ਫਿਰੋਜ਼ਪੁਰ 11,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਮੁੜ ਘਿਰ ਗਿਆ ਹੈ। ਬੁੱਧਵਾਰ ਨੂੰ ਫਿਰੋਜ਼ਪੁਰ ਵਿੱਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਦੀ ਫਿਰੋਜ਼ਪੁਰ ਫੇਰੀ ਦੌਰਾਨ ਵਾਪਰੇ ਕਾਂਡ ਬਾਰੇ ਨਵੇਂ ਦਾਅਵੇ ਸਾਹਮਣੇ ਆ ਰਹੇ ਹਨ। ਅਕਾਲੀ ਦਲ ਦਾ ਦਾਅਵਾ ਹੈ ਕਿ ਇਹ ਸਾਰੀ ਕਾਂਗਰਸੀਆਂ ਦੀ ਸ਼ਰਾਰਤ ਹੈ ਜਦੋਂਕਿ ਕਿਸਾਨ ਜਥੇਬੰਦੀਆਂ ਨੇ ਦਾਅਵਾ ਕੀਤਾ ਹੈ ਕਿ ਅਕਾਲੀ ਦਲ ਦੀ ਲੀਡਰਾਂ ਨੇ ਲਖੀਮਪੁਰ ਖੀਰੀ ਵਰਗਾ ਕਾਂਡ ਕਰਨ ਦੀ ਕੋਸ਼ਿਸ਼ ਕੀਤੀ ਹੈ।
ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਮਹਿਮਾ ਨੇ ਇਲਜ਼ਾਮ ਲਾਇਆ ਹੈ ਕਿ ਉਹ ਸ਼ਾਂਤਮਈ ਢੰਗ ਨਾਲ ਅਕਾਲੀ ਲੀਡਰਾਂ ਦਾ ਵਿਰੋਧ ਕਰ ਰਹੇ ਸਨ। ਉਹ ਹਰਸਿਮਰਤ ਬਾਦਲ ਨੂੰ ਕੁਝ ਸਵਾਲ ਪੁੱਛਣਾ ਚਾਹੁੰਦੇ ਸਨ ਪਰ ਅਕਾਲੀ ਲੀਡਰਾਂ ਨੇ ਕਿਸਾਨਾਂ ਤੇ ਗੱਡੀ ਚੜ੍ਹਾ ਕੇ ਉਨ੍ਹਾਂ ਨੂੰ ਦਰੜਨ ਦੀ ਕੋਸ਼ਿਸ਼ ਕੀਤੀ, ਕਿਸਾਨਾਂ ਤੇ ਗੋਲੀਆਂ ਚਲਾਈਆਂ ਤੇ ਗੱਡੀ ਭਜਾ ਕੇ ਫ਼ਰਾਰ ਹੋ ਗਏ।
ਦਰਅਸਲ ਬੁੱਧਵਾਰ ਨੂੰ ਕਿਸਾਨ ਜਥੇਬੰਦੀਆਂ ਤੇ ਕਾਂਗਰਸੀ ਵਰਕਰਾਂ ਨੇ ਵੱਖ-ਵੱਖ ਥਾਵਾਂ ’ਤੇ ਰੋਸ ਪ੍ਰਦਰਸ਼ਨ ਕੀਤਾ। ਹਰਸਿਮਰਤ ਦਾ ਕਾਫ਼ਲਾ ਜਦ ਸ਼ਹਿਰ ਦੇ ਦੇਵ ਸਮਾਜ ਕਾਲਜ ਨੇੜਿਓਂ ਲੰਘਿਆ ਤਾਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਮਹਿਮਾ ਦੀ ਅਗਵਾਈ ਵਿੱਚ ਇਕੱਤਰ ਹੋਏ ਕਿਸਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵਰਦੇਵ ਸਿੰਘ ਨੋਨੀ ਮਾਨ ਦੀ ਫਾਰਚੂਨਰ ਗੱਡੀ ਰੋਕ ਲਈ।
ਇਸ ਦੌਰਾਨ ਕੁਝ ਕਿਸਾਨ ਆਗੂ ਨੋਨੀ ਮਾਨ ਦੀ ਗੱਡੀ ਦੇ ਬੋਨਟ ਤੇ ਚੜ੍ਹ ਗਏ ਪਰ ਗੱਡੀ ਚਾਲਕ ਨੇ ਗੱਡੀ ਭਜਾ ਲਈ। ਗੁੱਸੇ ’ਚ ਆਏ ਕਿਸਾਨ ਆਗੂਆਂ ਨੇ ਗੱਡੀ ’ਤੇ ਹਮਲਾ ਕਰ ਦਿੱਤਾ ਤੇ ਗੱਡੀ ਦੇ ਸਾਰੇ ਸ਼ੀਸ਼ੇ ਭੰਨ੍ਹ ਦਿੱਤੇ। ਦੱਸਿਆ ਜਾਂਦਾ ਹੈ ਕਿ ਨੋਨੀ ਮਾਨ ਦੇ ਗੰਨਮੈਨਾਂ ਨੇ ਬਚਾਅ ਵਾਸਤੇ ਤਿੰਨ ਹਵਾਈ ਫਾਇਰ ਕੀਤੇ।
