ਬਾਘਾਪੁਰਾਣੇ ਦੇ ਕਿਸਾਨ ਮਹਾਂ ਸੰਮਲਨ ਚ ਪਹੁੰਚਣ ਦਾ ਸੱਦਾ ਦੇਣ ਪਹੁੰਚੇ ਭਗਵੰਤ ਮਾਨ ਨੇ ਸਰਦੂਲਗੜ੍ਹ ਦੇ ਪਿੰਡਾਂ ਵਿਚ ਕੀਤਾ ਜਨ ਸਭਾ ਨੂੰ ਸੰਬੋਧਨ

0
57

ਸਰਦੂਲਗੜ੍ਹ 13,ਮਾਰਚ (ਸਾਰਾ ਯਹਾਂ /ਬਲਜੀਤ ਪਾਲ) : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ 21 ਮਾਰਚ ਨੂੰ ਵਾਘਾ ਪੁਰਾਣਾ ਵਿਖੇ ਕੀਤੇ ਜਾ ਰਹੇ ਕਿਸਾਨ ਮਹਾ ਸੰਮੇਲਨ ਚ ਪਹੁੰਚਣ ਦਾ ਸੱਦਾ ਦੇਣ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਭਗਵੰਤ ਮਾਨ ਅੱਜ ਹਲਕਾ ਸਰਦੂਲਗੜ੍ਹ ਦੇ ਪਿੰਡਾਂ ਚ ਵਿਸ਼ੇਸ਼ ਤੌਰ ਤੇ ਪਹੁੰਚੇ। ਹਲਕੇ ਦੇ ਪਿੰਡ ਉਲਕ ਅਤੇ ਮਾਖਾ ਵਿਖੇ ਸੈਂਕੜਿਆਂ ਦੀ ਗਿਣਤੀ ਵਿਚ ਹਾਜ਼ਰ ਆਮ ਲੋਕਾਂ ਅਤੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਲੇ ਕਾਨੂੰਨ ਹਰ ਵਰਗ ਲਈ ਖਤਰਨਾਕ ਹਨ। ਇਨ੍ਹਾਂ ਕਾਨੂੰਨਾਂ ਨੂੰ ਕਿਸੇ ਵੀ ਹੱਦ ਤਕ ਲਾਗੂ ਨਹੀਂ ਹੋਣ ਦਿੱਤੇ ਜਾਣਗੇ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ ਪਰ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਅਤੇ ਦੇਸ਼ ਵਾਸੀਆਂ ਦਾ ਪੱਖ ਪੂਰਨ ਦੀ ਬਜਾਏ ਮੁੱਠੀ ਭਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਚ ਕਠਪੁਤਲੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਖੇਤੀ ਕਾਨੂੰਨ ਕਰੋਨਾ ਤੋਂ ਕਿਤੇ ਜਿਆਦਾ ਖਤਰਨਾਕ ਹਨ। ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਾਨੂੰ ਸਮੂਹਿਕ ਤੌਰ ਤੇ ਸੰਘਰਸ ਦਾ ਹਿੱਸਾ ਬਣਨਾ ਚਾਹੀਦਾ ਹੈ।ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਇੱਕੀ ਮਾਰਚ ਨੂੰ ਬਾਘਾ ਪੁਰਾਣਾ ਦੇ ਕਿਸਾਨ ਮਹਾ ਸੰਮੇਲਨ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਕੇ ਸਾਥ ਦਿੱਤਾ ਜਾਵੇ। ਉਨ੍ਹਾਂ ਸੂਬਾ ਸਰਕਾਰ ਅਤੇ ਅਕਾਲੀ ਦਲ ਤੇ ਵਰ੍ਹਦਿਆਂ ਕਿਹਾ ਕਿ ਇਹ ਦੋਵਾਂ ਪਾਰਟੀਆਂ ਦੇ ਆਗੂਆਂ ਨੇ ਪਹਿਲਾਂ ਖੇਤੀ ਕਾਨੂੰਨਾਂ ਦੇ ਹੱਕ ਵਿਚ ਸਹਿਮਤੀ ਪ੍ਰਗਟਾਈ ਪਰ ਕਿਸਾਨਾਂ ਦੇ ਭਾਰੀ ਵਿਰੋਧ ਤੋਂ ਬਾਅਦ ਇਹ ਇਨ੍ਹਾਂ ਕਾਨੂੰਨਾਂ ਨੂੰ ਗ਼ਲਤ ਕਰਾਰ ਦੇਣ ਲੱਗੇ ਜਦੋਂ ਕਿ ਇਹ ਸਭ ਇੱਕੋ ਥੈਲੀ ਦੇ ਚੱਟੇ ਵੱਟੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੀ ਤਰਜ਼ ਤੇ ਸੂਬੇ ਵਿਚ ਵੀ ਸਿਹਤ ਸਹੂਲਤਾਂ, ਸਿੱਖਿਆ ਸਹੂਲਤਾਂ ਅਤੇ ਬਿਜਲੀ-ਪਾਣੀ ਮੁਫਤ ਦਿੱਤਾ ਜਾ ਸਕਦਾ ਹੈ ਜੇਕਰ ਸਰਕਾਰਾਂ ਅਤੇ ਆਗੂਆਂ ਦੀ ਨੀਅਤ ਸਾਫ ਹੋਵੇ। ਉਨ੍ਹਾਂ ਹਾਜ਼ਰ ਲੋਕਾਂ ਨੂੰ ਕਿਸਾਨ ਮਹਾ ਸੰਮੇਲਨ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਅੱਕਾਂਵਾਲੀ , ਸੀਨੀਅਰ ਆਗੂ ਨੇਮ ਚੰਦ ਚੌਧਰੀ, ਗੁਰਪ੍ਰੀਤ ਸਿੰਘ ਬਣਾਂਵਾਲੀ, ਸੁਖਵਿੰਦਰ ਸਿੰਘ ਭੋਲਾ ਮਾਨ, ਹਰਦੇਵ ਸਿੰਘ ਉੱਲਕ, ਸਰਬਜੀਤ ਸਿੰਘ ਜਵਾਹਰਕੇ, ਗੁਰਪ੍ਰੀਤ ਸਿੰਘ ਭੁੱਚਰ, ਸ਼ਿੰਗਾਰਾ ਸਿੰਘ ਜਵਾਹਰਕੇ, ਸੁਖਵਿੰਦਰ ਸਿੰਘ ਖੋਖਰ ਹਰਦੇਵ ਸਿੰਘ ਕੋਰਵਾਲਾ, ਆਦਿ ਹਾਜ਼ਰ ਸਨ।

NO COMMENTS