*“ਫਰਾਈ ਡੇ, ਡਰਾਈ ਡੇ” ਦੇ ਨਾਅਰੇ ‘ਤੇ ਅਮਲ ਪਾ ਸਕਦਾ ਹੈ ਡੇਂਗੂ ਮਲੇਰੀਆ ਤੇ ਕਾਬੂ- ਚਾਨਣ ਦੀਪ ਸਿੰਘ*

0
27

ਮਾਨਸਾ, 12 ਮਈ (ਸਾਰਾ ਯਹਾਂ/  ਔਲਖ) ਗਰਮੀ ਦੇ ਮੌਸਮ ਵਿੱਚ ਮੱਛਰ ਦੇ ਕੱਟਣ ਨਾਲ ਫੈਲਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਲਈ ਮਾਨਸਾ ਜ਼ਿਲ੍ਹੇ ਵਿੱਚ ਸਿਵਲ ਸਰਜਨ ਡਾਕਟਰ ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੰਤੋਸ਼ ਭਾਰਤੀ ਐਪੀਡੀਮੋਲੋਜਿਸਟ ਅਤੇ ਗੁਰਜੰਟ ਸਿੰਘ ਏ. ਐਮ. ਓ. ਦੀ ਅਗਵਾਈ ਵਿੱਚ ਸਿਹਤ ਕਰਮਚਾਰੀ ਲਗਾਤਾਰ ਅਨਾਊਂਸਮੈਂਟਾਂ , ਨੁਕੜ ਮੀਟਿੰਗਾਂ , ਜਾਗਰੂਕਤਾ ਸੈਮੀਨਾਰ,  ਫੀਵਰ ਸਰਵੇ ਆਦਿ ਗਤੀਵਿਧੀਆਂ ਕਰ ਰਹੇ ਹਨ। ਇਸੇ ਲੜੀ ਤਹਿਤ ਡਾਕਟਰ ਹਰਦੀਪ ਸ਼ਰਮਾ ਐਸ. ਐਮ. ਓ., ਸੀ. ਐਚ. ਸੀ. ਖਿਆਲਾ ਅਤੇ ਡਾਕਟਰ ਰੁਪਿੰਦਰ ਕੌਰ ਮੈਡੀਕਲ ਅਫ਼ਸਰ ਪੀ. ਐਚ. ਸੀ. ਨੰਗਲ ਕਲਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਦਸਮੇਸ਼ ਪਬਲਿਕ ਸਕੂਲ ਨੰਗਲ ਕਲਾਂ ਵਿਖੇ ਵਿਦਿਆਰਥੀਆਂ ਨੂੰ  ਡੇਂਗੂ ਅਤੇ ਮਲੇਰੀਆ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਸਿਹਤ ਕਰਮਚਾਰੀ ਚਾਨਣ ਦੀਪ ਸਿੰਘ ਨੇ ਦੱਸਿਆ ਕਿ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਮੱਛਰ ਦੇ ਕੱਟਣ ਨਾਲ ਫੈਲਦੇ ਹਨ। ਇਸ ਲਈ ਇਨ੍ਹਾਂ ਦੀ ਰੋਕਥਾਮ ਲਈ ਮੱਛਰ ਦਾ ਖਾਤਮਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਸ ਮੱਛਰ ਦਾ ਲਾਰਵਾ ਖੜੇ ਅਤੇ ਸਾਫ਼ ਪਾਣੀ ‘ਤੇ ਪੈਦਾ ਹੁੰਦਾ ਹੈ ਜੋ ਕਿ ਘਰਾਂ ਦੀਆਂ ਅਣਢਕੀਆਂ ਪਾਣੀ ਦੀਆਂ ਟੈਂਕੀਆਂ, ਕੂਲਰ , ਫਰਿਜ਼ ਦੇ ਪਿੱਛੇ ਲੱਗੀਆਂ ਟਰੇਆਂ, ਛੱਤਾਂ ਤੇ ਪਏ ਟੁੱਟੇ ਭਾਂਡੇ, ਟਾਇਰਾਂ ਅਤੇ ਘਰਾਂ ਦੇ ਆਲੇ ਦੁਆਲੇ ਪੁੱਟੇ ਟੋਇਆਂ ਵਿੱਚ ਖੜਾ ਹੋ ਸਕਦਾ ਹੈ। ਜੇਕਰ ਅਸੀਂ ਇਨ੍ਹਾਂ ਥਾਵਾਂ ਨੂੰ ਚੈੱਕ ਕਰ ਕੇ ਸਹੀ ਕਰਦੇ ਰਹੀਏ ਤਾਂ ਮੱਛਰ ਦੇ ਲਾਰਵੇ ਨੂੰ ਪੈਦਾ ਹੋਣ ਤੋਂ ਰੋਕ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ “ਫਰਾਈ ਡੇ, ਡਰਾਈ ਡੇ” ਦਾ ਨਾਅਰਾ ਦਿੱਤਾ ਗਿਆ ਹੈ ਜਿਸ ਤਹਿਤ ਲੋਕਾਂ ਨੂੰ ਹਰ ਸ਼ੁਕਰਵਾਰ ਦੇ ਦਿਨ ਨੂੰ “ਫਰਾਈ ਡੇ, ਡਰਾਈ ਡੇ” ਵਜੋਂ ਮਨਾਉਣ ਲਈ ਪ੍ਰੇਰਿਆ ਜਾ ਰਿਹਾ ਹੈ। ਇਸ ਦਿਨ ਸਾਰੇ ਸਰਕਾਰੀ, ਪ੍ਰਾਈਵੇਟ ਦਫਤਰਾਂ ਅਤੇ ਹੋਰ ਸੰਸਥਾਵਾਂ ਵਿੱਚ ਕੂਲਰਾਂ ਦੇ ਪਾਣੀ  ਨੂੰ ਕੱਢ ਕੇ ਅਤੇ ਉਨ੍ਹਾਂ ਨੂੰ ਸੁਕਾ ਕੇ ਦੁਬਾਰਾ ਪਾਣੀ ਭਰਿਆ ਜਾਂਦਾ ਹੈ ਅਤੇ ਹੋਰ ਪਾਣੀ ਦੇ ਸਰੋਤ ਚੈਕ ਕੀਤੇ ਜਾਂਦੇ ਹਨ।  ਉਨ੍ਹਾਂ ਦੱਸਿਆ ਕਿ ਜੇਕਰ ਅਸੀਂ ਸਾਰੇ ਇਸ ਨਾਅਰੇ ਤੇ ਅਮਲ ਕਰੀਏ ਤਾਂ ਡੇਂਗੂ ਅਤੇ ਮਲੇਰੀਏ ਤੇ ਕਾਬੂ ਪਾ ਸਕਦੇ ਹਾਂ। ਉਨ੍ਹਾਂ ਸਕੂਲ ਵਿਦਿਆਰਥੀਆਂ ਨੂੰ ਇਸ ਨਾਅਰੇ ਤੇ ਆਪਣੇ ਘਰਾਂ ਅਤੇ ਆਲੇ ਦੁਆਲੇ ਵਿੱਚ ਅਮਲ ਕਰਵਾਉਣ ਲਈ ਵੱਧ ਚੜ੍ਹ ਕੇ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਇਸ ਮੌਕੇ ਪ੍ਰਿੰਸੀਪਲ ਸੇਵਕ ਸਿੰਘ, ਜੈ ਪ੍ਰੀਤ ਸਿੰਘ ਮੈਨੇਜਿੰਗ ਡਾਇਰੈਕਟਰ, ਸਕੂਲ ਟੀਚਰ ਪ੍ਰੀਤੀ ਸ਼ਰਮਾ, ਰਮਨਦੀਪ ਕੌਰ ਸੀ. ਐਚ. ਓ., ਰਮਨਦੀਪ ਕੌਰ ਏ. ਐਨ. ਐਮ. ਤੋਂ  ਇਲਾਵਾ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

NO COMMENTS