ਫਗਵਾੜਾ 15 ਫਰਵਰੀ (ਸਾਰਾ ਯਹਾਂ/ਸ਼ਿਵ ਕੌੜਾ) ਉਦਯੋਗਪਤੀ ਕੇ.ਕੇ. ਸਰਦਾਨਾ ਦੀ ਸਰਪ੍ਰਸਤੀ ਹੇਠ ਸਥਾਨਕ ਗੁਰੂ ਹਰਗੋਬਿੰਦ ਨਗਰ ਸਥਿਤ ਬਲੱਡ ਬੈਂਕ ਵਿਖੇ ਮਾਤਾ ਠਾਕੁਰ ਦੇਵੀ ਅਤੇ ਨਾਨਕ ਚੰਦ ਸੇਠੀ ਦੀ ਮਿੱਠੀ ਯਾਦ ਨੂੰ ਸਮਰਪਿਤ ਦੰਦਾਂ ਅਤੇ ਜਬਾੜਿਆਂ ਦਾ 447ਵਾਂ ਫਰੀ ਕੈਂਪ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਲਗਾਇਆ ਗਿਆ। ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਅਲਾਇੰਸ ਇੰਟਰਨੈਸ਼ਨਲ ਦੇ ਵਾਈਸ ਡਿਸਟ੍ਰਿਕਟ ਗਵਰਨਰ ਪਦਮ ਲਾਲ ਵਧਾਵਨ ਨੇ ਦੀਪ ਪ੍ਰੱਜਵਲਿਤ ਕਰਕੇ ਕੀਤਾ। ਉਹਨਾਂ ਦੇ ਨਾਲ ਰੋਟਰੀ ਕਲੱਬ 321-ਡੀ ਦੇ ਸਾਬਕਾ ਡਿਸਟ੍ਰਿਕਟ ਗਵਰਨਰ ਲਾਇਨ ਸਤਪਾਲ ਸੇਠੀ ਵਿਸ਼ੇਸ਼ ਮਹਿਮਾਨ ਵਜੋਂ ਮੋਜੂਦ ਰਹੇ। ਮੁੱਖ ਮਹਿਮਾਨ ਨੇ 6 ਲੋੜਵੰਦ ਬਜੁਰਗਾਂ ਨੂੰ ਨਵੇਂ ਤਿਆਰ ਜਬਾੜੇ ਵੀ ਵੰਡੇ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਬਲੱਡ ਬੈਂਕ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਕੈਂਪ ਦੌਰਾਨ ਸੀ.ਐਮ.ਸੀ. ਲੁਧਿਆਣਾ ਤੋਂ ਡਾ: ਤਮਨਪ੍ਰੀਤ ਦੀ ਅਗਵਾਈ ਹੇਠ ਪਹੁੰਚੀ ਮਾਹਿਰ ਡਾਕਟਰਾਂ ਦੀ 25 ਮੈਂਬਰੀ ਮੋਬਾਈਲ ਟੀਮ ਨੇ 110 ਮਰੀਜ਼ਾਂ ਦੇ ਦੰਦਾਂ ਦੀ ਜਾਂਚ ਕੀਤੀ। ਲੋੜਵੰਦਾਂ ਦੇ ਦੰਦ ਸਾਫ਼ ਕੀਤੇ ਗਏ ਅਤੇ ਲੋੜ ਅਨੁਸਾਰ ਦਵਾਈਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਮਰੀਜ਼ਾਂ ਦੇ ਟੁੱਟੇ ਦੰਦਾਂ ਦੀ ਵੀ ਭਰਾਈ ਕੀਤੀ ਗਈ। ਕੈਂਪ ਦੌਰਾਨ 25 ਨਵੇਂ ਜਬਾੜੇ ਬਣਾਉਣ ਦੀ ਅਗਲੀ ਪ੍ਰਕਿਰਿਆ ਪੂਰੀ ਕੀਤੀ ਗਈ। ਅਖੀਰ ਵਿਚ ਗੁਰਮੀਤ ਪਲਾਹੀ ਨੇ ਸਮੂਹ ਪਤਵੰਤਿਆਂ, ਡਾਕਟਰਾਂ ਦੀ ਟੀਮ ਤੇ ਹਾਜਰੀਨ ਦਾ ਧੰਨਵਾਦ ਕੀਤਾ। ਰਘਬੋਤਰਾ ਨੇ ਦੱਸਿਆ ਕਿ ਸਾਢੇ ਅਠਾਰਾਂ ਸਾਲਾਂ ਤੋਂ ਹਰ ਪੰਦਰਾਂ ਦਿਨਾਂ ਬਾਅਦ ਮਹੀਨੇ ਵਿੱਚ ਦੋ ਵਾਰ ਇਹ ਕੈਂਪ ਲਗਾਇਆ ਜਾਂਦਾ ਹੈ। ਅਗਲਾ ਕੈਂਪ 3 ਮਾਰਚ ਦਿਨ ਸੋਮਵਾਰ ਨੂੰ ਲਗਾਇਆ ਜਾਵੇਗਾ। ਇਸ ਮੌਕੇ ਕ੍ਰਿਸ਼ਨ ਕੁਮਾਰ, ਰਮਨ ਨਹਿਰਾ, ਗੁਲਸ਼ਨ ਕਪੂਰ, ਮੋਹਨ ਲਾਲ ਤਨੇਜਾ, ਨਰਿੰਦਰ ਸਿੰਘ ਸੈਣੀ, ਕੁਲਦੀਪ ਦੁੱਗਲ, ਸੁਮਿੰਦਰ ਸਿੰਘ, ਦਲਜੀਤ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।