ਬਦਲੇ ਹਾਲਾਤ ਵੇਖ ਮੁੜ ਪਿਛਾਂਹ ਹਟੀ ਬੀਜੇਪੀ, ਰੱਦ ਕੀਤੀ ਤਿਰੰਗਾ ਯਾਤਰਾ

0
79

ਚੰਡੀਗੜ੍ਹ 31, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਬੀਜੇਪੀ ਨੂੰ ਪੰਜਾਬ ਤੇ ਹਰਿਆਣਾ ਦੇ ਕਈ ਸ਼ਹਿਰਾਂ ‘ਚ ਕੱਢੀ ਜਾਣ ਵਾਲੀ ਆਪਣੀ ਤਿਰੰਗਾ ਯਾਤਰਾ ਰੱਦ ਕਰਨੀ ਪਈ। 26 ਜਨਵਰੀ ਨੂੰ ਧਾਰਮਿਕ ਝੰਡਾ ਲਹਿਰਾਉਣ ਦੇ ਵਿਰੋਧ ‘ਚ ਬੀਜੇਪੀ ਵੱਲੋਂ ਪੰਜਾਬ ਤੇ ਹਰਿਆਣਾ ਦੇ ਕਈ ਸ਼ਹਿਰਾਂ ‘ਚ ਤਿਰੰਗਾ ਯਾਤਰਾ ਕੱਢੀ ਜਾਣੀ ਸੀ। ਕਈ ਸ਼ਹਿਰਾਂ ਵਿੱਚ ਤਣਾਅਪੂਰਨ ਸਥਿਤੀ ਨਾਲ ਨਜਿੱਠਣ ਲਈ ਸਥਾਨਕ ਪ੍ਰਸ਼ਾਸਨ ਨੇ ਕਿਸਾਨ ਅੰਦੋਲਨ ਕਾਰਨ ਭਾਜਪਾ ਵਰਕਰਾਂ ਦੁਆਰਾ ਕੀਤੀ ਜਾ ਰਹੀ ਤਿਰੰਗਾ ਯਾਤਰਾ ਨੂੰ ਰੱਦ ਕਰ ਦਿੱਤਾ।

ਪੰਜਾਬ ਦੇ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਤੇ ਹਰਿਆਣਾ ਦੇ ਜੀਂਦ, ਪਾਣੀਪਤ ਤੇ ਅੰਬਾਲਾ ਵਿਖੇ ਤਿਰੰਗਾ ਯਾਤਰਾ ਨੂੰ ਰੱਦ ਕਰਨਾ ਪਿਆ। ਕਿਸਾਨੀ ਅੰਦੋਲਨ ਕਾਰਨ ਤਣਾਅਪੂਰਨ ਸਥਿਤੀ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਰਿਆਣਾ ‘ਚ ਬੀਜੇਪੀ ਨੂੰ ਆਪਣੇ ਸਾਰੇ ਪ੍ਰੋਗਰਾਮਾਂ ਨੂੰ ਰੱਦ ਕਰਨ ਦੀ ਹਦਾਇਤ ਕੀਤੀ ਸੀ, ਪਰ ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ ‘ਤੇ ਲਹਿਰਾਏ ਧਾਰਮਿਕ ਝੰਡੇ ਦੇ ਵਿਰੋਧ ‘ਚ ਬੀਜੇਪੀ 30 ਤੇ 31 ਜਨਵਰੀ ਨੂੰ ਤਿਰੰਗਾ ਯਾਤਰਾਵਾਂ ਕੱਢਣ ਦੀ ਯੋਜਨਾ ਬਣਾਈ ਗਈ ਸੀ। ਭਾਜਪਾ ਦੇ ਵਰਕਰ ਤਿਰੰਗਾ ਕੱਢਣ ਲਈ ਲੁਧਿਆਣਾ ਵਿਖੇ ਇਕੱਠੇ ਹੋਏ, ਪਰ ਮੌਕੇ ‘ਤੇ ਸਥਾਨਕ ਲੋਕ ਅਤੇ ਕਿਸਾਨ ਇਕੱਠੇ ਹੋ ਗਏ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

ਇਸ ਤੋਂ ਬਾਅਦ ਪੁਲਿਸ ਨੇ ਆ ਕੇ ਦੋਵਾਂ ਧਿਰਾਂ ਵਿਚਾਲੇ ਟਕਰਾਅ ਨੂੰ ਟਾਲਿਆ ਪਰ ਜ਼ਬਰਦਸਤ ਪ੍ਰਦਰਸ਼ਨਾਂ ਤੇ ਇਤਰਾਜ਼ਯੋਗ ਨਾਅਰੇਬਾਜ਼ੀ ਕਾਰਨ ਮਾਹੌਲ ਤਕਰੀਬਨ ਇੱਕ ਘੰਟੇ ਲਈ ਤਣਾਅ ਭਰਿਆ ਰਿਹਾ। ਇਸ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੇ ਪਾਰਟੀ ਦੀ ਸੂਬਾਈ ਲੀਡਰਸ਼ਿਪ ਦੇ ਨਿਰਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਮਾਹੌਲ ਨੂੰ ਖ਼ਰਾਬ ਨਾ ਹੋਣ ਦੇਣ ਕਾਰਨ ਤਿਰੰਗਾ ਯਾਤਰਾ ਮੁਲਤਵੀ ਕਰਨ ਦਾ ਐਲਾਨ ਕੀਤਾ। ਇਸ ਤੋਂ ਬਾਅਦ ਜਲੰਧਰ, ਅੰਮ੍ਰਿਤਸਰ ਤੇ ਫਗਵਾੜਾ ‘ਚ ਕੱਢੀ ਜਾਣ ਵਾਲੀ ਯਾਤਰਾ ਵੀ ਰੱਦ ਕਰ ਦਿੱਤੀ ਗਈ।

NO COMMENTS