ਫਸਲਾਂ ਦੇ ਮੁੱਲ ‘ਤੇ ਕਾਂਗਰਸ ਦਾ ਜਨ ਅੰਦੋਲਨ ਪੈਂਤੜਾ, ਅਕਾਲੀ ਦਲ ਲਈ ਨਵੀਂ ਮੁਸੀਬਤ

0
24

ਚੰਡੀਗੜ੍ਹ (ਸਾਰਾ ਯਹਾ) : ਕੇਂਦਰ ਸਰਕਾਰ ਦੇ ਕਿਸਾਨੀ ਨਾਲ ਸਬੰਧਤ ਆਰਡੀਨੈਂਸਾਂ ‘ਤੇ ਪੰਜਾਬ ਕਾਂਗਰਸ ਨੇ ਸਖ਼ਤ ਰੁਖ਼ ਅਖਤਿਆਰ ਲਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਕਾਂਗਰਸ ਕਿਸਾਨੀ ਮੁੱਦਿਆਂ ’ਤੇ ਕੇਂਦਰੀ ਧੱਕੇਸ਼ਾਹੀ ਵਿਰੁੱਧ ਪੰਜਾਬ ਵਿੱਚ ਜਨ ਅੰਦੋਲਨ ਵਿੱਢੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਦੀ ਹੋਂਦ ਨੂੰ ਖ਼ਤਰਾ ਕਰਾਰ ਦੇਣ ਵਾਲੇ ਆਰਡੀਨੈਂਸਾਂ ਨਾਲ ਕਿਸਾਨਾਂ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਾਉਣ ਲਈ ਕਾਂਗਰਸ ਨੇ ਸੱਥਾਂ ਵਿੱਚ ਜਾਣ ਦਾ ਫੈਸਲਾ ਲਿਆ ਹੈ। ਇਸ ਤਹਿਤ ਪੰਜਾਬ ਕਾਂਗਰਸ ਨੇ ਰਾਜਪਾਲ ਨੂੰ ਮੰਗ ਪੱਤਰ ਭੇਜ ਦਿੱਤਾ ਹੈ।

ਜਾਖੜ ਵੱਲੋਂ ਪੇਂਡੂ ਪਿਛੋਕੜ ਵਾਲੇ ਕਰੀਬ ਡੇਢ ਦਰਜਨ ਵਿਧਾਇਕਾਂ ਦੀ ਮੀਟਿੰਗ ਸੱਦੀ ਗਈ। ਮੀਟਿੰਗ ‘ਚ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਸ਼ਾਮਲ ਹੋਣਗੇ। ਕਾਂਗਰਸ ਵੱਲੋਂ ਇਸ ਮੀਟਿੰਗ ਵਿਚ ‘ਜਨ ਅੰਦੋਲਨ’’ ਦੀ ਵਿਉਂਤਬੰਦੀ ਕੀਤੀ ਜਾਣੀ ਹੈ।

ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਆਰਡੀਨੈਂਸਾ ਤੇ ਕਾਂਗਰਸ ਕੋਲ ਅਕਾਲੀ ਦਲ ਨੂੰ ਘੇਰਨ ਦਾ ਵੀ ਸੁਨਹਿਰਾ ਮੌਕਾ ਹੈ। ਕਾਂਗਰਸ ਇਸ ਅੰਦੋਲਨ ਰਾਹੀਂ ਆਪਣੇ-ਆਪ ਨੂੰ ਕਿਸਾਨ ਹਿਤੈਸ਼ੀ ਸਾਬਤ ਕਰਨ ਦੀ ਕੋਸ਼ਿਸ਼ ਕਰੇਗੀ। ਉਨ੍ਹਾਂ ਅਕਾਲੀ ਦਲ ਤੇ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਅਕਾਲੀ ਦਲ ਨੇ ਆਪਣੀ ਕੁਰਸੀ ਤੋਂ ਪੰਜਾਬ ਕੁਰਬਾਨ ਕਰ ਦਿੱਤਾ ਹੈ।

ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਦੇ ਆਰਡੀਨੈਂਸ ਕਿਸਾਨਾਂ ਦੀ ਤਾਲਾਬੰਦੀ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਜਿਣਸਾਂ ਦੇ ਘੱਟੋ-ਘੱਟ ਸਮਰਥਨ ਮੁੱਲ ਬਾਰੇ ਕੇਂਦਰ ਦੀ ਸੋਚ ਦਾ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਪਹਿਲਾਂ ਹੀ ਪ੍ਰਗਟਾਵਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਸ ਕਿਸਾਨ ਨੇ ਮੁਲਕ ਦੇ ਅਨਾਜ ਭੰਡਾਰ ਊਣੇ ਨਹੀਂ ਹੋਣ ਦਿੱਤੇ, ਉਨ੍ਹਾਂ ਦੀਆਂ ਜਿਣਸਾਂ ਦੀਆਂ ਕੀਮਤਾਂ ਨੂੰ ਗਡਕਰੀ ਦੇਸ਼ ਦੀ ਆਰਥਿਕਤਾ ਲਈ ਖਤਰਾ ਦੱਸ ਰਹੇ ਹਨ।

NO COMMENTS