*ਪੰਜਾਬ ਸਾਹਮਣੇ ਨਵੀਂ ਮੁਸੀਬਤ, ਕੇਂਦਰ ਸਰਕਾਰ ਵੱਲੋਂ ਚੌਕਸ ਰਹਿਣ ਦੀ ਹਦਾਇਤ, WHO ਨੇ ਵੀ ਦਿੱਤੀ ਚੇਤਾਵਨੀ*

0
423

ਚੰਡੀਗੜ੍ਹ 27,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਪੰਜਾਬ ਵਿੱਚ ਕਰੋਨਾਵਾਇਰਸ ਦੀ ਦੂਜੀ ਲਹਿਰ ਦੇ ਕੇਸਾਂ ਦੀ ਗਿਣਤੀ ਘਟਦਿਆਂ ਹੀ ਹੁਣ ਨਵੀਂ ਮੁਸੀਬਤ ਆ ਗਈ ਹੈ। ਹੁਣ ਰਾਜਧਾਨੀ ਚੰਡੀਗੜ੍ਹ ਵਿੱਚ ਕਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਡੈਲਟਾ ਪਲੱਸ ਦੇ ਕੇਸ ਮਿਲਣੇ ਸ਼ੁਰੂ ਹੋ ਗਏ ਹਨ। ਇਸ ਤੋਂ ਇਲਾਵਾ ਹਰਿਆਣਾ ਦੇ ਫ਼ਰੀਦਾਬਾਦ ਵਿੱਚ ਵੀ ਡੈਲਟਾ ਪਲੱਸ ਵੈਰੀਐਂਟ ਦਾ ਕੇਸ ਸਾਹਮਣੇ ਆਇਆ ਹੈ। ਕਰੋਨਾਵਾਇਰਸ ਲਾਗ ਦੀ ਇਹ ਕਿਸਮ ਸਭ ਤੋਂ ਵੱਧ ਛੂਤ ਵਾਲੀ ਕਿਸਮ ਹੈ।

ਮਿਲੀ ਜਾਣਕਾਰੀ ਅਨੁਸਾਰ ਸ਼ਨੀਵਾਰ ਲੁਧਿਆਣਾ ਤੇ ਚੰਡੀਗੜ੍ਹ ਵਿੱਚ ਕਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਦਾ ਇੱਕ-ਇੱਕ ਕੇਸ ਸਾਹਮਣੇ ਆਇਆ ਹੈ ਜਦਕਿ ਸ਼ੁਕੱਰਵਾਰ ਨੂੰ ਪਟਿਆਲਾ ਵਿੱਚ ਇਸੇ ਵੈਰੀਐਂਟ ਦਾ ਇੱਕ ਕੇਸ ਪਾਇਆ ਗਿਆ ਸੀ। ਡੈਲਟਾ ਪਲੱਸ ਦੇ ਕੇਸ ਮਿਲਣ ’ਤੇ ਕੇਂਦਰ ਸਰਕਾਰ ਨੇ ਸੂਬੇ ਦੇ ਸਿਹਤ ਵਿਭਾਗ ਨੂੰ ਚੌਕਸ ਰਹਿਣ ਦੇ ਹੁਕਮ ਦਿੱਤੇ ਹਨ।

ਇਸ ਸਬੰਧ ਵਿੱਚ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਨ ਵੱਲੋਂ ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਪੱਤਰ ਲਿਖਿਆ ਗਿਆ ਹੈ ਜਿਸ ਵਿੱਚ ਹਦਾਇਤ ਦਿੱਤੀ ਗਈ ਹੈ ਕਿ ਦੋਹਾਂ ਜ਼ਿਲ੍ਹਿਆਂ ਵਿੱਚ ਲੋਕਾਂ ਦੀ ਭੀੜ ਨਾ ਇਕੱਠੀ ਹੋਣ ਦਿੱਤੀ ਜਾਵੇ, ਲੋਕਾਂ ਦੇ ਕਰੋਨਾ ਟੈਸਟ ਕਰਵਾਏ ਜਾਣ ਤੇ ਤਰਜੀਹੀ ਪੱਧਰ ’ਤੇ ਹਰੇਕ ਵਿਅਕਤੀ ਦਾ ਟੀਕਾਕਰਨ ਕੀਤਾ ਜਾਵੇ।

