‘ਬਾਗ਼ੀ’ ਧੜੇ G-23 ਨੇ ਹਿਲਾਈਆਂ ਕਾਂਗਰਸ ਦੀਆਂ ਚੂਲਾਂ, ਹੁਣ ਪੰਜਾਬ, ਹਰਿਆਣਾ, ਹਿਮਾਚਲ ਤੇ ਯੂਪੀ ’ਚ ਰੈਲੀਆਂ ਦੀ ਯੋਜਨਾ

0
112

ਨਵੀਂ ਦਿੱਲੀ 01,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਕਾਂਗਰਸ ਦੇ ਬਾਗ਼ੀ ਆਗੂਆਂ ਦੇ G-23 ਦੇ ਸਮੂਹ ਨੇ ਪਿੱਛੇ ਜਿਹੇ ਜੰਮੂ-ਕਸ਼ਮੀਰ ਵਿੱਚ ਇੱਕ ਰੈਲੀ ਕੀਤੀ ਸੀ; ਜਿਸ ਵਿੱਚ ਉਨ੍ਹਾਂ ਆਪਣੀ ਪਾਰਟੀ ਦੀ ਆਲੋਚਨਾ ਕਰਦਿਆਂ ਕਿਹਾ ਸੀ ਕਿ ਪਾਰਟੀ ਕਮਜ਼ੋਰ ਹੋ ਰਹੀ ਹੈ। ਇਨ੍ਹਾਂ ਲੋਕਾਂ ਦੇ ਸਮੂਹ ਵਿੱਚ ਕਈ ਸੀਨੀਅਰ ਆਗੂ ਸ਼ਾਮਲ ਹਨ; ਜਿਨ੍ਹਾਂ ਦਾ ਰੁਖ਼ ਵੇਖ ਕੇ ਲੱਗ ਰਿਹਾ ਹੈ ਕਿ ਉਹ ਛੇਤੀ ਹੀ ਪਾਰਟੀ ਸਾਹਮਣੇ ਨਵੀਂ ਚੁਣੌਤੀ ਪੇਸ਼ ਕਰ ਸਕਦੇ ਹਨ।

ਇਹ ਲੋਕ ਲਗਾਤਾਰ ਪਾਰਟੀ ਦਾ ਇੱਕ ਨਿਯਮਤ ਪ੍ਰਧਾਨ ਚੁਣੇ ਜਾਣ ਦੀ ਗੱਲ ਕਰ ਰਹੇ ਹਨ। ਉਹ ਪਾਰਟੀ ਉੱਤੇ ਖ਼ੁਦ ਨੂੰ ਅੱਖੋਂ ਪ੍ਰੋਖੇ ਕਰਨ ਦੇ ਇਲਜ਼ਾਮ ਵੀ ਲਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਜੂਨ ’ਚ ਹੋਣ ਵਾਲੀ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਵਿੱਚ ਇਹ ਧੜਾ ਆਪਣਾ ਉਮੀਦਵਾਰ ਖੜ੍ਹਾ ਕਰ ਸਕਦੇ ਹਨ।

ਇਨ੍ਹਾਂ ਕਾਂਗਰਸੀਆਂ ਨੇ ਜੰਮੂ ’ਚ ਹੋਈ ਮੀਟਿੰਗ ’ਚ ਭਗਵੇਂ ਪਗੜੀਆਂ ਪਹਿਨੀਆਂ ਹੋਈਆਂ ਸਨ; ਜਿਨ੍ਹਾਂ ਨੂੰ ਵੇਖ ਕੇ ਲੱਗ ਰਿਹਾ ਸੀ ਕਿ ਉਹ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਹਿੰਦੂ ਵਿਰੋਧੀ ਨਹੀਂ ਹਨ।

ਜੰਮੂ ਤੋਂ ਬਾਅਦ ਇਨ੍ਹਾਂ ਜੀ-23 ਆਗੂਆਂ ਦੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਵਿੱਚ ਵੀ ਰੈਲੀਆਂ ਕਰਨ ਦੀ ਯੋਜਨਾ ਹੈ। ਇਹ ਲੋਕ ਹੁਣ ਆਪਣੀ ਅਗਲੀ ਰੈਲੀ ਹਿਮਾਚਲ ਪ੍ਰਦੇਸ਼ ਵਿੱਚ ਕਰਨ ਦੀ ਯੋਜਨਾ ਉਲੀਕ ਰਹੇ ਹਨ।

ਕਾਂਗਰਸ ਦੇ ਵੱਡੇ ਆਗੂ ਆਨੰਦ ਸ਼ਰਮਾ ਦਾ ਜੱਦੀ ਰਾਜ ਹਿਮਾਚਲ ਪ੍ਰਦੇਸ਼ ਹੈ। ਕਿਸੇ ਸਮੇਂ ਉਹ ਗਾਂਧੀ ਪਰਿਵਾਰ ਦੇ ਨਜ਼ਦੀਕੀ ਮੰਨੇ ਜਾਂਦੇ ਸਨ। ਪਰ ਹੁਣ ਰਾਜ ਸਭਾ ਵਿੱਚ ਉਨ੍ਹਾਂ ਦੀ ਥਾਂ ਬੀ. ਮਲਿਕਾਰਜੁਨ ਖੜਗੇ ਨੂੰ ਦੇ ਦਿੱਤੀ ਗਈ ਹੈ।

ਬਾਗ਼ੀ ਆਗੂਆਂ ਦਾ ਹੁਣ ਇਹੋ ਕਹਿਣਾ ਹੈ ਕਿ ਅੱਜ ਦੀ ਕਾਂਗਰਸ ਬਹੁਤ ਕਮਜ਼ੋਰ ਹੋ ਗਈ ਹੈ। ਉਨ੍ਹਾਂ ਦੇ ਬਿਆਨ ਸਿੱਧੇ ਤੌਰ ਉੱਤੇ ਰਾਹੁਲ ਗਾਂਧੀ ਦੇ ਵਿਰੁੱਧ ਜਾ ਰਹੇ ਹਨ।

NO COMMENTS