ਬਜਟ ਸੈਸ਼ਨ ‘ਚ ਨਵਜੋਤ ਸਿੱਧੂ ਨੇ ਅਕਾਲੀਆਂ ਤੋਂ ਪੁੱਛਿਆ ਸਵਾਲ, ਇਨ੍ਹਾਂ ਮੁੱਦਿਆਂ ‘ਤੇ ਰਲੇ ਕਾਂਗਰਸੀਆਂ ਤੇ ਬਾਗੀ ਵਿਧਾਇਕਾਂ ਦੇ ਸੁਰ

0
79

ਚੰਡੀਗੜ੍ਹ09,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਸੱਤਵਾਂ ਦਿਨ ਸੀ। ਬਜਟ ‘ਤੇ ਵਿਚਾਰ ਵਟਾਂਦਰੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸੀ ਵਿਧਾਇਕਾਂ ਦਰਮਿਆਨ ਕਾਫੀ ਬਹਿਸ ਹੋਈ। ਬਜਟ ‘ਤੇ ਆਪਣੇ ਭਾਸ਼ਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਸਰਕਾਰ ਨੇ ਅਜੇ ਪਿਛਲੇ ਬਜਟ ਵਿੱਚ ਐਲਾਨੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਨਹੀਂ ਕੀਤੀ ਹੈ, ਤੇ ਇਸ ਬਜਟ ਵਿੱਚ ਹੋਰ ਵੀ ਐਲਾਨ ਕਰ ਦਿੱਤੇ ਹਨ। ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਇੱਕ ਕਵਿਤਾ ਪੜ੍ਹੀ, ਜਿਸ ਰਾਹੀਂ ਕਾਂਗਰਸੀ ਵਿਧਾਇਕਾਂ ‘ਤੇ ਤੰਜ ਕੱਸਿਆ ਕਿ ਉਨ੍ਹਾਂ ਦੀ ਆਮਦਨੀ ਕਿਵੇਂ ਵਧ ਗਈ ਹੈ ਇਹ ਪੁੱਛਿਆ ਜਾਣਾ ਚਾਹੀਦਾ ਹੈ। 

ਇਹ ਸੁਣਦਿਆਂ ਹੀ ਕਾਂਗਰਸੀ ਵਿਧਾਇਕ ਅਤੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਦੇ ਲੋਕ ਇਹ ਵੀ ਪੁੱਛ ਰਹੇ ਹਨ ਕਿ ਕਿਵੇਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਨੇ ਇੱਕ ਵੱਡੀ ਪ੍ਰਾਈਵੇਟ ਬੱਸ ਕੰਪਨੀ ਸਥਾਪਤ ਕੀਤੀ ਹੈ ਅਤੇ ਚੰਡੀਗੜ੍ਹ ਦੇ ਨੇੜੇ ਇੱਕ ਲਗਜ਼ਰੀ ਹੋਟਲ ਕਿਵੇਂ ਬਣਾ ਲਿਆ। ਚੰਨੀ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਕਾਰੋਬਾਰ ‘ਤੇ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਕਿਵੇਂ ਉਨ੍ਹਾਂ ਇੰਨੀ ਜਾਇਦਾਦ ਤਿਆਰ ਕੀਤੀ ਹੈ। 

ਇਸ ਤੋਂ ਪਹਿਲਾਂ, ਕਾਲ ਅਟੇਂਸ਼ਨ ਮੋਸ਼ਨ ਵਿੱਚ ਬਾਗ਼ੀ ‘ਆਪ’ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਘਰ ਈਡੀ ਦੇ ਛਾਪੇਮਾਰੀ ਦਾ ਮੁੱਦਾ ਵੀ ਵਿਧਾਨ ਸਭਾ ਵਿੱਚ ਛਾਇਆ। ਅਕਾਲੀ ਦਲ ਦੇ ਬਾਗ਼ੀ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਮੰਗ ਕੀਤੀ ਕਿ ਖਹਿਰਾ ਦੇ ਸਮਰਥਨ ‘ਚ ਇੱਕ ਪ੍ਰਸਤਾਵ ਵਿਧਾਨ ਸਭਾ ‘ਚ ਪਾਸ ਕੀਤਾ ਜਾਵੇ। ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ‘ਆਪ’ ਦੇ ਬਾਗ਼ੀ ਵਿਧਾਇਕ ਕੰਵਰ ਸੰਧੂ ਨੇ ਵੀ ਪਰਮਿੰਦਰ ਢੀਂਡਸਾ ਦਾ ਸਮਰਥਨ ਕੀਤਾ। ਕੰਵਰ ਸੰਧੂ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਇਹ ਮਤਾ ਪਾਸ ਕੀਤਾ ਜਾਣਾ ਚਾਹੀਦਾ ਹੈ ਕਿ ਜੇ ਈਡੀ ਅਧਿਕਾਰੀਆਂ ਨੇ ਪੰਜਾਬ ਵਿੱਚ ਕਿਤੇ ਵੀ ਪੜਤਾਲ ਕਰਨੀ ਹੈ ਤਾਂ ਪਹਿਲਾਂ ਪੰਜਾਬ ਸਰਕਾਰ ਦੀ ਮਨਜ਼ੂਰੀ ਲਈ ਜਾਏਗੀ।

ਇਸ ਤੋਂ ਪਹਿਲਾਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵਿਧਾਨ ਸਭਾ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਖ਼ਿਲਾਫ਼ ਬੋਲਦਿਆਂ ਮੰਗ ਕੀਤੀ ਕਿ ਪੰਜਾਬ ਵਿੱਚ ਚੋਣਾਂ ਬੈਲਟ ਪੇਪਰਾਂ ਨਾਲ ਕਰਵਾਈਆਂ ਜਾਣ। ਕਾਂਗਰਸ ਦੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਬੈਂਸ ਦਾ ਸਮਰਥਨ ਕਰਦਿਆਂ ਕਿਹਾ ਕਿ ਵਿਕਸਤ ਦੇਸ਼ਾਂ ਵਿੱਚ ਚੋਣਾਂ ਸਿਰਫ ਬੈਲਟ ਪੇਪਰ ਨਾਲ ਹੀ ਕੀਤੀਆਂ ਜਾਂਦੀਆਂ ਹਨ। ਸਿੱਧੂ ਨੇ ਆਪਣੇ ਜਾਣੇ ਪਛਾਣੇ ਅੰਦਾਜ਼ੇ ‘ਚ ਕਿਹਾ ਕਿ ਕੇਂਦਰ ਸਰਕਾਰ ਵੱਖ-ਵੱਖ ਸੰਸਥਾਵਾਂ ਦੀ ਦੁਰਵਰਤੋਂ ਕਰ ਰਹੀ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਇਹ ਵੀ ਮੰਗ ਕੀਤੀ ਕਿ ਵਿਧਾਨ ਸਭਾ ‘ਚ ਮਤਾ ਪਾਸ ਕੀਤਾ ਜਾਵੇ ਕਿ ਪੰਜਾਬ ਵਿਚ ਚੋਣਾਂ ਬੈਲਟ ਪੇਪਰਾਂ ‘ਤੇ ਹੋਣਗੀਆਂ।

NO COMMENTS