ਮਾਨਸਾ, 20 ਮਾਰਚ (ਸਾਰਾ ਯਹਾ, ਬਲਜੀਤ ਸ਼ਰਮਾ) : ਦੁਨੀਆਂ ਵਿੱਚ ਤੇਜੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਟ੍ਰੇਨਿੰਗ ਸੈਂਟਰ ਪੰਜਾਬ ਹੋਮ ਗਾਰਡਜ਼ ਮਾਨਸਾ ਵਿਖੇ ਕਮਾਂਡੈਂਟ ਜਰਨੈਲ ਸਿੰਘ ਮਾਨ ਦੀ ਅਗਵਾਈ ਹੇਠ ਇੱਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿੱਚ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਣਜੀਤ ਰਾਏ ਵੱਲੋਂ ਪੰਜਾਬ ਹੋਮ ਗਾਰਡਜ਼ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਗਾਰਡਜ਼ ਨੂੰ ਕੋਰੋਨਾ ਵਾਇਰਸ ਦੇ ਲੱਛਣਾਂ, ਫੈਲਣ ਦੇ ਕਾਰਨਾਂ ਅਤੇ ਇਸ ਤੋਂ ਬਚਾਅ ਦੇ ਤਰੀਕਿਆਂ ਪ੍ਰਤੀ ਜਾਗਰੂਕ ਕੀਤਾ ਗਿਆ। ਡਾ. ਰਣਜੀਤ ਰਾਏ ਨੇ ਦੱਸਿਆ ਕਿ ਕਰਮਚਾਰੀ ਡਿਊਟੀ ਦੌਰਾਨ ਜ਼ੁਕਾਮ, ਖਾਂਸੀ, ਬੁਖਾਰ ਦੇ ਲੱਛਣ ਵਾਲੇ ਵਿਕਅਤੀਆਂ ਤੋਂ ਲਗਭਗ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖੋ ਅਤੇ ਆਪਣਾ ਮੂੰਹ ਢੱਕ ਕੇ ਰੱਖੋ । ਉਨ੍ਹਾਂ ਦੱਸਿਆ ਕਿ ਬਿਨ੍ਹਾਂ ਜ਼ਰੂਰੀ ਲੋੜ ਤੋਂ ਭੀੜ ਭੜੱਕੇ ਵਾਲੇ ਮਾਹੌਲ ਅਤੇ ਬਿਨ੍ਹਾਂ ਲੋੜ ਤੋਂ ਸਫਰ ਕਰਨ ਤੋਂ ਸੰਕੋਚ ਕੀਤਾ ਜਾਵੇ ਕਿਉਂਕਿ ਇਹ ਬਿਮਾਰੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਹੀ ਫੈਲਦੀ ਹੈ ਇਸ ਲਈ ਸ਼ੱਕੀ ਵਿਅਕਤੀ ਤੋਂ ਲਗਭਗ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖੋ ਕਿਉਂਕਿ ਸ਼ੱਕੀ ਵਿਅਕਤੀ ਵੱਲੋਂ ਖਾਂਸੀ ਕਰਨ ਜਾਂ ਛਿੱਕ ਮਾਰਨ ਸਮੇ ਮੂੰਹ ਵਿੱਚੋਂ ਨਿਕਲਣ ਵਾਲੇ ਪਾਣੀ ਦੇ ਛਿੱਟਿਆਂ ਦੇ ਸੰਪਰਕ ਵਿੱਚ ਆਉਣ ਨਾਲ ਇਸ ਦੇ ਫੈਲਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਆਪਣੇ ਪਰਿਵਾਰ, ਆਂਢ-ਗੁਆਂਢ ਅਤੇ ਆਮ ਜਨਤਾ ਨੂੰ ਜਾਗਰੁਕ ਕੀਤਾ ਜਾਣਾ ਬਹੁਤ ਜ਼ਰੂਰੀ ਹੈੋ। ਉਨ੍ਹਾਂ ਦੱਸਿਆ ਕਿ ਇਸ ਤੋਂ ਬਚਾਅ ਲਈ ਸਮੇਂ-ਸਮੇਂ ‘ਤੇ ਹੱਥਾਂ ਨੂੰ ਸਾਬਣ ਨਾਲ ਧੋਣਾ ਚਾਹੀਦਾ ਹੈ, ਛਿੱਕਦੇ ਜਾਂ ਖਾਂਸੀ ਕਰਦੇ ਸਮੇਂ ਮੂੰਹ ਨੂੰ ਰੁਮਾਲ ਨਾਲ ਢਕੋ ਜਾਂ ਨੱਕ ਨੂੰ ਕੂਹਣੀ ਨਾਲ ਢੱਕੋ। ਉਨ੍ਹਾਂ ਦੱਸਿਆ ਕਿ ਜੇਕਰ ਬੁਖਾਰ ਖਾਂਸੀ ਜਾਂ ਸਾਂਹ ਲੈਣ ਵਿੱਚ ਤਕਲੀਫ ਹੋਵੇ, ਤਾਂ ਟੋਲ ਫਰੀ ਮੈਡੀਕਲ ਹੈਲਪ ਲਾਇਨ ਨੰ: 104 ‘ਤੇ ਸੰਪਰਕ ਕੀਤਾ ਜਾਵੇ। ਇਸ ਦੌਰਾਨ ਕਮਾਂਡੈਂਟ ਸ਼੍ਰੀ ਜਰਨੈਲ ਸਿੰਘ ਮਾਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਰਕਾਰ ਵੱਲੋਂ ਇਸ ਦੀ ਰੋਕਥਾਮ ਤੇ ਬਚਾਅ ਲਈ ਯੋਗ ਪ੍ਰਬੰਧ ਕੀਤੇ ਗਏ ਹਨ ਇਸ ਲਈ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਸੁਚੇਤ ਰਹੋ ਅਤੇ ਆਮ ਜਨਤਾ ਨੂੰ ਕੋਰੋਨਾ ਵਾਇਰਸ ਬਾਰੇ ਜਾਗਰੁਕ ਕੀਤਾ ਜਾਵੇ ਅਤੇ ਨਿੱਜੀ ਤੌਰ ‘ਤੇ ਪੂਰੀ ਸਾਵਧਾਨੀ ਵਰਤੀ ਜਾਵੇ। ਇਸ ਮੌਕੇ ਸ਼੍ਰੀ ਦਰਸ਼ਨ ਸਿੰਘ, ਸ਼੍ਰੀ ਗੁਰਸੇਵਕ ਸਿੰਘ, ਸ਼੍ਰੀ ਕੁਲਦੀਪ ਸਿੰਘ ਅਤੇ ਸ਼੍ਰੀ ਸੁਖਜੀਤ ਸਿੰਘ ਹਾਜ਼ਰ ਸਨ।