ਬਗੈਰ ਕਿਸੇ ਖਤਰੇ ਮਜੀਠੀਆ ਨੂੰ ਕਿਵੇਂ ਮਿਲੀ ਇੰਨੇ ਸਾਲ ਜ਼ੈੱਡ ਸੁਰੱਖਿਆ? ਕਾਂਗਰਸ ਨੇ ਮੰਗਿਆ ਬੀਜੇਪੀ ਤੋਂ ਹਿਸਾਬ

0
22

ਚੰਡੀਗੜ੍ਹ 20 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : (ਅਸ਼ਰਫ ਢੁੱਡੀ) ਅਕਾਲੀ ਲੀਡਰ ਬਿਕਰਮ ਮਜੀਠੀਆ ਦੀ ਜ਼ੈੱਡ ਸੁਰੱਖਿਆ ਵਾਪਸ ਲੈ ਕੇ ਵੀ ਮੋਦੀ ਸਰਕਾਰ ਸਵਾਲਾਂ ਵਿੱਚ ਘਿਰ ਗਈ ਹੈ। ਕਾਂਗਰਸ ਨੇ ਹੁਣ ਪੁੱਛਿਆ ਹੈ ਕਿ ਬਗੈਰ ਕਿਸੇ ਖਤਰੇ ਮਜੀਠੀਆ ਨੂੰ ਇੰਨੇ ਸਾਲ ਕਿਵੇਂ ਜ਼ੈੱਡ ਸੁਰੱਖਿਆ ਦਿੱਤੀ ਗਈ। ਇਸ ਦਾ ਹਿਸਾਬ ਬੀਜੇਪੀ ਨੂੰ ਦੇਣਾ ਪਏਗਾ।

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਬੀਜੇਪੀ ਨੇ ਸਿਕਿਉਰਿਟੀ ਵਾਪਸ ਲੈਣ ਵਾਲੀ ਖੇਡ ਬਣਾ ਦਿੱਤੀ ਹੈ। ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਡਾ. ਮਨਮੋਹਨ ਸਿੰਘ ਦੀ ਵੀ ਸਿਕਿਉਰਿਟੀ ਵਾਪਸ ਲੈ ਲਈ ਸੀ। ਉਨ੍ਹਾਂ ਸਵਾਲ ਕੀਤਾ ਕਿ ਜੇ ਬਿਕਰਮ ਮਜੀਠੀਆ ਨੂੰ ਕੋਈ ਖਤਰਾ ਨਹੀਂ ਹੈ ਜਾਂ ਨਹੀਂ ਸੀ ਤਾਂ ਫਿਰ ਇੰਨਾ ਸਮਾਂ ਉਨ੍ਹਾਂ ਨੂੰ ਸਿਕਿਉਰਿਟੀ ਕਿਉਂ ਦਿੱਤੀ ਗਈ।

ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਿਕਿਉਰਿਟੀ ‘ਤੇ ਜੋ ਖਰਚ ਕੀਤਾ, ਉਸ ਦਾ ਹਿਸਾਬ ਦੇਵੇ। ਉਨ੍ਹਾਂ ਕਿਹਾ ਕਿ ਹੁਣ ਨਹੁੰ ਮਾਸ ਦਾ ਰਿਸ਼ਤਾ ਵੱਖ ਹੋ ਗਿਆ ਤਾਂ ਸੁਰਖਿਆ ਵਾਪਸ ਲੈ ਲ਼ਈ ਹੈ। ਇਹ ਸਭ ਰਾਜਨੀਤਕ ਤੌਰ ‘ਤੇ ਫੈਸਲੇ ਕੀਤੇ ਜਾ ਰਹੇ ਹਨ। ਜੇ ਹੁਣ ਮਜੀਠੀਆ ਦੀ ਸੁਰੱਖਿਆ ਦੀ ਲੋੜ ਨਹੀਂ ਤਾਂ ਪਹਿਲਾਂ ਬਿਨਾ ਲੋੜ ਤੋਂ ਸੁਰਖਿਆ ਦਿੱਤੀ ਗਈ, ਉਸ ਦੀ ਜਿੰਮੇਵਾਰੀ ਕਿਸ ਦੀ ਹੈ?

ਅੱਜ ਚੰਡੀਗੜ੍ਹਾ ਵਿਖੇ ਕਾਂਗਰਸ ਵਰਕਰਾਂ ਨਾਲ ਮੀਟਿੰਗ ਦੌਰਾਨ ਸੁਨੀਲ ਜਾਖੜ ਨੇ ਕਿਹਾ ਹਕਿ ਪੰਜਾਬ ਸਰਕਾਰ ਦਾ ਸਟੈਂਡ ਸਪਸ਼ਟ ਹੈ। ਅਸੀਂ ਕਿਸਾਨਾਂ ਦੇ ਨਾਲ ਖੜ੍ਹੇ ਹਾਂ। ਇਹ ਜੋ ਸੰਘਰਸ਼ ਹੈ, ਉਹ ਬੀਜੇਪੀ ਨਾਲ ਹੈ ਜਿਹੜੇ ਉਨ੍ਹਾਂ ਨੇ ਕੰਡੇ ਬੀਜੇ ਹਨ। ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਕਿਸਾਨਾਂ ਨਾਲ ਖੜ੍ਹਨ ਦੀ ਲੋੜ ਹੈ।

ਜਾਖੜ ਨੇ ਕਿਹਾ ਕਿ ਮੇਰਾ ਪੀਐਮ ਮੋਦੀ ਨੂੰ ਇੱਕੋ ਸਵਾਲ ਹੈ ਕਿ ਪੰਜਾਬ ਨੇ ਤੁਹਾਡਾ ਵਿਗਾੜਿਆ ਕੀ ਹੈ? ਤੁਸੀਂ ਰੇਲਵੇ ਬੰਦ ਕਰ ਰੱਖੀ ਹੈ ਤੇ ਸਾਡੇ ਪੈਸੇ ਰੋਕ ਰੱਖੇ ਹਨ। ਅੱਜ ਕਿਸਾਨ ਨੂੰ ਯੂਰੀਆ ਦੀ ਲੋੜ ਹੈ। ਕੇਂਦਰ ਸਾਡੇ ਨਾਲ ਰਾਜਨੀਤੀ ਬਾਅਦ ਵਿੱਚ ਕਰ ਲਵੇ ਪਰ ਮਾਲ ਗੱਡੀਆਂ ਚਲਾਈਆਂ ਜਾਣ। ਕਿਸਾਨ ਜਥੇਬੰਦੀਆਂ ਕਹਿ ਰਹੀਆਂ ਹਨ ਕਿ ਸਾਨੂੰ ਕਿਸੇ ਸਹਿਯੋਗ ਦੀ ਲੋੜ ਨਹੀਂ ਪਰ ਇਹ ਗਲਤ ਹੈ, ਸਾਨੂੰ ਸਾਰੀਆਂ ਨੂੰ ਇਕੱਠੇ ਹੋ ਕੇ ਲੜਨਾ ਪੈਣਾ ਹੈ।

NO COMMENTS