ਤਿੰਨ ਖੇਤੀ ਕਨੂੰਨਾਂ ਦੇ ਵਿਰੁੱਧ ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਦਿੱਲੀ ਪਹੁੰਚ ਕੇ ਜਨ ਅੰਦੋਲਨ ਕੀ ਮਹਾਂ ਅੰਦੋਲਨ ਦਾ ਰੂਪ ਲੈ ਚੁੱਕਾ ਹੈ। ਅਜ਼ਾਦੀ ਪਿਛੋਂ ਸ਼ਾਇਦ ਹੀ ਕੋਈ ਅਜਿਹਾ ਸੰਘਰਸ਼ ਹੋਇਆ ਹੋਵੇ ਜਿਸ ਨੂੰ ਹਰ ਵਰਗ ਦੀ ਹਮਾਇਤ ਪ੍ਰਾਪਤ ਹੋਈ ਹੋਵੇ। ਹੋਵੇ ਵੀ ਕਿਉਂ ਨਾ ਇਨ੍ਹਾਂ ਕਾਨੂੰਨਾਂ ਨਾਲ ਆਉਣ ਵਾਲੇ ਸਮੇਂ ਵਿੱਚ ਹਰ ਵਰਗ ਪ੍ਰਭਾਵਿਤ ਹੋਵੇਗਾ। ਇੱਕ ਗੱਲ ਦੀ ਬੜੀ ਖੁਸ਼ੀ ਹੈ ਕਿ ਇਸ ਵਾਰ ਦਾ ਕਿਸਾਨ ਸੰਘਰਸ਼ ਬੜੀ ਵਧੀਆ ਰਣਨੀਤੀ ਨਾਲ ਚੱਲ ਰਿਹਾ ਹੈ। ਕਿਸਾਨਾਂ ਵੱਲੋਂ ਸ਼ਾਂਤਮਈ ਤਰੀਕੇ ਨਾਲ ਅਤੇ ਹਰ ਕਦਮ ਬੜਾ ਸੋਚ ਸਮਝ ਕੇ ਪੁਟਿਆ ਜਾ ਰਿਹਾ ਹੈ। ਸੰਘਰਸ਼ ਵਿੱਚ ਸਿਆਸੀ ਪਾਰਟੀਆਂ ਨੂੰ ਨਾ ਅੱਗੇ ਹੋਣ ਦੇਣ ਦਾ ਫੈਸਲਾ ਵੀ ਸ਼ਲਾਘਾਯੋਗ ਹੈ। ਸਰਕਾਰ ਨੇ ਪਹਿਲਾਂ ਕਿਸਾਨਾਂ ਦਾ ਰਾਹ ਰੋਕਣ ਅਤੇ ਬਾਅਦ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਚਾਲਾਂ ਚੱਲ ਕੇ ਸੰਘਰਸ਼ ਨੂੰ ਤਾਰਪੀਡੋ ਕਰਨ ਦੇ ਬਹੁਤ ਸਾਰੇ ਯਤਨ ਕੀਤੇ। ਗੋਦੀ ਮੀਡੀਆ ਦੀ ਮਦਦ ਨਾਲ ਕੇਂਦਰ ਸਰਕਾਰ ਨੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਕਦੇ ਖਾਲਿਸਤਾਨੀ ਕਦੇ ਵਿਰੋਧੀ ਸਿਆਸੀ ਪਾਰਟੀਆਂ ਦਾ ਇਕੱਠ ਦੱਸ ਕੇ ਬਦਨਾਮ ਕਰਨ ਦੀ ਕੋਸ਼ਿਸ਼ ਵੀ ਕੀਤੀ। ਪਰ ਕਿਸਾਨਾਂ ਦੇ ਜਜ਼ਬੇ ਅੱਗੇ ਸਭ ਯਤਨ ਫੇਲ ਸਾਬਤ ਹੋਏ। ਪਿਛਲੇ ਦਿਨੀਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਆਪਣੇ ਬਿਆਨ ਵਿੱਚ ਕਿਸਾਨਾਂ ਦੇ ਸੰਘਰਸ਼ ਨੂੰ ਤਾਰਪੀਡੋ ਹੋਣ ਤੋਂ ਬਚਾਉਣ ਲਈ ਕੇਸਰੀ ਝੰਡੇ ਆਦਿ ਨਾ ਲਗਾਉਣ ਅਤੇ ਨਹਿੰਗ ਸਿੰਘਾਂ ਨੂੰ ਸੰਜਮ ਰੱਖਣ ਬਾਰੇ ਕਿਹਾ ਕਿਉਂਕਿ ਕੁਝ ਨਿਊਜ਼ ਚੈਨਲ ਇਸ ਬਹਾਨੇ ਸੰਘਰਸ਼ ਨੂੰ ਹੋਰ ਰੰਗ ਦੇਣ ਦੀ ਕੋਝੀ ਕੋਸ਼ਿਸ਼ ਕਰ ਰਹੇ ਸਨ। ਪਰ ਇਸ ਬਿਆਨ ਉੱਤੇ ਬਹੁਤ ਸਾਰੀਆਂ ਟਿਪਣੀਆਂ ਸੋਸ਼ਲ ਮੀਡੀਆ ਤੇ ਹੋ ਰਹੀਆਂ ਹਨ। ਇਸ ਨਾਲ ਵੀ ਗੋਦੀ ਮੀਡੀਆ ਦੀ ਮਨਸ਼ਾ ਪੂਰੀ ਹੋ ਰਹੀ ਹੈ ਅਤੇ ਉਹ ਇਸ ਗੱਲ ਨੂੰ ਖੂਬ ਤੁਲ ਦੇ ਰਿਹਾ ਹੈ। ਹੁਣ ਖੁਦ ਰਾਜੇਵਾਲ ਵੀ ਇਸ ਗੱਲ ਤੇ ਦੁਬਾਰਾ ਸਪੱਸ਼ਟੀ ਕਰਨ ਦੇ ਚੁੱਕੇ ਹਨ। ਇਸ ਲਈ ਸਾਨੂੰ ਇਨ੍ਹਾਂ ਗੱਲਾਂ ਵਿੱਚ ਉਲਝ ਕੇ ਸੰਘਰਸ਼ ਨੂੰ ਕਮਜ਼ੋਰ ਨਹੀਂ ਹੋਣ ਦੇਣਾ ਚਾਹੀਦਾ। ਇਸ ਤਰ੍ਹਾਂ ਦੇ ਮਸਲੇ ਆਪਸੀ ਹਨ ਅਤੇ ਆਪਸ ਵਿੱਚ ਹੀ ਨਿਬੇੜ ਲੈਣੇ ਚਾਹੀਦੇ ਹਨ। ਹੁਣ ਸਾਡਾ ਨਿਸ਼ਾਨਾ ਸਿਰਫ਼ ਕਿਸਾਨੀ ਸੰਘਰਸ਼ ਦੀ ਜਿੱਤ ਤੇ ਕੇਂਦਰਤ ਹੋਣਾ ਚਾਹੀਦਾ ਹੈ।