*ਬਾਲ ਵਿਆਹ ਸਮਾਜਿਕ ਬੁਰਾਈ ਤੋਂ ਇਲਾਵਾ ਕਾਨੂੰਨ ਦੀ ਉਲੰਘਣਾਂ ਹੈ-ਡਾ. ਰਣਜੀਤ ਸਿੰਘ ਰਾਏ*

0
15

ਮਾਨਸਾ, 27 ਨਵੰਬਰ :(ਸਾਰਾ ਯਹਾਂ/ਮੁੱਖ ਸੰਪਾਦਕ)
ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਦਫਤਰ ਸਿਵਲ ਸਰਜਨ ਠੁਠਿਆਂਵਾਲੀ ਰੋਡ ਮਾਨਸਾ ਵਿਖੇ ਜ਼ਿਲੇ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬਾਲ ਵਿਆਹ ਵਿਰੁੱਧ ਸਹੁੰ ਚੁਕਾਈ ਗਈ।
         ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਬਾਲ ਵਿਆਹ ਇੱਕ ਸਮਾਜਿਕ ਬੁਰਾਈ ਹੋਣ ਦੇ ਨਾਲ-ਨਾਲ ਕਾਨੂੰਨ ਦੀ ਉਲੰਘਣਾ ਹੈ ਜੋ ਲੜਕੀਆਂ ਦੀ ਸਿੱਖਿਆ, ਸੁਰੱਖਿਆ, ਸਿਹਤ, ਵਿਕਾਸ ਅਤੇ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਰੁਕਾਵਟ ਪਾਉਂਦੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਇਸ ਬੁਰਾਈ ਵਿਰੁੱਧ ਜਮੀਨੀ ਪੱਧਰ ’ਤੇ ਲੋਕਾਂ ਨੂੰ ਜਾ ਕੇ ਜਾਗਰੂਕ ਕਰਾਂਗੇ ਅਤੇ ਜੇਕਰ ਫਿਰ ਵੀ ਕੋਈ ਬਾਲ ਵਿਆਹ ਕਰਵਾਉਂਦਾ ਹੈ, ਤਾਂ ਉਸਦੀ ਸੂਚਨਾ ਤੁਰੰਤ ਪੰਚਾਇਤ ਜਾਂ ਸਬੰਧਤ ਸਰਕਾਰੀ ਅਦਾਰੇ ਨੂੰ ਦੇਵਾਂਗੇ।
ਉਨ੍ਹਾਂ ਦੱਸਿਆ ਕਿ ਬਾਲ ਵਿਆਹ ਨੂੰ ਰੋਕਣ ਲਈ ਅੱਜ ਸਿਹਤ ਵਿਭਾਗ ਮਾਨਸਾ ਦੇ ਸਮੂਹ ਸਿਹਤ ਸੰਸਥਾਵਾਂ ਵਿੱਚ ਅੱਜ ਜ਼ਿਲ੍ਹੇ ਦੇ ਡਾਕਟਰ, ਐਲ.ਐਚ.ਵੀ. ਆਸ਼ਾ, ਆਸਾ ਫੈਸੀਲੀਟੇਟਰ, ਏ.ਐਮ.ਐਮ.ਅਤੇ ਹੋਰ ਪੈਰਾਮੈਡੀਕਲ ਸਟਾਫ ਵੱਲੋਂ ਵੱਖ-ਵੱਖ ਗਰੁੱਪਾਂ ਵਿੱਚ ਜਾ ਕੇ ਸਹੁੰ ਚੁਕਾਈ ਗਈ ਤਾਂ, ਜੋ ਇਸ ਬੁਰਾਈ ਨੂੰ ਜੜ ਤੋਂ ਖਤਮ ਕਰਨ ਲਈ ਸਾਂਝੇ ਰੂਪ ਵਿੱਚ ਜਾਗਰੂਕ ਕੀਤਾ ਜਾ ਸਕੇ।
  ਇਸ ਮੌਕੇ ਸਹਾਇਕ ਸਿਵਲ ਸਰਜਨ ਡਾਕਟਰ ਰਵਿੰਦਰ ਸਿੰਗਲਾ, ਵਿਜੇ ਕੁਮਾਰ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ, ਅਵਤਾਰ ਸਿੰਘ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ, ਦਰਸ਼ਨ ਸਿੰਘ ਉਪ ਸਮੂਹ ਸਿੱਖਿਆ ਤੇ ਸੂਚਨਾ ਅਫਸਰ, ਸੰਦੀਪ ਸਿੰਘ ਸੀਨੀਅਰ ਸਹਾਇਕ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।

NO COMMENTS