ਮਾਨਸਾ 29 ਜੁਲਾਈ (ਸਾਰਾ ਯਹਾ, ਬਲਜੀਤ ਸ਼ਰਮਾ) — ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰਵੀਂ ਕਲਾਸ ਦੇ ਨਤੀਜਿਆਂ ਵਿੱਚੋਂ ਸਥਾਨਕ ਸ਼ਹਿਰ ਦੀ ਵਾਰਡ ਨੰ: 15 ਦੀ ਵਸਨੀਕ ਸਰਕਾਰੀ ਕੱਨਿਆਂ ਸਮਾਰਟ ਸਕੂਲ਼ ਦੀ ਵਿਦਿਆਰਥਣ ਸਿਮਰਜੀਤ ਕੌਰ ਨੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਜਿੱਥੇ ਸਰਕਾਰੀ ਸਕੂਲਾਂ ਦੇ ਮਿਅਰ ਨੂੰ ਚਾਰ ਚੰਨ ਲਾਏ ਹਨ। ਉੱਥੇ ਹੀ ਗਰੀਬ ਪਰਿਵਾਰ ਦੀ ਜੰਮਪਲ ਇਸ ਬੇਟੀ ਨੇ ਆਪਣੇ ਪਿਤਾ ਸਤਨਾਮ ਸਿੰਘ ਅਤੇ ਮਾਤਾ ਜਸਵੀਰ ਕੌਰ ਦਾ ਨਾਮ ਵੀ ਇਲਾਕੇ ਵਿੱਚ ਰੋਸ਼ਨ ਕੀਤਾ ਹੈ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਆਰਥਿਕ ਤੌਰ ਤੇ ਪੱਛੜਿਆ ਹੋਣ ਕਾਰਨ ਸਤਨਾਮ ਸਿੰਘ ਆਪਣੀ ਬੱਚੀ ਨੂੰ ਬਾਰਵੀਂ ਦੀ ਪੜ੍ਹਾਈ ਵਿੱਚ ਪ੍ਰਾਈਵੇਟ ਟਿਊਸ਼ਨ ਵੀ ਨਹੀਂ ਪੜ੍ਹਾ ਸਕਿਆ ਸੀ। ਪਰ ਬੱਚੀ ਦੀ ਮਿਹਨਤ ਅਤੇ ਲਗਨ ਨੇ ਸਾਬਿਤ ਕਰ ਦਿੱਤਾ ਕਿ ਸਕੂਲ ਭਾਵੇਂ ਪ੍ਰਾਈਵੇਟ ਤੌਰ ਤੇ ਉੱਚ ਪੱਧਰੇ ਹੋਣ ਜਾਂ ਸਰਕਾਰੀ ਹੋਣ ਬੱਚਿਆਂ ਅਤੇ ਅਧਿਆਪਕਾਂ ਦੀ ਲਗਨ ਆਪਸੀ ਮੋਹ ਪਿਆਰ ਵਾਲੀਆਂ ਤੰਦਾਂ ਰੰਗ ਹੀ ਲਿਆਉਂਦੀਆਂ ਹਨ। ਇਸ ਦੀ ਮਿਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰਵੀਂ ਦੇ ਨਤੀਜਿਆਂ ਵਿੱਚੋਂ ਮਿਲਦੀ ਹੈ ਕਿਉਂਕਿ ਬਹੁਤੀਆਂ ਪੁਜਸ਼ੀਨਾਂ ਹਾਸਲ ਕਰਨ ਵਾਲੇ ਬੱਚੇ ਸਰਕਾਰੀ ਸਕੂਲਾਂ ਨਾਲ ਸੰਬੰਧਿਤ ਹਨ।ਇਸ ਨਤੀਜਿਆਂ ਤੋਂ ਬਾਗੋ-ਬਾਗ ਹੁੰਦਿਆਂ ਕੋਰੋਨਾ ਮਹਾਂਮਾਰੀ ਦੇ ਫੈਲੇ ਕਹਿਰ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਜਿਲ੍ਹਾ ਡਿਪਟੀ ਕਮਿਸ਼ਨਰ ਮਹਿੰਦਰਪਾਲ ਗੁਪਤਾ ਨੇ ਆਪਣੇ ਸਰਕਾਰੀ ਨਿਵਾਸ ਸਥਾਨ ਤੇ ਵਿਦਿਆਰਥਣ ਸਿਮਰਜੀਤ ਕੌਰ ਨੂੰ ਨਕਦ ਰਾਸ਼ੀ ਅਤੇ ਟਰੌੌਫੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਜਿਲ੍ਹਾ ਡਿਪਟੀ ਕਮਿਸ਼ਨਰ ਸ਼੍ਰੀ ਗੁਪਤਾ ਨੇ ਕਿਹਾ ਕਿ ਮੈਨੂੰ ਅੱਜ ਮਾਨਸਾ ਜਿਲ੍ਹੇ ਵਿੱਚ ਸੇਵਾਵਾਂ ਨਿਭਾਉਂਦਿਆਂ ਇਸ ਗੱਲ ਦਾ ਮਾਣ ਹੈ ਕਿ ਗਰੀਬ ਪਰਿਵਾਰ ਦੀ ਇਸ ਬੱਚੀ ਨੇ ਮਾਨਸਾ ਜਿਲ੍ਹੇ ਦਾ ਨਾਮ ਵਿੱਦਿਆ ਖੇਤਰ ਵਿੱਚ ਪੰਜਾਬ ਵਿੱਚ ਚਮਕਾ ਦਿੱਤਾ ਹੈ। ਮੈਨੂੰ ਇਸ ਬੱਚੀ ਦਾ ਸਨਮਾਨ ਕਰਨ ਦਾ ਮੌਕਾ ਮਿਲਿਆ ਹੈ। ਇਸ ਮੌਕੇ ਡੀ.ਈ.ਓ ਸੁਰਜੀਤ ਸਿੰਘ ਸਿੱਧੂ, ਨਰਿੰਦਰ ਸਿੰਘ, ਪ੍ਰਿੰਸੀਪਲ ਮੁਕੇਸ਼ ਕੁਮਾਰ, ਲੈਕਚਰਾਰ ਸ਼ਮਸ਼ੇਰ ਸਿੰਘ, ਲੈਕਚਰਾਰ ਸੁਨੀਤਾ ਰਾਣੀ ਤੋਂ ਇਲਾਵਾ ਹੋਰ ਵੀ ਮੌਜੂਦ ਸਨ।