*ਬਸਪਾ 8 ਜੂਨ ਨੂੰ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰੇਗੀ- ਜਸਵੀਰ ਸਿੰਘ ਗੜ੍ਹੀ*

0
19

ਜਲੰਧਰ/ਚੰਡੀਗੜ੍ਹ: ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ ਦੀ ਬੁਨਿਆਦ ਕੇਜਰੀਵਾਲ ਦੇ ਲਾਰੇ ਤੇ ਝੂਠੇ ਕੌਲ ਹਨ, ਜੋਕਿ ਪੰਜਾਬੀਆਂ ਨਾਲ ਚਿੱਟੇ ਦਿਨ ਬੋਲੇ ਗਏ। ਜਿਸ ਖ਼ਿਲਾਫ਼ ਬਹੁਜਨ ਸਮਾਜ ਪਾਰਟੀ 8ਜੂਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਸੰਗਰੂਰ ਵਿਖੇ ਕਰੇਗੀ। ਇਸ ਦੇ ਨਾਲ ਹੀ ਗੜ੍ਹੀ ਨੇ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਸਿੱਧੂ ਮੂਸੇਵਾਲੇ ਦਾ ਕਤਲ ਪੰਜਾਬ ਸਰਕਾਰ ਦੀ ਕਾਨੂੰਨ ਵਿਵਸਥਾ ‘ਤੇ ਕਾਲਾ ਕਲੰਕ ਹੈ, ਜਿਸ ਤਹਿਤ ਅੱਜ ਪੰਜਾਬ ਸਿਹਾਂ ਦੇ ਰੂਪ ਵਿਚ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਬਲਕੌਰ ਸਿੰਘ ਧਾਹਾਂ ਮਾਰਕੇ ਆਪਣੀ ਪੱਗ ਆਪਣੇ ਹੱਥੀਂ ਉਤਾਰਕੇ ਪੰਜਾਬੀਆਂ ਦੇ ਦੁੱਖ ਦਾ ਰੋਣਾ ਕੀਰਨਿਆਂ ਦੇ ਰੂਪ ਰੋ ਰਿਹਾ ਸੀ, ਜਿਸਨੂੰ ਪੂਰੇ ਪੰਜਾਬ ਨੇ ਦੁਖੀ ਹਿਰਦੇ ਨਾਲ ਦੇਖਿਆ।

ਮਾਲਵਾ ਖਿੱਤੇ ਦੀ ਨਰਮਾ ਪੱਟੀ ਦੇ ਖੇਤਰ ਵਿਚ ਸਮੂਹ ਮਜ਼ਦੂਰ ਸੜਕਾਂ ‘ਤੇ ਹਨ, ਜਿਨ੍ਹਾਂ ਦੀਆਂ ਮੁੱਖ ਮੰਗਾਂ ਦਿਹਾੜੀ ਰੇਟ 700 ਰੁਪਏ ਕਰਨਾ, ਦਿਹਾੜੀ 12 ਘੰਟੇ ਤੋਂ ਘਟਾਕੇ 8 ਘੰਟੇ ਕਰਨੀ, ਝੋਨਾ ਲੁਆਈ 6000 ਰੁਪਏ ਪ੍ਰਤੀ ਏਕੜ ਕਰਨੀ, ਨਰਮਾ ਤੁੜਾਈ 1500 ਰੁਪਏ ਪ੍ਰਤੀ ਕੁਇੰਟਲ ਕਰਨਾ, ਮਨਰੇਗਾ ਦਿਹਾੜੀ ਡੀਸੀ ਰੇਟ ‘ਤੇ ਕਰਕੇ ਸਾਲ ਦੇ 200 ਦਿਨਾਂ ਤਕ ਕਰਨੀ, ਲਾਭਪਾਤਰੀ ਕਾਰਡ ਲੋੜਵੰਦ ਮਜ਼ਦੂਰਾਂ ਦੇ ਬਣਾਣੇ ਜਾਣ, ਪੰਚਾਇਤੀ ਜ਼ਮੀਨ ਦੀ ਬੋਲੀ ਦਾ ਤੀਜਾ ਹਿੱਸਾ ਅਨੁਸੂਚਿਤ ਜਾਤੀਆਂ ਲਈ ਲਾਗੂ ਕਰਾਉਣ ਲਈ, ਆਦਿ ਮੁੱਖ ਮੰਗਾਂ ਹਨ। ਇਨ੍ਹਾਂ ਨੂੰ ਲਾਗੂ ਕਰਨ ਲਈ ਆਪ ਪਾਰਟੀ ਦੀ ਸਰਕਾਰ ਨੇ ਘੇਸਲ ਵੱਟ ਲਈ ਹੈ।

