ਬਹੁਸ਼ਾਲੀ ਪ੍ਰਤਿਭਾ ਦੇ ਧਨੀ ਸਨ ਸ਼੍ਰੀ ਪ੍ਰਕਾਸ਼ ਚੰਦ ਗੋਇਲ ਜੀ ਭੋਗ ਤੇ ਵਿਸ਼ੇਸ਼

0
83

ਦੁੱਧ ਰੰਗਾ ਸਾਦਗੀ ਵਾਲਾ ਕੁੜਤਾ ਪਜਾਮਾ, ਅੱਖੀਆਂ ਤੇ ਗਹਿਰਾ ਚਸ਼ਮਾ, ਮੂੰਹ ਵਿੱਚ ਰੱਬੀ ਗੁਣਗਾਣ ਕਰਦੇ ਇਉਂ ਲੱਗਦੈ ਜਿਵੇਂ ਹੁਣੇ ਹੀ ਸਾਡੇ ਕੋਲ ਖੜੇ ਨੇ ਜਦੋਂ ਕਿਸੇ ਨੂੰ ਮਿਲਦੇ ਆਪ ਦੇ ਮੁੱਖੋਂ ਫੁੱਲ ਕਿਰ੍ਹਦੇ ਵਾਂਗ “ਪਿਆਰਿਓ” ਸ਼ਬਦ ਨਿਕਲਦਾ ਜੋ ਹਰ ਮਿਲਣ ਵਾਲੇ ਨੂੰ ਆਪਣਾ ਬਣਾ ਲੈਂਦਾ ਸੀ। ਇਸ ਤਰ੍ਹਾਂ ਦੀ ਸ਼ਖਸ਼ੀਅਤ ਸਨ ਸ੍ਰੀ ਪ੍ਰਕਾਸ਼ ਚੰਦ ਗੋਇਲ ਨੰਗਲ ਵਾਲੇ ਜਿਨ੍ਹਾਂ ਨੇ ਪਿਤਾ ਸ਼੍ਰੀ ਤਿੱਪਰ ਚੰਦ ਗੋਇਲ ਦੇ ਘਰ ਮਾਤਾ ਵਿਦਿਆ ਦੇਵੀ ਜੀ ਦੇ ਕੁੱਖੋਂ ਜਨਮ ਲਿਆ। ਮੁੱਢਲੀ ਪੜ੍ਹਾਈ ਪੂਰੀ ਕਰਕੇ ਕੱਪੜੇ ਦੇ ਨਿਪੁੰਨ ਸੇਲਜ਼ਮੇਨ ਬਣ ਗਏ।
ਕਬੀਲਦਾਰੀ ਦੀਆਂ ਜ਼ਿੰਮੇਵਾਰੀਆਂ ਆਪਣੀ ਧਰਮਪਤਨੀ ਨਿਰਮਲਾ ਦੇਵੀ ਨਾਲ ਬਾਖੂਬੀ ਨਿਭਾਈਆਂ ਆਪ ਜੀ ਦੇ ਪਰਿਵਾਰਕ ਫੁਲਵਾੜੀ ਵਿੱਚ ਸ਼ਾਮ ਲਾਲ ਪੱਪੀ ਅਤੇ ਨਵਜੋਤ ਬੱਬੀ ਪੁੱਤਰਾਂ ਅਤੇ ਨਿਸ਼ਾ ਰਾਣੀ ਪੁੱਤਰੀ ਨੇ ਜਨਮ ਲਿਆ। ਜੋ ਆਪਣੇ ਕੰਮਾਂਕਾਰਾਂ ਦੇ ਵਿੱਚ ਚੰਗੀ ਤਰ੍ਹਾਂ ਸੈੱਟ ਹਨ।
ਪਰਿਵਾਰਕ ਜ਼ਿੰਮੇਵਾਰੀਆਂ ਤੋਂ ਇਲਾਵਾ ਉਹਨਾਂ ਨੇ ਸਾਲ 1959 ਵਿੱਚ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੇ ਵਿੱਚ ਪ੍ਰਵੇਸ਼ ਕੀਤਾ ਅਨੇਕਾਂ ਹੀ ਛੋਟੇ ਮੋਟੇ ਰੋਲ ਕੀਤੇ, ਪਰ ਮਰਿਆਦਾ ਪ੍ਰਸ਼ੋਤਮ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦਾ ਪਵਿੱਤਰ ਕਿਰਦਾਰ ਪੂਰੀ ਕੁਸ਼ਲਤਾਪੂਰਵਕ ਕੀਤਾ। ਉਨ੍ਹਾਂ ਵੇਲਿਆਂ ਦੇ ਵਿਚ ਸਾਊਂਡ ਸਿਸਟਮ ਅੱਜ ਜਿਨ੍ਹਾਂ ਉੱਤਮ ਨਹੀਂ ਸੀ ਪਰ ਉਨ੍ਹਾਂ ਦੀ ਆਵਾਜ ਦੀ ਉਚਾਈ ਅਤੇ ਮਿਠਾਸ ਬਹੁਤ ਹੀ ਵਧੀਆ ਸੀ ਜੋ ਮੱਲੋ ਮੱਲੀ ਹਰ ਸੁਣਨ ਵਾਲੇ ਨੂੰ ਆਪਣੇ ਵੱਲ ਖਿੱਚ ਲੈਂਦੀ ਸੀ। ਇਸ ਕਰਕੇ ਹੀ ਉਨ੍ਹਾਂ ਨੇ ਵੀਹ ਸਾਲ ਦੇ ਲਗਭਗ ਇਹ ਰੋਲ ਉਪਰੋਕਤ ਕਲੱਬ ਅਤੇ ਯੁਨਾਈਟਿਡ ਡਰਾਮਾਟਿਕ ਕਲੱਬ ਦੀ ਵਿੱਚ ਨਿਭਾਇਆ।
