ਬੋਹਾ 7 ਜੂਨ (ਸਾਰਾ ਯਹਾਂ/ਦਰਸ਼ਨ ਹਾਕਮਵਾਲਾ)- ਕ੍ਰਿਸ਼ਨ ਕੁਮਾਰ ਸਕੱਤਰ ਸਿੱਖਿਆ ਵਿਭਾਗ ਪੰਜਾਬ ਜੀ ਨੇ ਸਿੱਖਿਆ ਖੇਤਰ ਦਾ ਸੰਚਾਲਨ ਵਧੀਆ ਢੰਗ ਨਾਲ਼ ਚਲਾਉਣ ਹਿੱਤ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਬਲਾਕ ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ।ਜਿਸ ਦੇ ਸਿੱਟੇ ਵਜੋਂ ਸਿੱਖਿਆ ਸੁਧਾਰ ਵੇਖਣ ਨੂੰ ਮਿਲੇ।ਅੰਜੂ ਗੁਪਤਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਾਨਸਾ ਅਤੇ ਜਗਰੂਪ ਭਾਰਤੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਾਨਸਾ ਦੀ ਰਹਿਨੁਮਾਈ ਹੇਠ ਮਾਨਸਾ ਦੇ ਪੰਜ ਬਲਾਕਾਂ ਵਿੱਚ ਨੋਡਲ ਅਫ਼ਸਰ ਸੰਜੀਦਗੀ ਨਾਲ਼ ਕਾਰਜ ਕਰ ਰਹੇ ਹਨ।ਪ੍ਰਿੰਸੀਪਲ ਅੰਗਰੇਜ਼ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਰਿਉਂਦ, ਕਲਾਂ (ਮਾਨਸਾ ) ਬਤੌਰ ਬਲਾਕ ਨੋਡਲ ਅਫ਼ਸਰ ਬਰੇਟਾ ਕਾਰਜਸ਼ੀਲ ਹਨ,ਜਿੰਨ੍ਹਾਂ ਦੀ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ਼ ਬਲਾਕ ਬਰੇਟਾ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।ਇਸ ਸੰਬੰਧੀ ਬਲਾਕ ਨੋਡਲ ਅਫ਼ਸਰ ਖ਼ੁਦ ਬਲਾਕ ਬਰੇਟਾ ਅਧੀਨ ਆਉਂਦੇ ਮੇਲਿਆਂ ,ਪਿੰਡਾਂ ਅਤੇ ਸੱਥਾਂ ਵਿੱਚ ਸਰਕਾਰੀ ਸਕੂਲਾਂ ਦੀ ਬਹਿਤਰੀ ਦਾ ਪ੍ਰਚਾਰ ਕਰ ਰਹੇ ਹਨ, ਬਲਾਕ ਬਰੇਟਾ ਵਿੱਚ ਸਕੂਲਾਂ ਦੀਆਂ ਵਿੱਦਿਅਕ ਅਤੇ ਸਹਿ- ਵਿੱਦਿਅਕ ਪ੍ਰਾਪਤੀਆਂ ਪੱਖੋਂ ਵੀ ਮੋਹਰੀ ਕਤਾਰ ਵਿੱਚ ਨਜ਼ਰ ਆਉਂਦਾ ਹੈ।ਸਰਕਾਰੀ ਮਿਡਲ ਸਮਾਰਟ ਸਕੂਲ ਗੋਰਖ ਨਾਥ (ਮਾਨਸਾ )ਦਾ ਪੰਜਾਬ ਦੀ ਸਰਬੋਤਮ ਸੂਚੀ ਵਿੱਚ ਸ਼ਾਮਿਲ ਹੋਣਾ ਵੀ ਵੱਡੀ ਪ੍ਰਾਪਤੀ ਹੈ।ਸਰਕਾਰੀ ਸੀਨੀਅਰ ਸੈਕੰਡਰੀ ਮਾਡਲ ਸਕੂਲ, ਕੁਲਰੀਆਂ (ਮਾਨਸਾ )ਵਿਖੇ ਬੱਚਿਆਂ ਦੀ ਗਿਣਤੀ ਵਿੱਚ ਹੈਰਾਨੀਜਨਕ ਵਾਧਾ ਮਾਡਲ ਸਕੂਲ ਕੁਲਰੀਆਂ ਨੂੰ ਪੰਜਾਬ ਦੇ ਨਕਸ਼ੇ ਉਪਰ ਲੈ ਆਇਆ ਹੈ।