*ਬਲਾਕ ਪੱਧਰ ’ਤੇ ਕਿਸਾਨ ਉਦਪਾਦਕ ਸੰਗਠਨ ਬਣਾ ਕੇ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਕੀਤਾ ਜਾ ਸਕਦਾ ਹੈ ਮਜ਼ਬੂਤ-ਡਿਪਟੀ ਕਮਿਸ਼ਨਰ ਮਾਨਸਾ*

0
14

ਮਾਨਸਾ, 25 ਮਈ  (ਸਾਰਾ ਯਹਾਂ/ ਮੁੱਖ ਸੰਪਾਦਕ ) : ਸਥਾਨਕ ਜ਼ਿਲਾ ਕਾਨਫਰੰਸ ਹਾਲ ਵਿਖੇ ਡਿਪਟੀ ਕਮਿਸ਼ਨਰ ਸ਼੍ਰੀ ਜਸਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲਾ ਪੱਧਰੀ ਮੋਨੀਟਰਿੰਗ ਕਮੇਟੀ ਨਾਬਾਰਡ ਦੀ ਕਿਸਾਨ ਭਲਾਈ ਸਕੀਮਾਂ ਨੂੰ ਲੈ ਕੇ ਮੀਟਿੰਗ ਹੋਈ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਜਸਪ੍ਰੀਤ ਸਿੰਘ ਨੇ ਖੇਤੀਬਾੜੀ ਨਾਲ ਸਬੰਧਤ ਵਿਭਾਗੀ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲੇ ਦੇ ਕਿਸਾਨਾਂ ਨੂੰ ਕਣਕ ਝੋਨੇ ਦੀ ਫਸਲ ਤੋਂ ਇਲਾਵਾ ਖੇਤੀਬਾੜੀ ਨਾਲ ਸਬੰਧਤ ਹੋਰ ਫਸਲਾਂ ਜਾਂ ਖਾਦ ਪਦਾਰਥਾਂ ਦੀ ਖਰੀਦੋ ਫਰੋਖਤ ਲਈ ਬਲਾਕ ਪੱਧਰ ’ਤੇ ਕਿਸਾਨ ਉਦਪਾਦਕ ਸੰਗਠਨ ਬਣਾ ਕੇ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਹੋਰ ਵਧੇਰੇ ਮਜ਼ਬੂਤ ਕੀਤਾ ਜਾ ਸਕਦਾ ਹੈ। ਸ਼੍ਰੀ ਜਸਪ੍ਰੀਤ ਸਿੰਘ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਜ਼ਿਲੇ ਦੇ ਹਰੇਕ ਬਲਾਕ ਪੱਧਰ ’ਤੇ ਕਿਸਾਨ ਉਤਪਾਦਕ ਸੰਗਠਨ (ਐਫ.ਪੀ.ਓ) ਨਾਲ ਜੋੜਨ ਲਈ ਕਿਸਾਨਾਂ ਦੀ ਸ਼ਨਾਖਤ ਕੀਤੀ ਜਾਵੇ ਅਤੇ ਵੱਧ ਤੋਂ ਵੱਧ ਕਿਸਾਨਾਂ ਨੂੰ ਐਫ.ਪੀ.ਓ ਸਕੀਮ ਬਾਰੇ ਜਾਣਕਾਰੀ ਦਿੱਤੀ ਜਾਵੇ। ਉਨਾਂ ਕਿਹਾ ਕਿ ਸਰਕਾਰ ਦੀ ਇਸ ਸਕੀਮ ਨਾਲ ਜਿੱਥੇ ਕਿਸਾਨਾਂ ਦੀ ਆਮਦਨ ’ਚ ਵਾਧਾ ਹੋਵੇਗਾ, ਉਥੇ ਕਿਸਾਨਾਂ ਨੂੰ ਵਾਜ਼ਬ ਰੇਟਾਂ ’ਤੇ ਖੇਤੀਬਾੜੀ ਦੇ ਇਨਪੁਟਸ ਮਿਲ ਸਕਣਗੇ । ਇਸ ਮੌਕੇ ਸਹਾਇਕ ਜਨਰਲ ਮੈਨੇਜਰ (ਡੀ.ਡੀ.) ਸ਼੍ਰੀ ਅਮਿਤ ਗਰਗ ਨੇ ਦੱਸਿਆ ਕਿ ਇਸ ਸਕੀਮ ਅਧੀਨ ਇੱਕ ਬਲਾਕ ਵਿੱਚ ਘੱਟੋ-ਘੱਟ 300 ਕਿਸਾਨਾਂ ਨੂੰ ਇਸ ਸੰਗਠਨ ਨਾਲ ਜੋੜਿਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਇਸ ਨਾਲ ਜੁੜ ਕੇ ਕਿਸਾਨਾਂ ਨੂੰ ਵਧੀਆ ਮੁੱਲ ’ਤੇ ਮਾਲ ਵੇਚਣ ਵਿੱਚ ਆਸਾਨੀ ਹੋਵੇਗੀ। ਉਨਾਂ ਕਿਹਾ ਕਿ ਕਿਸਾਨਾਂ ਨੂੰ ਪ੍ਰੇਰਿਤ ਕਰਕੇ ਇੱਕ ਬਲਾਕ ਵਿੱਚ ਇੱਕ ਕਿਸਾਨ ਉਤਪਾਦਕ ਸੰਗਠਨ ਜ਼ਰੂਰ ਤਿਆਰ ਕੀਤਾ ਜਾਵੇ। ਇਸ ਤੋਂ ਪਹਿਲਾ ਸ੍ਰੀ ਅਮਿਤ ਗਰਗ ਨੇ ਦੱਸਿਆ ਕਿ ਏ.ਆਈ.ਐਫ. (ਐਗਰੀਕਲਚਰ ਇਨਫਰਾਸਟਰਚਰ ਫੰਡ) ਖੇਤੀਬਾੜੀ ਦੇ ਬੁਨਿਆਦੀ ਢਾਂਚੇ ਸਬੰਧੀ ਸਕੀਮ ਦੇ ਅਧੀਨ ਯੋਗ ਕਰਜ਼ਿਆਂ ’ਤੇ 2 ਕਰੋੜ ਦੇ ਕਰਜ਼ੇ ਤੱਕ 3 ਫੀਸਦੀ ਵਿਆਜ਼ ਰਿਆਇਤ 7 ਸਾਲਾਂ ਲਈ ਉਪਲੱਬਧ ਹੋਵੇਗੀ। ਉਨਾਂ ਕਿਹਾ ਕਿ ਇਸ ਸਕੀਮ ਸਬੰਧੀ ਜ਼ਿਲੇ ਦੇ ਯੋਗ ਅਤੇ ਉਦਮੀ ਕਿਸਾਨਾਂ ਤੱਕ ਇਹ ਜਾਣਕਾਰੀ ਪਹੰੁਚਾਈ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਟੀ. ਬੈਨਿਥ, ਮੁੱਖ ਖੇਤੀਬਾੜੀ ਅਫ਼ਸਰ ਮਨਜੀਤ ਸਿੰਘ, ਮੱਛੀ ਪਾਲਣ ਵਿਭਾਗ, ਬਾਗਬਾਨੀ ਵਿਭਾਗ, ਜ਼ਿਲਾ ਖੁਰਾਕ ਤੇ ਸਿਵਲ ਸਪਲਾਈ ਵਿਭਾਗ, ਕਿ੍ਸ਼ੀ ਵਿਗਿਆਨ ਕੇਂਦਰ, ਪਸ਼ੂ ਪਾਲਣ ਵਿਭਾਗ ਦੇ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ

NO COMMENTS