*ਬਲਕਾਰ ਸਿੰਘ ਡਕੌਂਦਾ ਤੋਂ ਪ੍ਰੇਰਨਾ ਲੈ ਕੇ ਚੁਣੌਤੀ ਕਰਾਂਗੇ ਕਬੂਲ – ਕੁਲਵੰਤ ਕਿਸ਼ਨਗੜ੍ਹ*

0
69

ਮਾਨਸਾ 13 ਜੁਲਾਈ :  (ਸਾਰਾ ਯਹਾਂ/ਬੀਰਬਲ ਧਾਲੀਵਾਲ)
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ), ਜ਼ਿਲ੍ਹਾ ਮਾਨਸਾ ਵੱਲੋਂ ਜਥੇਬੰਦੀ ਦੇ ਬਾਨੀ ਪ੍ਰਧਾਨ ਮਰਹੂਮ ਬਲਕਾਰ ਸਿੰਘ ਡਕੌਂਦਾ ਦੀ 13 ਵੀਂ ਬਰਸੀ ਮੌਕੇ ਬੁਢਲਾਡਾ ਵਿਖੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਇਸ ਵਿੱਚ ਜ਼ਿਲੇ ਦੇ ਕੋਨੇ ਕੋਨੇ ਤੋਂ ਸੈਂਕੜੇ ਕਿਸਾਨ ਮਰਦ ਅਤੇ ਬੀਬੀਆਂ ਨੇ ਸ਼ਮੂਲੀਅਤ ਕੀਤੀ।ਬਲਕਾਰ ਸਿੰਘ ਡਕੌਂਦਾ ਦੀ ਯਾਦ ਵਿੱਚ ਮੌਨ ਧਾਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਅਤੇ ਮਹਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਜਦੋਂ ਤਤਕਾਲੀ ਕਿਸਾਨ ਲੀਡਰਸ਼ਿਪ ਸੰਘਰਸ਼ ਦੇ ਰਾਹ ਤੋਂ ਤਿਲ੍ਹਕ ਕੇ ਪਾਰਲੀਮਾਨੀ ਦਲਦਲ ਵੱਲ ਜਾਣ ਲੱਗੀ ਤਾਂ ਬਲਕਾਰ ਸਿੰਘ ਡਕੌਂਦਾ ਨੇ ਸਹੀ ਰਸਤੇ ਦੀ ਪਛਾਣ ਕਰਦੇ ਹੋਏ ਜਥੇਬੰਦੀ ਨੂੰ ਯੋਗ ਅਗਵਾਈ ਦਿੱਤੀ ਅਤੇ 2007 ‘ਚ ਜਥੇਬੰਦੀ ਦੀ ਸਥਾਪਨਾ ਵੇਲ਼ੇ ਪ੍ਰਧਾਨ ਦੀ ਜਿੰਮੇਵਾਰੀ ਸੰਭਾਲੀ।ਬਲਕਾਰ ਸਿੰਘ ਡਕੌਂਦਾ 1991 ਤੋਂ ਦੇਸ਼ ਵਿੱਚ ਲਾਗੂ ਕੀਤੀਆਂ ਜਾ ਰਹੀਆਂ ਨਿੱਜੀਕਰਨ ਦੀਆਂ ਨੀਤੀਆਂ ਦੇ ਕਿਸਾਨ ਵਿਰੋਧੀ ਅਤੇ ਲੋਕ ਵਿਰੋਧੀ ਖਾਸੇ ਤੋਂ ਚੰਗੀ ਤਰਾਂ ਜਾਣੂ ਸਨ। ਉਹਨਾਂ ਨੇ ਇਹਨਾਂ ਨੀਤੀਆਂ ਦੀ ਦਲੀਲਾਂ ਸਹਿਤ ਆਲੋਚਨਾ ਕਰਦੇ ਹੋਏ ਕਿਸਾਨਾਂ ਅਤੇ ਨੌਜਵਾਨਾਂ ਨੂੰ ਡਟ ਕੇ ਵਿਰੋਧ ਕਰਨ ਲਈ ਪ੍ਰੇਰਿਤ ਕੀਤਾ

ਉਹਨਾਂ ਨੇ ਆਪਣੀ ਜ਼ਿੰਦਗੀ ਦੇ ਅਹਿਮ 25 ਸਾਲ ਕਿਸਾਨ ਲਹਿਰ ਦੇ ਲੇਖ਼ੇ ਲਾਉਂਦਿਆਂ ਸਾਂਝੇ ਸੰਘਰਸ਼ਾਂ ਦਾ ਝੰਡਾ ਬੁਲੰਦ ਕੀਤਾ। ਉਹਨਾਂ ਵੱਲੋਂ ਦਿੱਤੀ ਸੇਧ ‘ਤੇ ਚੱਲਦਿਆਂ ਹੀ ਬੀਕੇਯੂ ਏਕਤਾ (ਡਕੌਂਦਾ) ਸਾਂਝੇ ਸੰਘਰਸ਼ਾਂ ਦੀ ਮੂਹਰੈਲ ਜਥੇਬੰਦੀ ਵਜੋਂ ਉੱਭਰੀ ਹੈ।ਜਥੇਬੰਦੀ ਦੇ ਜ਼ਿਲਾ ਮਾਨਸਾ ਦੇ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਭਾਵੇਂ ਉਹ ਆਪਣੀ ਧਰਮ ਪਤਨੀ ਸਮੇਤ ਇਕ ਦਰਦਨਾਕ ਸੜਕ ਹਾਦਸੇ ਵਿੱਚ 13 ਜੁਲਾਈ 2010 ਨੂੰ ਸਾਨੂੰ ਸਰੀਰਕ ਤੌਰ‌ ‘ਤੇ ਸਦੀਵੀ ਵਿਛੋੜਾ ਦੇ ਗਏ ਸਨ, ਪਰ ਉਹ ਵਿਚਾਰਾਂ ਦੇ ਰੂਪ ‘ਚ ਸਾਡੇ ਦਿਲਾਂ ਵਿੱਚ ਹਮੇਸ਼ਾ ਵੱਸਦੇ ਹਨ ਤੇ ਸਾਡੇ ਲਈ ਪ੍ਰੇਰਨਾ ਦਾ ਸਰੋਤ ਹਨ।


 ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ ਅਤੇ ਜ਼ਿਲਾ ਜਨਰਲ ਸਕੱਤਰ ਬਲਵਿੰਦਰ ਸ਼ਰਮਾ ਨੇ ਪਿਛਲੇ ਦਿਨੀਂ ਮਾਨਸਾ ਜ਼ਿਲ੍ਹੇ ਦੇ ਪਿੰਡ ਕੁੱਲਰੀਆਂ ਵਿਖੇ ਪੰਜਾਬ ਸਰਕਾਰ ਵੱਲੋਂ ਧੱਕੇ ਨਾਲ ਲੋਕਾਂ ਦੀਆਂ ਜਮੀਨਾਂ ਤੇ ਕਬਜਾ ਕਰਨ ਦੀ ਕੋਸ਼ਿਸ਼ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਵਿਸ਼ਵਾਸ ਘਾਤ ਦੱਸਿਆ ਅਤੇ ਐਲਾਨ ਕੀਤਾ ਗਿਆ ਕਿ ਹਾਕਮਾਂ ਦੀ ਇਸ ਧੱਕੇਸ਼ਾਹੀ ਦਾ ਜਵਾਬ ਦੇਣ ਲਈ 20 ਜੁਲਾਈ ਨੂੰ ਸੂਬਾ ਕਮੇਟੀ ਦੀ ਅਗਵਾਈ ਹੇਠ, ਕੁੱਲਰੀਆਂ ਵਿਖੇ ਸੂਬਾਈ ਕਿਸਾਨ ਰੈਲੀ ਕੀਤੀ ਜਾਵੇਗੀ ਅਤੇ ਇਸ ਸੰਘਰਸ਼ ਨੂੰ ਅੱਗੇ ਲਿਜਾਣ ਲਈ ਅਗਲੇ ਪ੍ਰੋਗਰਾਮ ਉਲੀਕਣ ਵਾਸਤੇ 16 ਜੁਲਾਈ ਨੂੰ ਸੂਬਾ ਕਮੇਟੀ ਦੀ ਮੀਟਿੰਗ ਗੁਰਦੁਆਰਾ ਬਾਬਾ ਹਾਜੀ ਰਤਨ ਸਾਹਿਬ ਬਠਿੰਡਾ ਵਿਖੇ ਬੁਲਾ ਲਈ ਗਈ ਹੈ।ਬੁਲਾਰਿਆਂ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਕਿਸਾਨਾਂ ਨੂੰ ਸ਼ਾਂਤ ਰਹਿਣ ਲਈ ਕਹਿ ਰਹੇ ਹਨ ਅਤੇ ਇਨਸਾਫ਼ ਦੇਣ ਦੇ ਲਾਰੇ ਲਾ ਰਹੇ ਹਨ, ਦੂਜੇ ਪਾਸੇ ਦਿਨ ਚੜ੍ਹਨ ਤੋਂ ਪਹਿਲਾਂ ਧਾੜਵੀਆਂ ਵਾਂਗੂੰ ਆ ਕੇ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹਨਾਂ ਨੇ ਕਿਹਾ ਕਿ ਕੁੱਲਰੀਆਂ ਪਿੰਡ ਦੀ ਵਿਵਾਦਤ ਜ਼ਮੀਨ ਕਿਸਾਨਾਂ ਦੀ ਬੱਚਤ ਦੀ ਜ਼ਮੀਨ ਹੈ।

