ਗੁਰਦਾਸਪੁਰ 23,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਗੁਰਦਾਸਪੁਰ ਦੇ ਬਟਾਲਾ ਪਹੁੰਚੇ ਭਾਜਪਾ ਸਾਂਸਦ ਸ਼ਵੇਤ ਮਲਿਕ ਨੂੰ ਕਿਸਾਨਾਂ ਨੇ ਘੇਰ ਲਿਆ। ਇਸ ਦੌਰਾਨ ਕਿਸਾਨਾਂ ਨੇ ਭਾਜਪਾ ਅਤੇ ਸ਼ਵੇਤ ਮਲਿਕ ਦੇ ਖਿਲ਼ਾਫ ਜਮ ਕੇ ਨਾਅਰੇਬਾਜ਼ੀ ਕੀਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਭਾਜਪਾ ਸਾਂਸਦ ਸ਼ਵੇਤ ਮਲਿਕ ਬਟਾਲਾ ਵਿੱਚ ਆਰਐਸਐਸ ਦੇ ਇਕ ਵੱਡੇ ਅਧਿਕਾਰੀ ਨੂੰ ਮਿਲਣ ਆਏ ਸੀ। ਪਰ ਇਸ ਦੌਰਾਨ ਕਿਸਾਨਾਂ ਨੂੰ ਸ਼ਵੇਤ ਮਲਿਕ ਬਾਰੇ ਪਤਾ ਚੱਲ ਗਿਆ ਅਤੇ ਕਿਸਾਨਾਂ ਨੇ ਇਕੱਠੇ ਹੋ ਕੇ ਸ਼ਵੇਤ ਮਲਿਕ ਨੂੰ ਘੇਰ ਲਿਆ।
ਇਸ ਦੌਰਾਨ ਕਿਸਾਨਾਂ ਨੇ ਸ਼ਵੇਤ ਮਲਿਕ ਨੂੰ ਕਾਲੀਆਂ ਝੰਡੀਆਂ ਵੀ ਦਿਖਾਈਆਂ। ਕਿਸਾਨਾਂ ਦਾ ਕਹਿਣਾ ਸੀ, ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਓਦੋਂ ਤਕ ਭਾਜਪਾ ਦੇ ਹਰ ਇਕ ਲੀਡਰ ਦਾ ਵਿਰੋਧ ਕੀਤਾ ਜਾਵੇਗਾ ਅਤੇ ਇਨ੍ਹਾਂ ਨੂੰ ਪਿੰਡਾਂ ਵਿਚ ਵੜਨ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਸੀ, ਕਿ ਜਦੋਂ ਵੀ ਭਾਜਪਾ ਦਾ ਕੋਈ ਲੀਡਰ ਪਿੰਡਾਂ ਅਤੇ ਸ਼ਹਿਰ ਵਿਚ ਕੋਈ ਪ੍ਰੋਗਰਾਮ ਕਰੇਗਾ, ਤਾਂ ਕਿਸਾਨਾਂ ਵਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿਸਾਨ ਆਪਣੇ ਹੱਕਾਂ ਦੇ ਲਈ ਲੰਬੇ ਸਮੇਂ ਤੋਂ ਭਾਜਪਾ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ,ਪਰ ਕੇਂਦਰ ਦੀ ਮੋਦੀ ਸਰਕਾਰ ਆਪਣੀ ਜ਼ਿੱਦ ‘ਤੇ ਅੜੀ ਹੋਈ ਹੈ। ਪਰ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਓਦੋਂ ਤਕ ਕਿਸਾਨ ਵੀ ਆਪਣੀ ਜ਼ਿੱਦ ‘ਤੇ ਅੜੇ ਰਹਿਣਗੇ ਅਤੇ ਖੇਤੀ ਕਾਨੂੰਨ ਰੱਦ ਕਰਵਾਕੇ ਹੀ ਵਾਪਿਸ ਮੁੜਨਗੇ।