ਸਰਦੂਲਗੜ੍ਹ,13 ਅਪ੍ਰੈਲ (ਬਪਸ):ਕਿਸਾਨਾਂ ਵੱਲੋ ਕਣਕ ਦੀ ਫਸਲ ਦੀ ਵਢਾਈ ਸੁਰੂ ਕਰ ਦਿੱਤੀ ਗਈ ਹੈ। ਆਉਂਦੇ ਕੁਝ ਦਿਨਾਂ ਤੱਕ ਕਣਕ ਦੀ ਫਸਲ ਮੰਡੀਆਂ ਚ ਆਉਣੀ ਸੁਰੂ ਹੋ ਜਾਵੇਗੀ।ਸੂਬਾ ਸਰਕਾਰ ਵੱਲੋਂ 15 ਅਪ੍ਰੈਲ ਤੋਂ ਕਣਕ ਦੀ ਖਰੀਦ ਸੁਰੂ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਕਰੋਨਾ ਵਾਇਰਸ ਕਰਕੇ ਲਗਾਏ ਗਏ ਕਰਫਿਊ ਤੇ ਚੱਲਦਿਆਂ ਜਿੱਥੇ ਕਿਸਾਨਾਂ ਵੱਲੋਂ ਕਣਕ ਦੀ ਕਟਾਈ ਥੋੜ੍ਹਾ ਲੇਟ ਹੋਣ ਦੀ ਸੰਭਾਵਨਾ ਹੈ ਉੱਥੇ ਹੀ ਕਿਸਾਨਾਂ ਨੂੰ ਫਸਲ ਮੰਡੀਆਂ ਚ ਵੇਚਣ ਦਾ ਫਿਕਰ ਲੱਗਿਆ ਹੋਇਆਂ ਹੈ। ਮੰਡੀਆਂ ਚ ਜਾਕੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਤੇ ਪਤਾ ਚੱਲਿਆ ਕਿ ਮੰਡੀਆਂ ਚ ਸਫਾਈ ਦਾ ਕੰਮ ਚੱਲ ਰਿਹਾ ਹੈ। ਉਧਰ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਸਬੰਧਤ ਮਹਿਕਮੇ ਨੂੰ ਚਾਹੀਦਾ ਹੈ ਕਿ ਉਹ ਮੰਡੀਆਂ ਦੇ ਸਾਰੇ ਪ੍ਰਬੰਧ ਮੁਕੰਮਲ ਕਰਨ ਤਾਂ ਕਿ ਕਿਸਾਨਾਂ ਨੂੰ ਫਸਲ ਵੇਚਣ ਚ ਕੋਈ ਵੀ ਮੁਸ਼ਕਲ ਨਾ ਆਵੇ। ਇਸ ਸਬੰਧੀ ਮਾਰਕੀਟ ਕਮੇਟੀ ਸਰਦੂਲਗੜ੍ਹ ਦੇ ਪ੍ਰਬੰਧਕ ਕਮ ਅੈਸ.ਡੀ.ਅੈਮ. ਰਾਜਪਾਲ ਸਿੰਘ ਨੇ ਦੱਸਿਆ ਕਿ ਅਨਾਜ ਮੰਡੀ ਸਰਦੂਲਗੜ੍ਹ ਅਤੇ ਦੂਸਰੇ ਖਰੀਦ ਕੇਂਦਰਾਂ ਚ ਸਪਰੇਅ ਆਦਿ ਕਰਵਾ ਦਿੱਤੀ ਗਈ ਹੈ ਆਉਣ ਵਾਲੇ ਇੱਕ-ਦੋ ਦਿਨਾਂ ਚ ਸਾਰੇ ਖਰੀਦ ਕੇਂਦਰਾਂ ਦੀ ਸਫਾਈ ਕਰਵਾਕੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ। ਸੂਬਾ ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਪੰਦਰਾਂ ਅਪ੍ਰੈਲ ਤੋਂ ਕਣਕ ਦੀ ਖਰੀਦ ਸੁਰੂ ਕਰ ਦਿੱਤੀ ਜਾਵੇਗੀ। ਮਾਰਕੀਟ ਕਮੇਟੀ ਦੇ ਸਕੱਤਰ ਜਗਤਾਰ ਸਿੰਘ ਫੱਗੂ ਨੇ ਦੱਸਿਆ ਕਿ ਰੋਜਾਨਾ ਮੰਡੀ ਚ 2500 ਕੁਇੰਟਲ ਕਣਕ ਦੀ ਆਮਦ ਦੀ ਇਜਾਜਤ ਦਿੱਤੀ ਜਾਵੇਗੀ ਤਾਂ ਕਿ ਮੰਡੀ ਵਿੱਚ ਜਿਆਦਾ ਇਕੱਠ ਨਾ ਹੋਵੇ। ਆੜ੍ਹਤੀਆ ਅੈਸੋਸੀਏਸ਼ਨ ਸਰਦੂਲਗੜ੍ਹ ਦੇ ਪ੍ਰਧਾਨ ਪਵਨ ਚੌਧਰੀ ਨੇ ਦੱਸਿਆ ਕਿ ਕਮੇਟੀ ਵੱਲੋਂ ਟੋਕਨ ਜਾਰੀ ਹੋਣਗੇ।ਜੋ ਕਿਸਾਨਾਂ ਨੂੰ ਦਿੱਤੇ ਜਾਣਗੇ ਸਿਰਫ ਟੋਕਨ ਵਾਲੇ ਕਿਸਾਨ ਹੀ ਮੰਡੀ ਚ ਕਣਕ ਲੈਕੇ ਆਉਣਗੇ। ਕੈਪਸ਼ਨ: ਖ਼ਰੀਦ ਕੇਂਦਰ ਦੀ ਸਫ਼ਾਈ ਕਰਦੇ ਹੋਏ ਵਿਅਕਤੀ ।