ਦੂਜੇ ਪਾਸੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਦਾ ਦਾਅਵਾ ਹੈ ਕਿ ਅਕਾਲੀ ਦਲ ਕੋਲ ਸਬੂਤ ਹੈ ਕਿ ਕਾਂਗਰਸੀ ਆਗੂਆਂ ਨੇ ਕਿਸਾਨਾਂ ਦਾ ਭੇਸ ਧਾਰ ਕੇ ਅਕਾਲੀ ਦਲ ਦੇ ਪ੍ਰੋਗਰਾਮ ਵਿੱਚ ਵਿਘਨ ਪਾਇਆ ਤੇ ਅਕਾਲੀ ਆਗੂਆਂ ’ਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਕੋਲ ਤਸਵੀਰਾਂ ਮੌਜੂਦਾ ਹਨ ਕਿ ਮਿਉਂਸਿਪਲ ਕੌਂਸਲ ਪ੍ਰਧਾਨ ਰਿੰਕੂ ਗਰੋਵਰ, ਕੌਂਸਲਰ ਪਰਮਿੰਦਰ ਹਾਂਡਾ ਤੇ ਮਾਰਕੀਟ ਕਮੇਟੀ ਦੇ ਮੀਤ ਪ੍ਰਧਾਨ ਬਲਬੀਰ ਸਿੰਘ ਵਿਰਕ, ਭਾਰਤੀ ਕਿਸਾਨ ਯੂਨੀਅਨ ਦੀ ਆੜ ਵਿੱਚ ਅਕਾਲੀਆਂ ਦੇ ਖਿਲਾਫ਼ ਰੋਸ ਵਿਖਾਵਾ ਕਰ ਰਹੇ ਸਨ।
ਦੱਸ ਦਈਏ ਕਿ ਬੁੱਧਵਾਰ ਨੂੰ ਸ਼ਹਿਰ ਦੇ ਮੱਖੂ ਗੇਟ ਇਲਾਕੇ ਵਿੱਚ ਕਾਂਗਰਸ ਪਾਰਟੀ ਦੇ ਆਗੂਆਂ ਨੇ ਹਰਸਿਮਰਤ ਬਾਦਲ ਦੇ ਕਾਫ਼ਲੇ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਸੀ। ਛਾਉਣੀ ਵਿੱਚ ਇੱਕ ਥਾਂ ’ਤੇ ਕਾਂਗਰਸ ਦੇ ਕੁਝ ਵਰਕਰਾਂ ਤੇ ਅਕਾਲੀਆਂ ਦਾ ਟਕਰਾਅ ਵੀ ਹੋਇਆ। ਇਸ ਝਗੜੇ ਵਿੱਚ ਇੱਕ ਕਾਂਗਰਸ ਵਰਕਰ ਗੰਭੀਰ ਜ਼ਖ਼ਮੀ ਹੋਇਆ ਜਿਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਹਰਸਿਮਰਤ ਬਾਦਲ ਨੇ ਕਿਹਾ ਹੈ ਕਿ ਕਾਂਗਰਸੀ ਵਿਧਾਇਕ ਪਰਮਿੰਦਰ ਪਿੰਕੀ ਦੀ ਸ਼ਹਿ ਪ੍ਰਾਪਤ ਕਾਂਗਰਸੀ ਆਗੂਆਂ ਨੇ ਕਿਸਾਨਾਂ ਦਾ ਭੇਸ ਧਾਰ ਕੇ ਅਕਾਲੀ ਦਲ ਦੀ ਮੀਟਿੰਗ ਵਿੱਚ ਵਿਘਨ ਪਾਇਆ ਤੇ ਜੋਗਿੰਦਰ ਜਿੰਦੂ ਤੇ ਵਰਦੇਵ ਮਾਨ ਸਮੇਤ ਅਕਾਲੀ ਆਗੂਆਂ ’ਤੇ ਹਮਲਾ ਕੀਤਾ ਤੇ ਗੋਲੀਆਂ ਚਲਾਈਆਂ। ਹਰਸਿਮਰਤ ਬਾਦਲ ਨੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।