ਫਗਵਾੜਾ 23 ਸਤੰਬਰ (ਸਾਰਾ ਯਹਾਂ/ਸ਼ਿਵ ਕੋੜਾ) ਖੱਤਰੀ ਸਭਾ ਪੰਜਾਬ ਦੀ ਮੀਟਿੰਗ ਫੋਕਲ ਪੁਆਇੰਟ ਸੰਗਰੂਰ ਵਿਖੇ ਹੋਈ। ਇਸ ਵਿੱਚ ਭਾਗ ਲੈਣ ਉਪਰੰਤ ਫਗਵਾੜਾ ਪਰਤੇ ਖੱਤਰੀ ਸਭਾ ਇਕਾਈ ਫਗਵਾੜਾ ਦੇ ਪ੍ਰਧਾਨ ਮਦਨ ਮੋਹਨ ਬਜਾਜ (ਗੁਡ) ਨੇ ਦੱਸਿਆ ਕਿ ਇਸ ਮੀਟਿੰਗ ਦੀ ਪ੍ਰਧਾਨਗੀ ਪੰਜਾਬ ਪ੍ਰਧਾਨ ਦਲਜੀਤ ਸਿੰਘ ਜਾਜ਼ਮੀ ਨੇ ਕੀਤੀ। ਜਦਕਿ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਤੇ ਅਰਵਿੰਦ ਖੰਨਾ ਮੁੱਖ ਮਹਿਮਾਨਾਂ ਵਜੋਂ ਹਾਜ਼ਰ ਹੋਏ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਪੰਜਾਬ ਪ੍ਰਧਾਨ ਦੀ ਤਰਫੋਂ ਭਾਜਪਾ ਆਗੂਆਂ ਅਵਿਨਾਸ਼ ਰਾਏ ਖੰਨਾ ਅਤੇ ਅਰਵਿੰਦ ਖੰਨਾ ਅੱਗੇ ਕੇਂਦਰ ਸਰਕਾਰ ਅਤੇ ਰਾਜਪਾਲ ਪੰਜਾਬ ਦੇ ਸਹਿਯੋਗ ਨਾਲ ਚੰਡੀਗੜ੍ਹ ਵਿਖੇ ਖੱਤਰੀ ਸਭਾ ਲਈ ਇਮਾਰਤ ਦੀ ਉਸਾਰੀ ਹਿਤ ਜ਼ਮੀਨ ਅਲਾਟ ਕਰਨ ਦੀ ਮੰਗ ਰੱਖੀ ਗਈ। ਇਸ ਦੌਰਾਨ ਪ੍ਰਮੋਦ ਕੁਮਾਰ ਨੂੰ ਅਗਲੇ ਇੱਕ ਸਾਲ ਲਈ ਯੂਥ ਵਿੰਗ ਪੰਜਾਬ ਦਾ ਪ੍ਰਧਾਨ ਨਾਮਜ਼ਦ ਕੀਤਾ ਗਿਆ। ਗੁਡ ਬਜਾਜ ਨੇ ਦੱਸਿਆ ਕਿ ਮੀਟਿੰਗ ਦੌਰਾਨ ਉਨ੍ਹਾਂ ਪੰਜਾਬ ਇਕਾਈ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਸੂਬਾ ਪੱਧਰੀ ਮੁਹਿੰਮ ਸ਼ੁਰੂ ਕਰਨ ਅਤੇ ਖੱਤਰੀ ਬਰਾਦਰੀ ਦੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਸਹਿਯੋਗ ਦੇਣ ਦਾ ਸੱਦਾ ਦਿੱਤਾ। ਇਸ ਤੋਂ ਇਲਾਵਾ ਬੁਲਾਰਿਆਂ ਵੱਲੋਂ ਸਮਾਜਿਕ ਬੁਰਾਈਆਂ ਬਾਰੇ ਵੀ ਵਿਚਾਰ ਰੱਖੇ ਗਏ। ਮਦਨ ਮੋਹਨ ਬਜਾਜ ਅਨੁਸਾਰ ਪੰਜਾਬ ਪ੍ਰਧਾਨ ਦਲਜੀਤ ਸਿੰਘ ਜਖ਼ਮੀ ਅਤੇ ਪੰਜਾਬ ਸਕੱਤਰ ਸੰਜੀਵ ਲੇਖੀ ਨੇ ਅਗਲੇ ਕੁੱਝ ਦਿਨਾਂ ਵਿੱਚ ਫਗਵਾੜਾ ਫੇਰੀ ਦਾ ਭਰੋਸਾ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਤੋਂ ਫਗਵਾੜਾ ਵਿੱਚ ਖੱਤਰੀ ਭਵਨ ਦੀ ਉਸਾਰੀ ਲਈ ਜਗਾ ਮੁਹੱਈਆ ਕਰਵਾਉਣ ਦੀ ਮੰਗ ਵੀ ਕੀਤੀ ਅਤੇ ਕਿਹਾ ਕਿ ਇਮਾਰਤ ਦੀ ਉਸਾਰੀ ਸਭਾ ਵਲੋਂ ਦੇਸ਼-ਵਿਦੇਸ਼ ਵਿੱਚ ਵਸਦੇ ਖੱਤਰੀ ਭਾਈਚਾਰੇ ਦੇ ਪਤਵੰਤਿਆਂ ਦੇ ਸਹਿਯੋਗ ਨਾਲ ਖੁਦ ਕਰ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਸੰਗਰੂਰ ਦੀ ਮੀਟਿੰਗ ਵਿੱਚ ਉਨ੍ਹਾਂ ਦੇ ਨਾਲ ਸਭਾ ਦੀ ਫਗਵਾੜਾ ਇਕਾਈ ਦੇ ਦਵਿੰਦਰ ਭੱਲਾ,ਸ਼ੰਕਰ ਝਾਂਜੀ, ਵਿਤਿਨ ਪੁਰੀ, ਖਜ਼ਾਨਚੀ ਭਾਰਤ ਭੂਸ਼ਣ ਬੇਦੀ, ਪ੍ਰੇਮ ਬਜਾਜ ਅਤੇ ਇੰਦਰਜੀਤ ਜੈਰਥ ਆਦਿ ਵੀ ਸ਼ਾਮਲ ਸਨ।