*ਬਾਦਲਾਂ ਦੇ ਗੜ੍ਹ ‘ਚ ਕਾਰਵਾਈ, ਪ੍ਰਾਈਵੇਟ ਕਾਲਜ ਤੋਂ ਛੁਡਵਾਈ ਨੌਂ ਏਕੜ ਪੰਚਾਇਤੀ ਜ਼ਮੀਨ*

0
52

ਸ਼੍ਰੀ ਮੁਕਤਸਰ ਸਾਹਿਬ 13,ਮਈ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਤਹਿਤ ਅੱਜ ਬਾਦਲਾਂ ਦੇ ਗੜ੍ਹ ਹਲਕਾ ਲੰਬੀ ਦੇ ਛਾਪਿਆਂਵਾਲੀ ਦੇ ਪ੍ਰਾਈਵੇਟ ਕਾਲਜ ਨੂੰ ਦਿੱਤੀ ਜ਼ਮੀਨ ਉੱਪਰ ਕਾਰਵਾਈ ਕੀਤੀ ਗਈ। ਇਹ ਜ਼ਮੀਨ ਪਿੰਡ ਦੀ ਪੰਚਾਇਤ ਵੱਲੋਂ ਕਾਲਜ ਨੂੰ ਦਾਨ ਦਿੱਤੀ ਗਈ ਸੀ। ਕਾਲਜ ਦੇ ਬੰਦ ਹੋਣ ਉਪਰੰਤ ਪੰਚਾਇਤ ਦੀ ਮੰਗ ‘ਤੇ ਪੰਚਾਇਤੀ ਵਿਭਾਗ ਵੱਲੋਂ ਸਾਢੇ ਨੌਂ ਏਕੜ ਦਾ ਕਬਜ਼ਾ ਵਾਪਸ ਪੰਚਾਇਤ ਨੂੰ ਦਿਵਾਇਆ ਹੈ।

ਦੱਸ ਦਈਏ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਾਉਣ ਲਈ ਮੁਹਿੰਮ ਚਲਾਈ ਹੋਈ ਹੈ। ਇਸ ਤਹਿਤ ਪੰਚਾਇਤੀ ਜ਼ਮੀਨਾਂ ਉਪਰ ਕੀਤੇ ਨਾਜਾਇਜ਼ ਕਬਜ਼ੇ ਛੁਡਵਾਏ ਜਾ ਰਹੇ ਹਨ। ਇਸ ਦੇ ਚੱਲਦੇ ਹਲਕਾ ਲੰਬੀ ਦੇ ਪਿੰਡ ਛਾਪਿਆਂਵਾਲ਼ੀ ਵਿੱਚ ਕਾਰਵਾਈ ਕੀਤੀ ਗਈ। 

ਅੱਜ ਪਿੰਡ  ਛਾਪਿਆਵਾਲੀ ਦੀ ਪੰਚਾਇਤ ਨੂੰ ਜ਼ਮੀਨ ਦਾ ਵਾਪਸ ਕਬਜ਼ਾ ਦਿਵਾਉਣ ਸਿਵਲ ਤੇ ਪ੍ਰਸ਼ਾਸ਼ਨ ਸਮੇਤ ਪੁੱਜੇ ਬਲਾਕ ਵਿਕਾਸ ਪੰਚਾਇਤ ਅਫ਼ਸਰ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਨੇ ਪਿੰਡ ਵਿੱਚ ਚੱਲ ਰਹੇ ਕਾਲਜ ਨੂੰ ਜ਼ਮੀਨ ਦਾਨ ਕੀਤੀ ਸੀ। ਹੁਣ ਕਰੀਬ ਦੋ ਸਾਲਾਂ ਤੋਂ ਕਾਲਜ ਬੰਦ ਪਿਆ ਹੈ। ਇਸ ਨੂੰ ਲੈ ਕੇ ਪੰਚਾਇਤ ਨੇ ਦਿੱਤੀ ਜ਼ਮੀਨ ਵਾਪਸ ਲੈਣ ਲਈ ਅਦਾਲਤ ਰਾਹੀਂ ਮੰਗ ਕੀਤੀ ਸੀ ।



ਇਸ ਨੂੰ ਲੈ ਕੇ ਅਦਾਲਤ ਦੇ ਹੁਕਮਾਂ ਮੁਤਾਬਕ ਅੱਜ ਪ੍ਰਸਾਸ਼ਨ ਦੀ ਮੌਜੂਦਗੀ ਵਿੱਚ ਪੰਚਾਇਤ ਨੂੰ ਕਰੀਬ ਸਾਢੇ ਨੌਂ ਏਕੜ ਜ਼ਮੀਨ ਦਾ ਕਬਜ਼ਾ ਵਾਪਸ ਦਵਾਇਆ ਗਿਆ ਹੈ ਜੋ ਬਿਲਕੁਲ ਸ਼ਾਂਤਮਈ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜ਼ਮੀਨ ਵਿੱਚ ਕਰੋੜਾਂ ਰੁਪਏ ਦੀ ਬਿਲਡਿੰਗ ਬਣੀ ਹੋਈ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਬਿਲਡਿੰਗ ਵਿੱਚ ਕੋਈ ਹਸਪਤਾਲ ਜਾਂ ਕੋਈ ਵਧੀਆ ਸਿੱਖਿਆ ਅਦਾਰਾ ਖੋਲ੍ਹਿਆ ਜਾਵੇ ਤਾਂ ਜੋ ਪਿੰਡ ਦੇ ਲੋਕਾਂ ਨੂੰ ਲਾਭ ਮਿਲ ਸਕੇ।

ਦੂਸਰੇ ਪਾਸੇ ਪਿੰਡ ਛਾਪਿਆਵਾਲੀ ਦੇ ਸਾਬਕਾ ਸਰਪੰਚ ਸ਼ੇਰਬਾਜ ਸਿੰਘ ਦੱਸਿਆ ਕਿ ਉਸ ਸਮੇਂ ਦੀ ਪਿੰਡ ਦੀ ਪੰਚਾਇਤ ਵੱਲੋਂ ਇਸ ਕਾਲਜ ਨੂੰ ਕਰੀਬ 22 ਏਕੜ ਜ਼ਮੀਨ ਦਾਨ ਕੀਤੀ ਸੀ ਪਰ ਕਾਲਜ ਕਿਸੇ ਕਾਰਨਾਂ ਕਰਕੇ ਪਿਛਲੇ ਕਈ ਸਾਲਾਂ ਤੋਂ ਬੰਦ ਪਿਆ ਹੋਣ ਕਰਕੇ ਬਿਲਡਿੰਗ ਖੰਡਰ ਬਣ ਰਹੀ ਸੀ। ਹੁਣ  ਪੰਚਾਇਤ ਨੇ ਦਿੱਤੀ ਜ਼ਮੀਨ ਦਾ ਕਬਜ਼ਾ ਵਾਪਸ ਕਰਵਾਉਣ ਲਈ ਅਦਾਲਤ ਤੇ ਸਰਕਾਰ ਨੂੰ ਅਪੀਲ ਕੀਤੀ ਸੀ। ਇਸ ਦੇ ਚੱਲਦੇ ਅੱਜ ਪ੍ਰਸ਼ਾਸ਼ਨ ਨੇ ਕਾਰਵਾਈ ਕਰਦੇ ਪੰਚਾਇਤ ਨੂੰ 9 ਏਕੜ ਦੇ ਕਰੀਬ ਜਮੀਨ ਦਾ ਕਬਜਾ ਵਾਪਸ ਦਿਵਾਇਆ ਹੈ। ਉਨ੍ਹਾਂ ਕਿਹਾ ਕਿਉਣਾ ਕਿਹਾ ਕਿ ਰਹਿੰਦੀ ਜਮੀਨ ਵੀ  ਪੰਚਾਇਤ ਜਲਦ ਵਾਪਸ ਲਵੇਗੀ।

NO COMMENTS