ਲੁਧਿਆਣਾ 25,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਅੱਜ ਫ਼ਿਰੋਜ਼ਪੁਰ ਰੋਡ ‘ਤੇ ਸਥਿਤ ਗ੍ਰੈਂਡ ਵਾਕ ਮਾਲ ਵਿਚਲੇ ਫਾਸਟਵੇਅ ਟਰਾਂਸਮਿਸ਼ਨ ਦੇ ਦਫ਼ਤਰ, ਜੁਝਾਰ ਟਰਾਂਸਪੋਰਟ ਦੇ ਦਫ਼ਤਰ ਤੇ ਕੰਪਨੀ ਦੇ ਮਾਲਕ ਦੇ ਘਰ ਛਾਪਾ ਮਾਰਿਆ। ਈਡੀ ਵੱਲੋਂ ਕਈ ਥਾਵਾਂ ਤੋਂ ਰਿਕਾਰਡ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਈਡੀ ਵੱਲੋਂ ਦਸਤਾਵੇਜਾਂ ਦੀ ਪੜਤਾਲ ਕੀਤੀ ਜਾ ਰਹੀ ਹੈ।
ਹਾਸਲ ਜਾਣਕਾਰੀ ਮੁਤਾਬਕ ਲੁਧਿਆਣਾ ਫਾਸਟਵੇਅ ਕੇਬਲ ਦੇ ਦਫਤਰਾਂ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਸਵੇਰੇ ਹੀ ਦਬਿਸ਼ ਦਿੱਤੀ। ਈਡੀ ਦੀ ਟੀਮ ਨੇ ਅੱਠ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ। ਪੰਜਾਬ ਵਿੱਚ ਕੇਬਲ ਨੈੱਟਵਰਕ ਕਾਫੀ ਚਰਚਾ ਵਿੱਚ ਹਨ। ਬੇਸ਼ੱਕ ਪੰਜਾਬ ਸਰਕਾਰ ਨੇ ਕੇਬਲ ਮਾਫੀਆ ਉੱਪਰ ਸ਼ਿਕੰਜਾ ਕੱਸਣ ਦਾ ਐਲਾਨ ਕੀਤਾ ਸੀ ਪਰ ਅੱਜ ਕੇਂਦਰ ਏਜੰਸੀ ਈਡੀ ਵੱਲੋਂ ਛਾਪੇਮਾਰੀ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।
ਦੱਸ ਦਈਏ ਕਿ ਮੁੱਖ ਮੰਤਰੀ ਚੰਨੀ ਨੇ ਐਲਾਨ ਕੀਤਾ ਸੀ ਕਿ ਪੰਜਾਬ ਵਿੱਚ 100 ਰੁਪਏ ਵਿੱਚ ਕੇਬਲ ਕੁਨੈਕਸ਼ਨ ਮਿਲਣਗੇ। ਇਸ ਮਗਰੋਂ ਕੇਬਲ ਨੈੱਟਵਰਕ ਨਾਲ ਜੁੜੇ ਲੋਕਾਂ ਨੇ ਸਵਾਲ ਉਠਾਏ ਸੀ ਕਿ ਇਹ ਸੰਭਵ ਨਹੀਂ ਹੈ। ਉਧਰ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਫਾਸਟਵੇਅ ਕੇਬਲ ਅਪਰੇਟਰਾਂ ਦੀ ਮਨੋਪਲੀ ਨੂੰ ਲੈ ਕੇ ਬਾਦਲਾਂ ‘ਤੇ ਨਿਸ਼ਾਨਾ ਸਾਥਿਆ ਹੈ।ਉਨ੍ਹਾਂ ਟਵੀਟ ਕਰਕੇ ਆਪਣੀ ਭੜਾਸ ਕੱਢੀ ਹੈ। ਉਨ੍ਹਾਂ ਕਿਹਾ ਕਿ ਮਨੋਪਲੀ ਨੂੰ ਸੁਰੱਖਿਅਤ ਕਰਨ ਲਈ ਬਾਦਲਾਂ ਵੱਲੋਂ ਕਾਨੂੰਨ ਬਣਾਏ ਗਏ ਸਨ।