18 ਜੂਨ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):ਵਿਸ਼ਵ ਯੋਗ ਦਿਵਸ ਮੌਕੇ ਆਰ.ਸੀ ਐਂਡ ਵੈਲਫੇਅਰ ਕਲੱਬ ਭੀਖੀ ਵਲੋਂ ਅਸ਼ੋਕ ਜੈਨ ਦੀ ਪ੍ਰਧਾਨਗੀ ਹੇਠ ਲਗਾਏ ਗਏ ਪੰਜ ਦਿਨਾਂ ਯੋਗ ਸ਼ਿਵਰ ਦੇ ਦੂਜੇ ਦਿਨ ਭੀਖੀ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਯੋਗ ਸਾਧਨਾ ਕੀਤੀ।
ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਫਾਦਰ ਡੇਅ ਨੂੰ ਸਮਰਪਿਤ ਪੰਜਾਹ ਕਿਲੋਮੀਟਰ ਸਾਇਕਲ ਰਾਈਡ ਕਰਦਿਆਂ ਭੀਖੀ ਦੇ ਮਿਉਂਸਪਲ ਪਾਰਕ ਵਿਖੇ ਚੱਲ ਰਹੇ ਇਸ ਯੋਗ ਸ਼ਿਵਰ ਮੌਕੇ ਲੋਕਾਂ ਨੂੰ ਸਾਇਕਲ ਚਲਾਉਣ ਲਈ ਪ੍ਰੇਰਿਤ ਕੀਤਾ।
ਇਹ ਜਾਣਕਾਰੀ ਦਿੰਦਿਆਂ ਗਰੁੱਪ ਦੇ ਮੈਂਬਰ ਸੁਰਿੰਦਰ ਬਾਂਸਲ ਨੇ ਦੱਸਿਆ ਕਿ ਭੀਖੀ ਵਿਖੇ ਲਗਾਏ ਗਏ ਇਸ ਯੋਗ ਸ਼ਿਵਰ ਵਿੱਚ ਭੀਖੀ ਸ਼ਹਿਰ ਦੇ ਮਰਦਾਂ ਅਤੇ ਔਰਤਾਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਇਸ ਕੈਂਪ ਦਾ ਲਾਹਾ ਲਿਆ ਅਤੇ ਯੋਗ ਟ੍ਰੇਨਰ ਕਮਲ ਜੀ ਬਰੇਟਾ ਨੇ ਬੜੇ ਹੀ ਵਧੀਆ ਢੰਗ ਨਾਲ ਸਮਝਾਉਂਦਿਆਂ ਯੋਗ ਕਿਰਿਆਵਾਂ ਕਰਵਾਉਣ ਸਮੇਂ ਖੁਸ਼ੀ ਦਾ ਮਾਹੌਲ ਬਣਾਈ ਰੱਖਿਆ। ਯੋਗ ਟ੍ਰੇਨਰ ਕਮਲ ਜੀ ਨੇ ਦੱਸਿਆ ਕਿ ਯੋਗ ਆਸਨ ਕਰਨ ਨਾਲ ਗੋਡਿਆਂ ਅਤੇ ਬਲੱਡ ਪੈ੍ਸ਼ਰ ਵਰਗੀਆਂ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਹਰ ਰੋਜ਼ ਦੇ ਰੁਝੇਵਿਆਂ ਭਰੇ ਸਮੇਂ ਵਿੱਚੋਂ ਇੱਕ ਘੰਟਾ ਯੋਗ ਲਈ ਦੇਣ ਨਾਲ ਕਿਸੇ ਵੀ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਸੰਜੀਵ ਪਿੰਕਾਂ ਨੇ ਕਿਹਾ ਕਿ ਸਾਇਕਲਿੰਗ ਇੱਕ ਲਾਹੇਵੰਦ ਕਸਰਤ ਹੈ ਅਤੇ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਹਰ ਰੋਜ਼ ਕਈ ਕਈ ਕਿਲੋਮੀਟਰ ਸਾਇਕਲਿੰਗ ਕਰਦਿਆਂ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸਾਇਕਲ ਚਲਾਉਣ ਲਈ ਪ੍ਰੇਰਿਤ ਕਰਦੇ ਹਨ ਇਸੇ ਲੜੀ ਤਹਿਤ ਅੱਜ ਇਸ ਕੈਂਪ ਵਿੱਚ ਆਏ ਹਨ। ਉਹਨਾਂ ਦੱਸਿਆ ਕਿ ਸਾਇਕਲਿੰਗ ਕਰਨ ਨਾਲ ਸ਼ੂਗਰ ਦੀ ਬੀਮਾਰੀ ਲੱਗਭਗ ਖਤਮ ਹੋ ਜਾਂਦੀ ਹੈ ਅਤੇ ਬਲੱਡ ਪੈ੍ਸ਼ਰ ਦੀ ਬੀਮਾਰੀ ਤੋਂ ਵੀ ਰਾਹਤ ਮਿਲਦੀ ਹੈ ਉਹਨਾਂ ਕਿਹਾ ਕਿ ਹਰੇਕ ਇਨਸਾਨ ਨੂੰ ਘੱਟੋ ਘੱਟ ਵੀਹ ਕਿਲੋਮੀਟਰ ਸਾਇਕਲਿੰਗ ਹਰ ਰੋਜ਼ ਕਰਨੀ ਚਾਹੀਦੀ ਹੈ। ਕੈਂਪ ਦੀ ਪ੍ਰਬੰਧਕੀ ਕਮੇਟੀ ਦੇ ਅਸ਼ੋਕ ਜੈਨ ਅਤੇ ਸੰਦੀਪ ਕੁਮਾਰ ਨੇ ਸ਼ਹਿਰ ਦੀਆਂ ਸਾਰੀਆਂ ਸੰਸਥਾਵਾਂ ਦੇ ਮੈਂਬਰਾਂ ਅਤੇ ਖਾਸ ਕਰ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਦਾ ਇਸ ਕੈਂਪ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਇਸ ਤਰ੍ਹਾਂ ਦੇ ਲੋਕਾਂ ਨੂੰ ਚੰਗੀ ਸਿਹਤ ਲਈ ਸੇਧ ਦੇਣ ਵਾਲੇ ਉਪਰਾਲੇ ਆਉਣ ਵਾਲੇ ਸਮੇਂ ਵਿੱਚ ਵੀ ਕਰਦੇ ਰਹਿਣਗੇ।
ਇਸ ਮੌਕੇ ਅਸ਼ੋਕ ਜੈਨ,ਅਨਿਲ ਕੁਮਾਰ, ਕਿਰਨਦੀਪ,ਰਕੇਸ਼ ਬੋਬੀ, ਪ੍ਰਸ਼ੋਤਮ ਜੀ, ਜੈਪਾਲ ਸਿੰਗਲਾ, ਸੰਦੀਪ ਕੁਮਾਰ, ਪ੍ਰਵੀਨ ਟੋਨੀ ਸ਼ਰਮਾ, ਸੁਰਿੰਦਰ ਬਾਂਸਲ,ਜਗਤ ਰਾਮ ਗਰਗ, ਕਿ੍ਸ਼ਨ ਗਰਗ, ਸੰਜੀਵ ਪਿੰਕਾਂ, ਰਾਧੇ ਸ਼ਿਆਮ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।