ਦੱਸ ਦਈਏ ਕਿ ਲੁਧਿਆਣਾ ਦੇ ਪਿੰਡ ਜੰਡ ਵਿੱਚ 68 ਸਾਲਾ ਇੱਕ ਵਿਅਕਤੀ ਡੈਲਟਾ ਪਲੱਸ ਵੈਰੀਐਂਟ ਤੋਂ ਪੀੜਤ ਮਿਲਿਆ ਹੈ। ਇਸੇ ਤਰ੍ਹਾਂ ਚੰਡੀਗੜ੍ਹ ਦੇ ਮੌਲੀ ਜੱਗਰਾਂ ਵਿੱਚ 35 ਸਾਲਾ ਇੱਕ ਨੌਜਵਾਨ ਵਿੱਚ ਵੀ ਡੈਲਟਾ ਪਲੱਸ ਵੈਰੀਐਂਟ ਪਾਇਆ ਗਿਆ ਹੈ। ਲੰਘੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿੱਚ ਇਕ 27 ਸਾਲਾ ਵਿਅਕਤੀ ਵਿੱਚ ਡੈਲਟਾ ਪਲੱਸ ਦਾ ਵੈਰੀਐਂਟ ਪਾਇਆ ਗਿਆ।

ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਉਕਤ ਵਿਅਕਤੀਆਂ ਨੂੰ ਮਈ ਮਹੀਨੇ ਵਿੱਚ ਕਰੋਨਾ ਹੋਇਆ ਸੀ। ਉਸ ਤੋਂ ਬਾਅਦ ਉਹ ਠੀਕ-ਠੀਕ ਹਨ। ਸਿਹਤ ਵਿਭਾਗ ਨੇ ਉਕਤ ਵਿਅਕਤੀਆਂ ਦੇਂ ਸੈਂਪਲ ਲੈ ਕੇ ਦਿੱਲੀ ਜਾਂਚ ਲਈ ਭੇਜੇ ਸੀ ਤਾਂ ਸ਼ੁੱਕਰਵਾਰ ਨੂੰ ਇੱਕ ਤੇ ਸ਼ਨਿੱਚਰਵਾਰ ਨੂੰ ਦੋ ਜਣਿਆਂ ਵਿਚ ਡੈਲਟਾ ਪਲੱਸ ਵੈਰੀਐਂਟ ਮਿਲਿਆ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਕਤ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਤੇ ਹੋਰਨਾਂ ਨਜ਼ਦੀਕੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਉਧਰ, ਡਬਿਲਊਐਚਓ ਦੇ ਮੁਖੀ ਟੈਡਰੋਸ ਅਧਾਨੌਮ ਗੈਬ੍ਰਿਸਸ ਨੇ ਚਿਤਾਵਨੀ ਦਿੱਤੀ ਹੈ ਕਿ ਕਰੋਨਾ ਦੀ ਡੈਲਟਾ ਕਿਸਮ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਫੈਲਣ ਵਾਲੀ ਕਿਸਮ ਹੈ ਤੇ ਇਸ ਦੀ ਲਾਗ 85 ਮੁਲਕਾਂ ’ਚ ਮਿਲੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਮੁਲਕਾਂ ’ਚ ਲੋਕਾਂ ਨੂੰ ਟੀਕੇ ਨਹੀਂ ਲੱਗੇ ਹਨ, ਉੱਥੇ ਡੈਲਟਾ ਤੇਜ਼ੀ ਨਾਲ ਫੈਲ ਰਿਹਾ ਹੈ। ਗੈਬ੍ਰਿਸਸ ਨੇ ਕਿਹਾ ਕਿ ਡਬਿਲਊਐਚਓ ਡੈਲਟਾ ਕਿਸਮ ਨੂੰ ਲੈ ਕੇ ਫਿਕਰਮੰਦ ਹੈ। ਡੈਲਟਾ ਕਿਸਮ ਦੀ ਸਭ ਤੋਂ ਪਹਿਲਾਂ ਪਛਾਣ ਭਾਰਤ ’ਚ ਹੋਈ ਸੀ। ਉਨ੍ਹਾਂ ਕਿਹਾ ਕਿ ਕੁਝ ਮੁਲਕਾਂ ’ਚ ਪਾਬੰਦੀਆਂ ਤੋਂ ਰਾਹਤ ਦਿੱਤੀ ਜਾ ਰਹੀ ਹੈ ਜਿਸ ਨਾਲ ਦੁਨੀਆ ’ਚ ਲਾਗ ਦੇ ਕੇਸ ਹੋਰ ਤੇਜ਼ੀ ਨਾਲ ਵਧ ਸਕਦੇ ਹਨ। 

NO COMMENTS