ਸਾਲ 1965 ਵਿਚ ਸ੍ਰੀ ਦੁਰਗਾ ਕੀਰਤਨ ਮੰਡਲ ਦੀ ਸਥਾਪਨਾ ਵੀ ਕੀਤੀ। ਇਸ ਮੰਡਲ ਦੇ ਵਿਚ ਆਪ ਜਰਨਲ ਸਕੱਤਰ ਦੇ ਅਹੁਦੇ ਤੇ ਰਹੇ।
12 ਸਾਲ ਪ੍ਰਧਾਨਗੀ ਕੀਤੀ ਅੱਜ ਕੱਲ ਇਸ ਮੰਡਲ ਦੇ ਸਰਪ੍ਰਸਤ ਸਨ। ਜਾਗਰਨ ਦੀ ਸ਼ੁਰੂਆਤ ਆਪਣੀ ਮਨਮੋਹਕ ਆਵਾਜ਼ ਨਾਲ ਕਰਦੇ ਸਨ ਅਤੇ ਤਾਰਾ ਰਾਣੀ ਦੀ ਕਥਾ ਦੌਰਾਨ ਚਾਰੇ ਪਾਸੇ ਰਾਤ ਨੂੰ ਪੱਸਰੀ ਚੁੱਪ ਵਿੱਚ ਹਾਰਮੋਨੀਅਮ ਦੀਆਂ ਕੋਮਲ ਅਤੇ ਤੀਵਰ ਸੁਰਾਂ ਨੂੰ ਆਪਣੀਆਂ ਉਂਗਲੀਆਂ ਦੀ ਛੁਹ ਦੇ ਕੇ ਰੂਹਾਨੀਅਤ ਨਾਲ ਲਬਰੇਜ਼ ਜਾਗਰਣ ਵਿੱਚ ਸੰਕੀਰਤਨ ਕਰਦੇ ਤਾਂ ਆਪਣੇ ਵੇਗ ਵਿਚ ਚਲਦੇ ਚੰਦਰਮਾ ਤੇ ਤਾਰੇ ਅਤੇ ਰੁਮਕਦੀਆਂ ਪੌਣਾਂ ਸਾਹ ਰੋਕ ਕੇ ਉਨ੍ਹਾਂ ਦੇ ਸੰਕੀਰਤਨ ਦਾ ਆਨੰਦ ਮਾਣਦੇ ਲੱਗਦੇ। ਸੱਚਮੁੱਚ ਸੰਕੀਰਤਨ ਦੇ ਧਨੀ ਸਨ ਸ਼੍ਰੀ ਪ੍ਰਕਾਸ਼ ਚੰਦ ਗੋਇਲ ਜੀ ਜਿਵੇਂ ਮਾਂ ਸਰਸਵਤੀ ਨੇ ਆਪ ਗੁੜ੍ਹਤੀ ਦਿੱਤੀ ਹੋਵੇ। ਸ੍ਰੀ ਹਰੀ ਰਾਮ ਸੰਕੀਰਤਨ ਮੰਡਲ ਦੇ ਵਿੱਚ ਵੀ ਰਾਧੇ ਰਾਧੇ ਨਾਮ ਦਾ ਕੀਰਤਨ ਜੋਸ਼ ਨਾਲ ਕਰਦੇ ਸਨ।
ਸੰਖੇਪ-ਜਿਹੀ ਬਿਮਾਰੀ ਤੋਂ ਬਾਅਦ ਬਹੁ ਸ਼ਾਲੀ ਪ੍ਰਤਿਭਾ ਦੀ ਧਨੀ ਇਹ ਬੁਲੰਦ ਆਵਾਜ਼ ਪਰਸ਼ੋਤਮ ਮਹੀਨੇ ਦੀ ਇਕਾਦਸ਼ੀ ਵਾਲੇ ਦਿਨ ਮਿਤੀ 27 ਸਿਤੰਬਰ 2020 ਨੂੰ ਆਪਣੇ ਪਿੱਛੇ ਪੋਤਰੇ ਅਤੇ ਦੋਹਤਿਆਂ ਦੀ ਮਹਿਕਦੀ ਫੁਲਵਾੜੀ ਛੱਡ ਸਦਾ ਲਈ ਖਾਮੋਸ਼ ਹੋ ਗਈ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਗਰੁੜ ਪੁਰਾਣ ਜੀ ਦੇ ਪਾਠ ਦਾ ਭੋਗ ਮਿਤੀ 8 ਅਕਤੂਬਰ 2020 ਦਿਨ ਵੀਰਵਾਰ ਕਮਿਊਨਿਟੀ ਹਾਲ ਅਰਵਿੰਦ ਨਗਰ ਮਾਨਸਾ ਵਿਖੇ ਦੁਪਹਿਰ 12.30ਵਜੇ ਪਵੇਗਾ।

NO COMMENTS