ਬਲਬੀਰ ਸਿੰਘ ਸਿੱਧੂ ਨੇ ਭੀੜ ਵਾਲੇ ਇਲਾਕਿਆਂ ਵਿੱਚ ਐਮਰਜੈਂਸੀ ਸੇਵਾਵਾਂ ਦੇਣ ਲਈ 22 ਐਂਬੂਲੈਂਸਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

0
12

ਚੰਡੀਗੜ੍ਹ, 23 ਫਰਵਰੀ (ਸਾਰਾ ਯਹਾ /ਮੁੱਖ ਸੰਪਾਦਕ): ਸ਼ਹਿਰਾਂ ਦੇ ਭੀੜ ਭੜੱਕੇ ਵਾਲੇ ਇਲਾਕਿਆਂ ਵਿੱਚ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਪੰਜਾਬ ਦੇ ਹਰੇਕ ਜ਼ਿਲ੍ਹੇ ਲਈ 22 ਛੋਟੀਆਂ ਐਂਬੂਲੈਂਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਸਿੱਧੂ ਨੇ ਦੱਸਿਆ ਕਿ ਇਹ ਐਂਬੂਲੈਂਸਾਂ 108 ਹੈਲਪ ਲਾਈਨ ਅਧੀਨ ਚੱਲਣ ਵਾਲੀਆਂ ਐਂਬੂਲੈਂਸਾਂ ਤੋਂ ਇਲਾਵਾ ਚੱਲਣਗੀਆਂ। ਇਹ ਛੋਟੀਆਂ ਤੰਗ ਗਲੀਆਂ ਵਿਚ ਮਰੀਜ਼ਾਂ ਲਈ ਤੁਰੰਤ ਐਮਰਜੈਂਸੀ ਸੇਵਾਵਾਂ ਯਕੀਨੀ ਬਣਾਉਣ ਲਈ ਲਾਹੇਵੰਦ ਸਿੱਧ ਹੋਣਗੀਆਂ।

ਉਨ੍ਹਾਂ ਕਿਹਾ ਕਿ ਹਰੇਕ ਵੈਨ ਵਿਚ ਮਰੀਜ਼ਾਂ ਅਤੇ ਡਰਾਈਵਰਾਂ ਤੋਂ ਇਲਾਵਾ 5 ਸਹਾਇਕ ਹੋਣਗੇ ਜਿਸ ਨਾਲ ਸ਼ਹਿਰ ਦੇ ਭੀੜ ਵਾਲੇ ਇਲਾਕਿਆਂ ਵਿੱਚ ਆਸਾਨੀ ਨਾਲ ਪਹੁੰਚ ਕੀਤੀ ਜਾ ਸਕੇਗੀ।ਉਨ੍ਹਾਂ ਅੱਗੇ ਕਿਹਾ ਕਿ ਇਹ ਐਂਬੂਲੈਂਸ ਸਾਰੇ ਜ਼ਰੂਰੀ ਉਪਕਰਣਾਂ ਨਾਲ ਲੈਸ ਹੋਵੇਗੀ ਜਿਸ ਵਿੱਚ ਸਟ੍ਰੈਚਰ ਕਮ ਟਰਾਲੀ, ਮੈਡੀਕਲ ਕਿੱਟ ਬਾਕਸ, ਆਕਸੀਜਨ ਸਿਲੰਡਰ ਸਮੇਤ ਲੋੜੀਂਦੀ ਰੌਸ਼ਨੀ ਅਤੇ ਅਨਾਊਸਮੈਂਟ ਸਿਸਟਮ ਦੀ ਵਿਵਸਥਾ ਹੋਵੇਗੀ।ਸ. ਸਿੱਧੂ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਐਂਬੂਲੈਂਸਾਂ ਦੀ ਘਾਟ ਨੂੰ ਪੂਰਾ ਕਰਨ ਲਈ ਸਿਹਤ ਵਿਭਾਗ ਨੇ ਪਿਛਲੇ ਇੱਕ ਸਾਲ ਦੌਰਾਨ 180 ਐਂਬੂਲੈਂਸਾਂ ਦੀ ਖਰੀਦ ਕੀਤੀ ਹੈ ਅਤੇ ਸਾਰੇ 22 ਜ਼ਿਲ੍ਹਿਆਂ ਦੀਆਂ ਆਪਣੀਆਂ ਏਐਲਐਸ ਐਂਬੂਲੈਂਸਾਂ (ਐਡਵਾਂਸ ਲਾਈਫ ਸਪੋਰਟ) ਹਨ ਜੋ ਪੂਰੀ ਤਰ੍ਹਾਂ ਨਾਲ ਜ਼ਿੰਦਗੀ ਬਚਾਉਣ ਵਾਲੇ ਉਪਕਰਣਾਂ ਵੈਂਟੀਲੇਟਰ, ਮਲਟੀ-ਪੈਰਾ ਪੇਸ਼ੈਂਟ ਮੋਨੀਟਰ, ਸੱਕਸ਼ਨ ਮਸ਼ੀਨ, ਨੇਬੂਲਾਈਜ਼ਰਜ਼ ਨਾਲ ਤਿਆਰ ਹਨ।

ਉਨ੍ਹਾਂ ਕਿਹਾ ਕਿ ਹੁਣ ਸਿਹਤ ਵਿਭਾਗ ਕੋਲ ਸ਼ਹਿਰਾਂ ਅਤੇ ਪਿੰਡਾਂ ਦੇ ਸਾਰੇ ਖੇਤਰਾਂ ਨੂੰ ਕਵਰ ਕਰਨ ਲਈ ਕੁੱਲ 422 ਐਂਬੂਲੈਂਸਾਂ ਹਨ।ਸਿਹਤ ਮੰਤਰੀ ਨੇ ਕਿਹਾ ਕਿ ਇਹ ਐਂਬੂਲੈਂਸਾਂ ਮਹਾਂਮਾਰੀ ਦੌਰਾਨ ਗੰਭੀਰ ਮਰੀਜ਼ਾਂ ਨੂੰ ਸਮੇਂ ਸਿਰ ਸਿਹਤ ਸੰਸਥਾਵਾਂ ਤੱਕ ਲਿਜਾਉਣ ਲਈ ਮਦਦਗਾਰ ਸਾਬਤ ਹੋਈਆਂ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਜਦੋਂ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ, ਇਨ੍ਹਾਂ ਨਵੀਆਂ ਐਂਬੂਲੈਂਸਾਂ ਨਾਲ ਮਹਾਂਮਾਰੀ ਵਿਰੁੱਧ ਲੜਾਈ ਲਈ ਹੋਰ ਬਲ ਮਿਲੇਗਾ।ਸ. ਸਿੱਧੂ ਨੇ ਕਿਹਾ ਕਿ ਸੂਬੇ ਵਿਚ ਇਹ ਐਂਬੂਲੈਂਸ ਰਣਨੀਤਕ ਥਾਵਾਂ ‘ਤੇ ਮੌਜੂਦ ਹਨ ਅਤੇ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਐਮਰਜੈਂਸੀ ਦੀ ਸਥਿਤੀ ਵਿਚ ਇਹ ਐਂਬੂਲੈਂਸਾਂ ਸ਼ਹਿਰੀ ਖੇਤਰਾਂ ਵਿਚ 20 ਮਿੰਟ ਦੇ ਅੰਦਰ ਅੰਦਰ ਪਹੁੰਚ ਜਾਣ।———-

NO COMMENTS