ਬਸਪਾ ਸੂਬਾ ਪ੍ਰਧਾਨ ਨੇ ਵਿਸਥਾਰ ਦਿੰਦਿਆ ਦੱਸਿਆ ਕਿ ਕੇਜਰੀਵਾਲ ਦਾ ਝੂਠ ਸੀ ਕਿ 1 ਅਪ੍ਰੈਲ ਤੋਂ ਬਾਅਦ ਕੋਈ ਕਿਸਾਨ ਖੁਦਕੁਸ਼ੀ ਨਹੀਂ ਕਰੇਗਾ, ਜਦੋਂ ਕਿ 25 ਤੋਂ ਜਿਆਦਾ ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। ਸਰਕਾਰ ਮਹਿਲਾਵਾਂ ਦੇ ਫਰੀ ਬੱਸ ਸਫ਼ਰ ਨੂੰ ਬੰਦ ਕਰਨ ਜਾ ਰਹੀ ਹੈ, 18 ਸਾਲ ਤੋਂ ਉਪਰ ਮਹਿਲਾਵਾਂ ਲਈ ਦਿੱਤੇ ਜਾਣ ਵਾਲੇ 1000 ਰੁਪਏ ਅਤੇ ਪ੍ਰਤੀ ਘਰ 300 ਯੂਨਿਟ ਪ੍ਰਤੀ ਮਹੀਨਾ ਮਾਫ਼ ਕਰਨ ਸਬੰਧੀ ਹੁਣ ਕੇਜਰੀਵਾਲ ਤੇ ਭਗਵੰਤ ਮਾਨ ਦੀ ਜੋੜੀ ਵਲੋਂ ਢੋਲ ਵਜਾਕੇ ਕੀਤੇ ਐਲਾਨਾਂ ਤੋਂ ਪਲਟਣ ਦੇ ਨਾਲ ਹੀ ਪੰਜਾਬ ਸਰਕਾਰ ਦੀ ਪੋਲ ਪੱਟੀ ਪੰਜਾਬੀਆਂ ਵਿੱਚ ਬੇਨਕਾਬ ਹੋ ਰਹੀ ਹੈ। ਜਦੋਂਕਿ ਲਾਲ ਲਕੀਰ ਵਿੱਚ ਵਸਦੇ ਲੋਕਾਂ ਲਈ ਰਾਹਤ, ਵਿਦਿਆਰਥੀਆ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਮੁੱਦੇ ਤੇ, ਪਛੜੀਆਂ ਸ਼੍ਰੇਣੀਆਂ ਦੇ ਮੰਡਲ ਕਮਿਸ਼ਨ ਰਿਪੋਰਟ ਲਾਗੂ ਕਰਨ ਦੇ ਮੁੱਦੇ ਤੇ, 85ਵੀ ਸੋਧ ਲਾਗੂ ਕਰਨ ਤੇ 10/10/2014 ਦਾ ਪੱਤਰ ਰੱਦ ਕਰਨ, ਕੱਚੇ/ਠੇਕੇ/ਆਉਟਡੋਰ ਮੁਲਾਜ਼ਮਾਂ ਨੂੰ ਪੱਕੇ ਕਰਨ, ਗਰੀਬਾਂ ਲਈ ਸਗੁਨ ਸਕੀਮ ਨੂੰ ਲਾਗੂ ਕਰਨ ਤੇ ਬਕਾਏ ਕੇਸ ਪਾਸ ਕਰਨ, ਆਦਿ ਹਰ ਮੁੱਦੇ ਤੇ ਆਪ ਪਾਰਟੀ ਦੀ ਸਰਕਾਰ ਘੇਸਲ ਮਾਰੂ ਚੁੱਪ ਵੱਟੀ ਬੈਠੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਡੇਰਾਬੱਸੀ ਵਿਖੇ ਖੇਤਾਂ ਦੀ ਨਾੜ ਦੀ ਅੱਗ ਨਾਲ ਜਲਕੇ ਸੁਆਹ ਹੋਈਆਂ 50 ਝੁੱਗੀਆਂ ਅਤੇ ਇੱਕ ਡੇਢ ਸਾਲ ਦੀ ਬੱਚੀ ਨੂੰ ਹਾਲੀ ਤਕ ਪੰਜਾਬ ਸਰਕਾਰ ਇਨਸਾਫ਼ ਨਹੀਂ ਦੇ ਸਕੀ ਹੈ ਜੋਕਿ ਅਤਿ ਸ਼ਰਮਨਾਕ ਹੈ। ਬਹੁਜਨ ਸਮਾਜ ਪਾਰਟੀ ਸਰਕਾਰ ਦੀਆਂ ਨਲਾਇਕੀਆਂ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ 8ਜੂਨ ਨੂੰ ਮਜ਼ਦੂਰਾਂ ਗਰੀਬਾਂ ਦਲਿਤਾਂ ਪਛੜੇ ਵਰਗਾਂ ਵਿਸ਼ਾਲ ਬਹੁਜਨ ਸਮਾਜ ਦਾ ਇਕੱਠ ਸੰਗਰੂਰ ਵਿਖੇ ਕਰੇਗੀ ਤੇ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਘੇਰੇਗੀ।

NO COMMENTS