ਮਾਨਸਾ, 27 ਜੂਨ:(ਸਾਰਾ ਯਹਾਂ/ਧਾਲੀਵਾਲ ਧਾਲੀਵਾਲ ):
ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਨੇ ਜ਼ਿਲ੍ਹੇ ਦੇ ਬੈਂਕਾਂ ਦੇ ਕੰਮਕਾਜ ਦਾ ਜਾਇਜ਼ਾ ਲੈਣ ਲਈ ਸਮੂਹ ਬੈਂਕ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਉਨ੍ਹਾਂ ਇਸ ਦੌਰਾਨ ਵੱਖ ਵੱਖ ਲੋਕ ਭਲਾਈ ਸਕੀਮਾਂ ਲਈ ਬੈਂਕਾਂ ਵੱਲੋਂ ਮੁਹੱਈਆ ਕਰਵਾਏ ਜਾਣ ਵਾਲੇ ਕਰਜ਼ੇ ਦੇ ਟੀਚੇ ਅਤੇ ਟੀਚਿਆਂ ਦੀ ਪ੍ਰਾਪਤੀ ਦਾ ਜਾਇਜ਼ਾ ਲਿਆ। ਉਨ੍ਹਾਂ ਸਮੂਹ ਬੈਂਕ ਅਧਿਕਾਰੀਆਂ ਨੂੰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਅਤੇ ਕਰਜ਼ਿਆਂ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਦੇਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਬੈਂਕ ਅਧਿਕਾਰੀ ਕਰਜ਼ਾ ਲੈਣ ਵਾਲੇ ਉਦਮੀਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਕਰਨ ਤਾਂ ਜੋ ਉਹ ਉਤਸ਼ਾਹਿਤ ਹੋ ਕੇ ਕੰਮ ਕਰ ਸਕਣ। ਡਿਪਟੀ ਕਮਿਸ਼ਨਰ ਨੇ ਸਮੂਹ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਕਾਇਆ ਕਰਜ਼ਾ ਦਰਖ਼ਾਸਤਾਂ ਦਾ ਸਮਾਂਬੱਧ ਨਿਪਟਾਰਾ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਸਾਲ 2023-24 ਲਈ ਐਨੂਅਲ ਕਰੈਡਿਟ ਪਲਾਨ ਜਾਰੀ ਕੀਤਾ ਇਸ ਮੌਕੇ ਆਰ.ਬੀ.ਆਈ. ਤੋਂ ਸ੍ਰੀ ਸੰਜੀਵ ਸਿੰਘ, ਜਨਰਲ ਮੈਨੇਜ਼ਰ ਉਦਯੋਗ ਸ੍ਰੀ ਨੀਰਜ ਕੁਮਾਰ ਸੇਤੀਆ, ਲੀਡ ਬੈਂਕ ਮੈਨੇਜ਼ਰ ਸ੍ਰੀ ਵਿਜੇ ਕੁਮਾਰ ਗੁਪਤਾ, ਨਾਬਾਰਡ ਤੋਂ ਸ੍ਰੀ ਸਤੀਸ਼ ਕੁਮਾਰ, ਮਦਨ ਲਾਲ (ਲੀਡ ਬੈਂਕ ਮਾਨਸਾ) ਤੋਂ ਇਲਾਵਾ ਸਮੂਹ ਬੈਂਕਾਂ ਦੇ ਅਧਿਕਾਰੀ ਮੌਜੂਦ ਸਨ।