*ਫਸਲ ਖਰਾਬ ਹੋਣ ਨਾਲ ਸੂਬੇ ਦੀ ਅਰਥ ਵਿਵਸਥਾ ਤੇ ਪਵੇਗਾ: ਮਲੂਕਾ.. ਹਰ ਵਰਗ ਹੋਵੇਗਾ ਪ੍ਰਭਾਵਿਤ*

0
16


ਚੰਡੀਗੜ੍ਹ 24 ਅਕਤੂਬਰ(ਸਾਰਾ ਯਹਾਂ/ਮੁੱਖ ਸੰਪਾਦਕ) —– ਨਰਮੇ ਅਤੇ ਝੋਨੇ ਦੀ ਫਸਲ ਮਾਲਵਾ ਪੱਟੀ ਵਿੱਚ ਹੁਣ ਗੜ੍ਹੇਮਾਰੀ ਅਤੇ ਬੇਮੌਸਮੀ ਬਾਰਿਸ਼ ਨੇ ਬੁਰੀ ਤਰ੍ਹਾਂ ਝੰਮ ਦਿੱਤੀ ਹੈ। ਇਸ ਤੋਂ ਪਹਿਲਾਂ ਨਰਮੇ ਤੇ ਗੁਲਾਬੀ ਸੁੰਡੀ ਦਾ ਹਮਲਾ ਕਿਸਾਨਾਂ ਦੇ ਸਾਂਹ ਸੂਤ ਰਿਹਾ ਸੀ। ਇਸ ਹਮਲੇ ਨੂੰ ਲੈ ਕੇ ਠੇਕੇ ਤੇ ਜਮੀਨ ਲੈ ਕੇ ਫਸਲ ਬਰਬਾਦ ਹੋਣ ਦੇ ਡਰੋਂ ਕਈ ਕਿਸਾਨਾਂ ਨੇ ਖੁਦਕੁਸ਼ੀ ਵੀ ਕਰ ਲਈ ਹੈ। ਹਾਲਾਤ ਇਹ ਹਨ ਕਿ ਹੁਣ ਤਿਓਹਾਰਾਂ ਦੇ ਦਿਨਾਂ ਵਿੱਚ ਮੌਸਮ ਵਿੱਚ ਆਈ ਤਬਦੀਲੀ ਨੇ ਗੜ੍ਹੇਮਾਰੀ ਅਤੇ ਤੇਜ ਮੀਂਹ ਨੇ ਮਾਲਵਾ ਖੇਤਰ ਦੇ ਨਰਮੇ ਦੀ ਫਸਲ ਬਰਬਾਦ ਕਰ ਦਿੱਤੀ ਹੈ। ਪਹਿਲਾਂ ਕਿਸਾਨਾਂ ਨੂੰ ਆਸ ਸੀ ਕਿ ਨਰਮੇ ਤੇ ਝੋਨੇ ਦੀ ਫਸਲ ਉਨ੍ਹਾਂ ਨੂੰ ਕੁਝ ਝਾੜ ਦੇਵੇਗੀ। ਪਰ ਹੁਣ ਮੀਂਹ ਅਤੇ ਗੜੇਮਾਰੀ ਨਾਲ ਪ੍ਰਭਾਵਿਤ ਹੋਈ ਫਸਲ ਨੂੰ ਦੇਖ ਕੇ ਸ਼੍ਰੌਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਘਟੀਆ ਬੀਜ ਅਤੇ ਮਾੜੀਆਂ ਕੀਟਨਾਸ਼ਕ ਦਵਾਈਆਂ ਨਾਲ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਪੈ ਗਈ, ਜਿਸ ਨੇ ਪੱਕਣ ਤੇ ਆਈ ਫਸਲ ਨੂੰ ਖੋਖਲਾ ਕਰ ਦਿੱਤਾ। ਰਹਿੰਦੀ ਕਸਰ ਤੇਜ ਮੀਂਹ ਅਤੇ ਗੜ੍ਹੇਮਾਰੀ ਨੇ ਪੂਰੀ ਕਰ ਦਿੱਤੀ ਹੈ। ਜਿਸ ਨਾਲ ਮਾਲਵਾ ਬੈਲਟ ਦੀ ਨਰਮੇ ਤੇ ਝੋਨੇ ਦੀ ਫਸਲ ਪੂਰੀ ਤਰ੍ਹਾਂ ਖੇਤਾਂ ਵਿੱਚ ਵਿਛ ਗਈ ਹੈ, ਜਿਸ ਨੂੰ ਖੜ੍ਹਾ ਕਰਨਾ ਕਿਸਾਨਾਂ ਲਈ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਤੇ ਨਿਰਭਰ ਕਰਦਾ ਹੈ। ਪਰ ਸੂਬੇ ਦਾ ਕਿਸਾਨ ਫਸਲ ਪੱਖੋਂ ਹੌਲਾ ਹੋ ਜਾਵੇਗਾ ਤਾਂ ਇਸ ਰਾਜ ਦੀ ਅਰਥ ਵਿਵਸਥਾ ਵਿਗੜ ਜਾਵੇਗੀ। ਮਲੂਕਾ ਨੇ ਕਿਹਾ ਕਿ ਮੰਡੀਆਂ ਵਿੱਚ ਜੋ ਝੋਨਾ ਆਇਆ ਸੀ, ਉਸ ਦੀ ਪੰਜਾਬ ਸਰਕਾਰ ਦੇ ਨਿਕੰਮੇ ਪ੍ਰਬੰਧਾਂ ਨੇ ਪੋਲ ਖੋਲ੍ਹ ਦਿੱਤੀ ਹੈ। ਮੰਡੀਆਂ ਵਿੱਚ ਕਿਸਾਨਾਂ ਦੀ ਕੋਈ ਵੀ ਸੁਣਨ ਵਾਲਾ ਨਹੀਂ। ਮਾੜੇ ਪ੍ਰਬੰਧਾਂ ਕਾਰਨ ਕਿਸਾਨ, ਆੜ੍ਹਤੀਆਂ ਅਤੇ ਮਜਦੂਰ ਮੰਡੀਆਂ ਵਿੱਚ ਰਾਤਾਂ ਕੱਟਣ ਲਈ ਮਜਬੂਰ ਹਨ। ਕਿਸਾਨ ਫਸਲ ਵੇਚਣ ਵਾਸਤੇ ਹਫਤੇ ਭਰ ਤੋਂ ਮੰਡੀਆਂ ਵਿੱਚ ਡੇਰੇ ਲਾਈ ਬੇਠੈ ਹਨ, ਪਰ ਅਜੇ ਵੀ ਫਸਲ ਖਰੀਦਣ ਤੇ ਵੇਚਣ ਦੀ ਕਿਸਾਨਾਂ ਨੂੰ ਕੋਈ ਆਸ ਨਹੀਂ ਹੈ। ਮਲੂਕਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਡੇ-ਵੱਡੇ ਦਾਅਵੇ ਕਰਦੀ ਥੱਕਦੀ ਨਹੀਂ, ਪਰ ਮੰਡੀਆਂ ਵਿੱਚ ਜਾ ਕੇ ਇਸ ਦੀ ਅਸਲ ਹਕੀਕਤ ਪਤਾ ਲੱਗਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੌਮਣੀ ਅਕਾਲੀ ਦਲ ਕਿਸਾਨਾਂ ਨਾਲ ਖੜ੍ਹੀ ਹੈ। ਉਹ ਇਸ ਨੂੰ ਲੈ ਕੇ ਕਿਸਾਨਾਂ ਦੇ ਹੱਕ ਵਿੱਚ ਅੰਦੋਲਨ ਕਰਨ ਲਈ ਝਿਜਕਦੇ ਨਹੀਂ। ਅਖੀਰ ਵਿੱਚ ਉਨ੍ਹਾਂ ਨੇ ਕੇਂਦਰ ਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਬਾਰਿਸ਼ਾਂ ਤੇ ਗੁਲਾਬੀ ਸੁੰਡੀ ਨਾਲ ਪ੍ਰਭਾਵਿਤ ਹੋਈ ਫਸਲ ਨੂੰ ਪ੍ਰਤੀ ਏਕੜ 50,000 ਰੁਪਏ ਮੁਆਵਜਾ ਦਿੱਤਾ ਜਾਵੇ।

NO COMMENTS