮ੍ਰਿਤਸਰ ‘ਚ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਕਈ ਵੱਡੇ ਐਲਾਨ ਕੀਤੇ। ਸਿੱਧੂ ਨੇ ਸਵਾਲ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਬਿਜਲੀ 12 ਰੁਪਏ ਕਿਉਂ ਮਿਲੇ? ਬਾਦਲਾਂ ਨੇ 17 ਰੁਪਏ ‘ ਬਿਜਲੀ ਖਰੀਦੀ ਦਿਖਾ ਕੇ 65,000 ਕਰੋੜ ਦਾ ਘੋਟਾਲਾ ਕੀਤਾ। ਸਿਆਸਤ ਨੂੰ ਧੰਦਾ ਬਣਾਇਆ। ਸਿੱਧੂ ਨੇ ਐਲਾਨ ਕੀਤਾ ਕਿ ਵਿਧਾਨ ਸਭਾ ‘ ਬਿਜਲੀ ਸਮਝੌਤੇ ਰੱਦ ਹੋਣਗੇ। ਪੰਜਾਬ ਦੇ ਲੋਕਾਂ ਨੂੰ ਤਿੰਨ ਤੋਂ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲੇਗੀ।

ਸਿੱਧੂ ਨੇ ਇਹ ਵੀ ਐਲਾਨ ਕੀਤਾ ਕਿ ਖੇਤੀ ਕਾਨੂੰਨ ਰੱਦ ਹੋਣਗੇ। ਵਿਧਾਨ ਸਭਾ ‘ਚ ਨਵਾਂ ਕਾਨੂੰਨ ਬਣਾਇਆ ਜਾਵੇਗਾ।

ਬਿਕਰਮ ਮਜੀਠੀਆ ਤੇ ਬਿਨਾਂ ਨਾਂਅ ਲਏ ਵਾਰ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਇਨ੍ਹਾਂ ਨੇ ਸਫ਼ੇਦ ਗੱਡੀਆਂ ‘ਚ ਚਿੱਟਾ ਵੇਚਿਆ ਹੈ। ਵਿਧਾਨ ਸਭਾ ‘ਚ ਡਰੱਗ ਰਿਪੋਰਟ ਨਸ਼ਰ ਕੀਤੀ ਜਾਵੇਗੀ। ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਤੇ ਚਿੱਟਾ ਵੇਚਣ ਵਾਲਿਆਂ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ।

ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ, ‘ਮੈਂ ਆਪਣੇ ਅਸੂਲਾਂ ਖਾਤਰ ਘਰ ਬਹਿ ਗਿਆ ਸੀ। ਅੱਜ ਹਾਈਕਮਾਨ ਨੇ ਪ੍ਰਧਾਨ ਬਣਾ ਕੇ ਕਿਹਾ ਉਹੋ ਜਿਹਾ ਪੰਜਾਬ ਬਣਾ ਦਿਉ ਜਿਹੋ ਜਿਹਾ ਪੰਜਾਬ ਦੀ ਜਨਤਾ ਚਾਹੁੰਦੀ ਹੈ।’

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਆਪਣੇ ਵਿਧਾਨ ਸਭਾ ਹਲਕੇ ‘ਚ ਪਹੁੰਚੇ ਸਨ ਜਿੱਥੇ ਉਨ੍ਹਾਂ ਕਈ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਉੱਥੇ ਹੀ ਆਪਣੇ ਹਲਕੇ ਦੇ ਗਰੀਬ ਲੋਕਾਂ ਨੂੰ ਘਰਾਂ ਦੀਆਂ ਛੱਤਾਂ ਬਣਾਉਣ ਲਈ ਗ੍ਰਾਂਟ ਲਈ ਫਾਰਮ ਦਿੱਤੇ ਗਏ।