ਇਸ ਸਕੂਲ ਵਿੱਚ ਅਧਿਆਪਕਾਂ ਦੇ ਖ਼ੁਦ ਦੇ ਬੱਚੇ ਅਤੇ ਪ੍ਰਾਈਵੇਟ ਸਕੂਲਾਂ ਤੋਂ ਦਾਖ਼ਲ ਹੋਏ ਬੱਚੇ ਗੁਣਾਤਮਿਕ ਸਿੱਖਿਆ ਪ੍ਰਦਾਨ ਕਰ ਰਹੇ ਹਨ।ਬਲਾਕ ਨੋਡਲ ਅਫ਼ਸਰ ਬਰੇਟਾ /ਪ੍ਰਿੰਸੀਪਲ ਅੰਗਰੇਜ਼ ਸਿੰਘ ਨੇ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਸਕੂਲਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪ੍ਰਸੰਸਾ ਪੱਤਰ ਰਾਹੀਂ ਸਨਮਾਨਿਤ ਕਰਨ ਦਾ ਉਪਰਾਲਾ ਸ਼ੁਰੂ ਕਰ ਦਿੱਤਾ ਹੈ,ਜਿਸ ਦਾ ਆਗਾਜ਼ ਮਾਡਲ ਸਕੂਲ, ਕੁਲਰੀਆਂ ਦੇ ਪ੍ਰਿੰਸੀਪਲ ਗੁਰਵਿੰਦਰ ਸਿੰਘ ਅਤੇ ਲੈਕਚਰਾਰ ਨਰਸੀ ਸਿੰਘ ਨੂੰ ਵਧੀਆ ਕਾਰਗੁਜ਼ਾਰੀ ਬਦਲੇ ਸਨਮਾਨਿਤ ਕਰਕੇ ਕੀਤਾ।ਇਸ ਤੋਂ ਜੋਯਤੀ ਅਰੋੜਾ ਅੰਗਰੇਜ਼ੀ ਮਿਸਟ੍ਰੈਸ ਦਿਆਲਪੁਰਾ, ਰਵਿੰਦਰਜੀਤ ਸਿੰਘ ਆਰਟ ਐਂਡ ਕਰਾਫਟ ਰਿਉਂਦ ਕਲਾਂ , ਮੁਕੇਸ਼ ਕੁਮਾਰ ਸਾਇੰਸ ਮਾਸਟਰ ਬੋਹਾ, ਯਾਦਵਿੰਦਰ ਸਿੰਘ ਪੀ.ਟੀ.ਆਈ. ਰਿਉਂਦ ਕਲਾਂ,ਚਮਕੌਰ ਸਿੰਘ ਸਾਇੰਸ ਮਾਸਟਰ ਰਿਉਂਦ ਕਲਾਂ ਨੂੰ ਵਧੀਆ ਕਾਰਗੁਜ਼ਾਰੀ ਬਦਲੇ ਸਨਮਾਨਿਤ ਕੀਤਾ।ਇਸ ਸਨਮਾਨ ਸਮੇਂ ਉਨ੍ਹਾਂ ਸਮੁੱਚੇ ਸਟਾਫ਼ ਨੂੰ ਵਧਾਈ ਦਿੱਤੀ ਅਤੇ ਪੰਜਾਬ ਸਰਕਾਰ ਵੱਲੋਂ ਐਲਾਨੀ ਸੂਚੀ ਵਿੱਚ ਸਰਕਾਰੀ ਮਿਡਲ ਸਕੂਲ ਗੋਰਖ ਨਾਥ (ਮਾਨਸਾ)ਨੂੰ ਸਰਬੋਤਮ ਸਰਕਾਰੀ ਸਕੂਲ ਦਰਜਾ ਮਿਲਣ ਦੀ ਖ਼ੁਸ਼ੀ ਸਾਂਝੀ ਕੀਤੀ ।ਇਸ ਮੌਕੇ ਗੋਰਖ ਨਾਥ ਸਕੂਲ ਦੇ ਸਮੁੱਚੇ ਸਟਾਫ਼ ਵਧਾਈਆਂ ਦਿੱਤੀਆਂ ਅਤੇ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ,ਸਰਪੰਚ ਅਤੇ ਸਾਰੇ ਪਿੰਡ ਨਿਵਾਸੀਆਂ ਦੇ ਸਹਿਯੋਗ ਦੀ ਪ੍ਰਸੰਸਾ ਵੀ ਕੀਤੀ ।ਉਨ੍ਹਾਂ ਸਿੱਖਿਆ ਵਿਭਾਗ ਪੰਜਾਬ ਵੱਲੋਂ ਨਿਰਧਾਰਿਤ ਗਿਣਤੀ ਦੇ ਬਰਾਬਰ ਜਾਂ ਵੱਧ ਵਿਦਿਆਰਥੀ ਦਾਖ਼ਲ ਕਰਨ ਵਾਲੇ ਸਕੂਲਾਂ ਦੀ ਵੀ ਪ੍ਰਸੰਸਾ ਕੀਤੀ ।