ਆਬਾਦਕਾਰ ਕਿਸਾਨ ਇਸ ਨੂੰ ਮੁਰੱਬੇਬੰਦੀ ਵੇਲੇ ਤੋਂ ਵਾਹੁੰਦੇ ਆ ਰਹੇ ਹਨ। ਇਸ ਲਈ ਕਿਸੇ ਵੀ ਹਾਲਤ ਵਿੱਚ ਕਿਸਾਨਾਂ ਤੋਂ ਜ਼ਮੀਨ ਖੋਹਣ ਨਹੀਂ ਦਿੱਤੀ ਜਾਵੇਗੀ।ਇਸ ਤੋਂ ਇਲਾਵਾ ਹੜਾਂ ਨਾਲ ਹੋਏ ਨੁਕਸਾਨ ਨੂੰ ਦੇਖਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਹ ਹੜਾਂ ਨੂੰ ਕੌਮੀ ਆਫ਼ਤ ਐਲਾਨ ਕਰਕੇ ਸੂਬਿਆਂ ਨੂੰ ਆਰਥਿਕ ਸਹਾਇਤਾ ਦੇਵੇ। ਪੰਜਾਬ ਸਰਕਾਰ ਲੋਕਾਂ ਨੂੰ ਫਸਲਾਂ,ਘਰਾਂ ਅਤੇ ਹੋਰ ਨੁਕਸਾਨ ਦਾ ਮੁਆਵਜ਼ਾ ਦੇਵੇ। ਪਸ਼ੂਆਂ ਦੇ ਚਾਰੇ ਦਾ ਅਤੇ ਲੋਕਾਂ ਲਈ ਦਵਾਈਆਂ ਅਤੇ ਰਾਸ਼ਨ ਦਾ ਪ੍ਰਬੰਧ ਕਰੇ।ਬੁਲਾਰਿਆਂ ਨੇ ਬਲਕਾਰ ਸਿੰਘ ਡਕੌਂਦਾ ਵੱਲੋਂ ਦਰਸਾਏ, ਸਾਂਝੇ ਸੰਘਰਸ਼ਾਂ ਦੇ ਰਾਹ ਤੇ ਚਲਦਿਆਂ, ਪਾਰਲੀਮਾਨੀ ਸਿਸਟਮ ਤੋਂ ਝਾਕ ਛੱਡ ਕੇ, ਹਰ ਤਰਾਂ ਦੇ ਕੁਰਾਹਿਆਂ ਖ਼ਿਲਾਫ਼ ਡਟਣ ਦਾ ਅਹਿਦ ਲਿਆ।ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਖ਼ਜ਼ਾਨਚੀ ਦੇਵੀ ਰਾਮ, ਮੀਤ ਪ੍ਰਧਾਨ ਬਲਕਾਰ ਸਿੰਘ ਚਹਿਲਾਂਵਾਲੀ, ਜਗਦੇਵ ਸਿੰਘ ਕੋਟਲੀ ਕਲਾਂ, ਗੁਰਜੰਟ ਸਿੰਘ ਮਘਾਣੀਆਂ, ਸੱਤਪਾਲ ਸਿੰਘ ਵਰ੍ਹੇ, ਮਹਿੰਦਰ ਸਿੰਘ ਰਾਠੀ, ਤਾਰਾ ਚੰਦ ਬਰੇਟਾ, ਮਿੱਠੂ ਸਿੰਘ ਪੇਰੋਂ, ਬਲਜੀਤ ਸਿੰਘ ਭੈਣੀ, ਹਰਬੰਸ ਸਿੰਘ ਟਾਂਡੀਆਂ, ਤਰਸੇਮ ਸਿੰਘ ਚੱਕ ਅਲੀਸ਼ੇਰ, ਗੁਰਚਰਨ ਸਿੰਘ ਅਲੀਸ਼ੇਰ, ਲੀਲਾ ਸਿੰਘ ਮੂਸਾ, ਬਲਵਿੰਦਰ ਕੌਰ, ਸੁਰਜੀਤ ਕੌਰ ਕਿਸ਼ਨਗੜ੍ਹ, ਚਰਨਜੀਤ ਕੌਰ ਧਰਮਪੁਰਾ, ਰਾਮਫ਼ਲ ਸਿੰਘ ਬਹਾਦਰਪੁਰ ਆਦਿ ਨੇ ਇਕੱਠ ਨੂੰ ਸੰਬੋਧਨ ਕੀਤਾ ।

NO COMMENTS