*ਫਰੀਦਕੋਟ ਦੀ ਜੇਲ੍ਹ ਮੁੜ ਚਰਚਾ ‘ਚ : ਤਲਾਸ਼ੀ ਦੌਰਾਨ ਮਿਲੇ ਪੰਜ ਮੋਬਾਈਲ ਫੋਨ, ਤਿੰਨ ਹਵਾਲਾਤੀਆ ਖ਼ਿਲਾਫ਼ ਮਾਮਲਾ ਦਰਜ*

0
13

ਫਰੀਦਕੋਟ 26,ਮਈ (ਸਾਰਾ ਯਹਾਂ/ਬਿਊਰੋ ਨਿਊਜ਼) : ਅਕਸਰ ਹੀ ਵਿਵਾਦਾਂ ‘ਚ ਰਹਿਣ ਵਾਲੀ ਫਰੀਦਕੋਟ ਦੀ ਮਾਡਰਨ ਜੇਲ੍ਹ ਇਕ ਵਾਰ ਫਿਰ ਚਰਚਾ ‘ਚ ਆ ਗਈ।  ਜ਼ਿਕਰਯੋਗ ਹੈ ਕਿ ਤਲਾਸ਼ੀ ਦੌਰਾਨ ਜੇਲ੍ਹ ‘ਚ ਬੰਦ ਕੈਦੀਆਂ ਤੋਂ ਪੰਜ ਮੋਬਾਈਲ ਫੋਨ ਬਰਾਮਦ ਕੀਤੇ ਗਏ। ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ‘ਤੇ ਤਿੰਨ ਹਵਾਲਾਤੀਆ ਖਿਲਾਫ ਅਤੇ ਦੋ ਅਣਪਛਾਤੇ ਕੈਦੀਆਂ ਖਿਲਾਫ ਥਾਣਾ ਸਿਟੀ ਮਾਮਲਾ ਦਰਜ ਕਰ ਲਿਆ ਗਿਆ।

ਇਸ ਤੋਂ ਪਹਿਲਾਂ ਗੱਲ ਕਰੀਏ ਤਾਂ ਕਲ੍ਹ ਇਕ ਹਵਾਲਾਤੀ ਵੱਲੋਂ ਫਰੀਦਕੋਟ ਦੀ ਮਾਡਰਨ ਜੇਲ੍ਹ ਅੰਦਰੋਂ ਹੀ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਸੀ। ਜਿਸ ਨੂੰ ਲੈ ਕੇ ਅਸਲਾ ਐਕਟ ਅਧੀਨ ਬੰਦ ਵਿਚਾਰ ਅਧੀਨ ਕੈਦੀ ਕਰਨ ਸ਼ਰਮਾ ਖਿਲਾਫ ਮਾਮਲਾ ਦਰਜ ਕਰ ਕੇ ਉਸ ਦਾ ਮੋਬਾਇਲ ਫੋਨ ਵੀ ਜ਼ਬਤ ਕਰ ਲਿਆ ਗਿਆ ਸੀ। ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਸਖਤੀ ਵਰਤਦੇ ਹੋਏ ਤਲਾਸ਼ੀ ਅਭਿਆਨ ਚਲਾਇਆ ਗਿਆ ਜਿਸ ਦੌਰਾਨ ਪੰਜ ਮੋਬਾਈਲ ਫੋਨ ਦੀ ਬਰਾਮਦਗੀ ਹੋਈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸੰਦੀਪ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਅੰਦਰ ਵੱਖ ਵੱਖ ਬੈਰਕਾਂ ਦੀ ਤਲਾਸ਼ੀ ਦੌਰਾਨ ਤਿੰਨ ਹਵਾਲਾਤੀਆ ਤੋਂ ਇੱਕ ਮੋਬਾਈਲ ਫੋਨ ਸਮੇਤ ਸਿਮ ਬਰਾਮਦ ਕੀਤਾ ਗਿਆ ਜਦਕਿ ਦੋ ਮੋਬਾਈਲ ਫੋਨ, 2 ਹੈਡਫੋਨ ਅਤੇ ਦੋ ਚਾਰਜ਼ਰ ਇਕ ਬੈਰਕ ਦੇ ਬਾਥਰੂਮ ‘ਚੋ ਲਾਵਾਰਿਸ ਹਾਲਤ ਵਿਚ ਮਿਲੇ ਜਿਸ ਤੋਂ ਬਾਅਦ ਤਿੰਨ ਹਵਾਲਾਤੀਆ ਅਤੇ ਦੋ ਅਣਪਛਾਤੇ ਕੈਦੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਜੋ ਕਲ੍ਹ ਸੋਸ਼ਲ ਮੀਡੀਆ ਤੇ ਇੱਕ ਹਵਾਲਾਤੀ ਦੀ ਵੀਡੀਓ ਵਾਇਰਲ ਹੋ ਰਹੀ ਸੀ ਉਸ ਸਬੰਧੀ ਹਵਾਲਾਤੀ ਕਰਨ ਸ਼ਰਮਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਸ ਦਾ ਮੋਬਾਈਲ ਵੀ ਜ਼ਬਤ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। 

NO COMMENTS