ਸਿੱਧੂ ਨੇ ਕਿਹਾ, ‘ਅੰਮ੍ਰਿਤਸਰ ਦੋ ਕਮੀਜ਼ਾਂ ਦੇ ਨਾਲ ਆਇਆ ਸੀ। ਸਿਆਸਤ ‘ਚ ਚੋਣਾਂ ਲੜਨ ਤੋਂ ਪਹਿਲਾਂ ਡਰਦਾ ਸੀ। ਅੰਮ੍ਰਿਤਸਰ ਦੇ ਲੋਕਾਂ ਨੇ ਸਿੱਧੂ ਪਰਿਵਾਰ ਨੂੰ 6 ਚੋਣਾਂ ‘ਚ ਜਿੱਤ ਦਿਵਾਈ ਹੈ। ਜਦੋਂ ਤਕ ਮੇਰੇ ਸਾਹ ਹਨ ਅੰਮ੍ਰਿਤਸਰ ਹੀ ਮੇਰੀ ਕਰਮ ਭੂਮੀ ਰਹੇਗੀ। ਪ੍ਰਕਾਸ਼ ਸਿੰਘ ਬਾਦਲ ਨੇ ਕੁਰੂਕਸ਼ੇਤਰ ਤੋਂ ਚੋਣ ਲੜਨ ਲਈ ਕਿਹਾ, ਜੇਟਲੀ ਨੇ ਮੰਤਰੀ ਅਹੁਦੇ ਦਾ ਆਫਰ ਕੀਤਾ ਸੀ।’

ਉਨ੍ਹਾਂ ਕਿਹਾ, ‘ਸਿੱਧੂ ਪਰਿਵਾਰ ਦਾ ਰੋਮ-ਰੋਮ ਅੰਮ੍ਰਿਤਸਰ ਦਾ ਆਭਾਰੀ ਹੈ। ਅੰਮ੍ਰਿਤਸਰ ‘ਚ ਮੇਰੇ ‘ਤੇ ਕੋਈ ਇਹ ਇਲਜ਼ਾਮ ਨਹੀਂ ਲਾ ਸਕਦਾ ਕਿ ਕਿਸੇ ‘ਤੇ ਕੋਈ ਨਜਾਇਜ਼ ਕੇਸ ਦਰਜ ਕਰਵਾਇਆ ਹੋਵੇ। ਲੋਕ ਕਰੋੜਾਂ ‘ਚ ਇਕ ਚੋਣ ਲੜਦੇ ਹਨ। ਮੈਂ 47 ਲੱਖ ‘ਚ 5 ਚੋਣਾਂ ਲੜੀਆਂ ਹਨ।’

ਨਵਜੋਤ ਸਿੰਘ ਸਿੱਧੂ ਨੇ ਕਿਹਾ ਆਪਣੇ ਵਿਧਾਨ ਸਭਾ ਹਲਕੇ ‘ਚ ਮੇਰੇ ਤੋਂ ਪਹਿਲਾਂ 60 ਸਾਲ ਦਾ ਰਿਕਾਰਡ ਦੇਖ ਲਓ ਹੁਣ 10 ਸਾਲ ‘ਚ ਪਹਿਲਾਂ ਤੋਂ 10 ਗੁਣਾਂ ਵਿਕਾਸ ਕਰਵਾਇਆ ਹੈ। ਅੱਜ 42 ਕਰੋੜ ਦੇ ਵਿਕਾਸ ਕਾਰਜ ਸ਼ੁਰੂ ਕੀਤੇ ਹਨ। 360 ਗਰੀਬ ਪਰਿਵਾਰਾਂ ਨੂੰ ਇਕ ਲੱਖ, 70 ਹਜ਼ਾਰ ਪ੍ਰਤੀ ਪਰਿਵਾਰ ਦਿੱਤੇ ਜਾਣਗੇ ਕਿ ਉਹ ਆਪਣਾ ਘਰ ਬਣਾ ਸਕਣ ਜਾਂ ਪੱਕਾ ਕਰਵਾ ਸਕਣ।

NO COMMENTS