ਪੰਜਾਬ ਸਰਕਾਰ ਹਰੇਕ ਵਰਗ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ: ਨਾਜਰ ਸਿੰਘ ਮਾਨਸ਼ਾਹੀਆ

0
40

ਮਾਨਸਾ, 7 ਜਨਵਰੀ (ਸਾਰਾ ਯਹਾ / ਜੋਨੀ ਜਿੰਦਲ): ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨਾਗਰਿਕਾਂ ਨੂੰ ਨਵੇਂ ਵਰ੍ਹੇ ਦੇ ਪਹਿਲੇ ਹਫ਼ਤੇ ਹੀ ਵੱਡਾ ਤੋਹਫ਼ਾ ਦਿੰਦਿਆਂ 5 ਨਵੀਂਆਂ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਹੈ ਜਿਸ ਨਾਲ ਵੱਖ-ਵੱਖ ਵਰਗਾਂ ਨੂੰ ਵੱਡਾ ਲਾਭ ਹਾਸਲ ਹੋਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਰਾਜ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਸਮੇਂ ਸਮੇਂ ‘ਤੇ ਕੀਤੇ ਜਾ ਰਹੇ ਨਵੇਂ ਉਪਰਾਲਿਆਂ ਤੋਂ ਭਲੀ ਭਾਂਤ ਪਤਾ ਲਗਦਾ ਹੈ ਕਿ ਪੰਜਾਬ ਸਰਕਾਰ ਹਰੇਕ ਵਰਗ ਦੀ ਭਲਾਈ ਲਈ ਪੂਰੀ ਤਰ੍ਹਾਂ ਸਮਰਪਿਤ ਅਤੇ ਵਚਨਬੱਧ ਹੈ। ਇਹ ਪ੍ਰਗਟਾਵਾ ਵਿਧਾਇਕ ਸ. ਨਾਜਰ ਸਿੰਘ ਮਾਨਸ਼ਾਹੀਆ ਨੇ ਅੱਜ ਇਨ੍ਹਾਂ ਪੰਜ ਸਕੀਮਾਂ ਨੂੰ ਰਸਮੀ ਤੌਰ ‘ਤੇ ਆਰੰਭ ਕਰਨ ਸਬੰਧੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਵਰਚੂਅਲ ਕਾਨਫਰੰਸ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸ਼ਾਮਲ ਹੋਣ ਮਗਰੋਂ ਗੱਲਬਾਤ ਕਰਦਿਆਂ ਕੀਤਾ। ਸ. ਮਾਨਸ਼ਾਹੀਆ ਨੇ ਦੱਸਿਆ ਕਿ ਇਨ੍ਹਾਂ ਪੰਜ ਸਕੀਮਾਂ ਵਿੱਚ ਸਮਾਰਟ ਮੀਟਰਜ਼, ਧੀਆਂ ਦੀ ਲੋਹੜੀ,  ਝੁੱਗੀਆਂ ਵਾਲੇ ਲੋਕਾਂ ਨੂੰ ਜ਼ਮੀਨਾਂ ਦੇ ਮਾਲਕਾਨਾ ਹੱਕ ਦੇਣ, ਈ-ਦਾਖ਼ਲ ਪੋਰਟਲ ਦੀ ਸ਼ੁਰੂਆਤ ਅਤੇ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡਣ ਦੀ ਸ਼ੁਰੂਆਤ ਸ਼ਾਮਲ ਹਨ। 


ਵਿਧਾਇਕ ਨੇ ਦੱਸਿਆ ਕਿ ਵਰਚੂਅਲ ਕਾਨਫਰੰਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਭਵਿੱਖ ਵਿੱਚ ਸੂਬੇ ਦੀਆਂ ਮਹਿਲਾਵਾਂ ਨੂੰ ਸੈਨੇਟਰੀ ਪੈਡ ਮੁਫ਼ਤ ਮੁਹੱਈਆ ਕਰਵਾਏ ਜਾਣਗੇ ਜੋ ਕਿ ਔਰਤਾਂ ਦੀ ਸਿਹਤਮੰਦ ਜ਼ਿੰਦਗੀ ‘ਚ ਇੱਕ ਅਹਿਮ ਤੇ ਸਾਰਥਕ ਉਪਰਾਲਾ ਸਾਬਤ ਹੋਵੇਗਾ। ਸ਼੍ਰੀ ਮਾਨਸ਼ਾਹੀਆ ਨੇ ਦੱਸਿਆ ਕਿ ਸਰਕਾਰ ਵੱਲੋਂ ਬਿਜਲੀ ਬਿੱਲਾਂ ‘ਚ ਹੋਰ ਪਾਰਦਰਸ਼ਤਾ ਲਿਆਉਣ ਦੇ ਮਕਸਦ ਨਾਲ ਲਾਂਚ ਕੀਤੇ ਗਏ ਸਮਾਰਟ ਮੀਟਰ ਦੇ ਮਾਮਲੇ ਵਿਚ ਵੀ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ ਜਿਸਨੇ 4ਜੀ ਮੀਟਰ ਲਗਾਉਣ ਦੀ ਸ਼ੁਰੂਆਤ ਕੀਤੀ ਹੈ। ਈ-ਦਾਖਲ ਬਾਰੇ ਉਨ੍ਹਾਂ ਦੱਸਿਆ ਕਿ ਹੁਣ ਖੁਰਾਕ ਤੇ ਖਪਤਕਾਰ ਮਾਮਲਿਆਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਆਨਲਾਇਨ ਦਾਇਰ ਕੀਤੀ ਜਾ ਸਕੇਗੀ । ਉਨ੍ਹਾਂ ਦੱਸਿਆ ਕਿ ਅੱਜ ਪੰਜਾਬ ਸਰਕਾਰ ਵੱਲੋਂ 2,500 ਖੇਡ ਕਿੱਟਾਂ ਵੰਡਣ ਦੀ ਵੀ ਸ਼ੁਰੂਆਤ ਕੀਤੀ ਗਈ ਹੈ ਜੋ ਯੂਥ ਡਵੈਲਪਮੈਂਟ ਬੋਰਡ ਦੇ ਰਾਹੀਂ ਜਲਦੀ ਹੀ ਪਿੰਡਾਂ ਤੇ ਸ਼ਹਿਰਾਂ ਦੇ ਨੌਜਵਾਨਾਂ ਕੋਲ ਪਹੁੰਚ ਜਾਣਗੀਆਂ ਜਿਸ ਵਿੱਚ ਕ੍ਰਿਕਟ, ਫੁੱਟਬਾਲ ਤੇ ਵਾਲੀਬਾਲ ਦੀਆਂ ਖੇਡ ਕਿੱਟਾਂ ਨੂੰ ਸ਼ਾਮਲ ਕੀਤਾ ਗਿਆ ਹੈ। ਸ਼੍ਰੀ ਮਾਨਸ਼ਾਹੀਆ ਨੇ ਦੱਸਿਆ ਕਿ ਧੀਆਂ ਦੇ ਜਨਮ ਮੌਕੇ ਉਪਹਾਰ ਦੇਣ ਅਤੇ ਮਾਪਿਆਂ ਨੂੰ ਸਨਮਾਨਿਤ ਕਰਨ ਦੀ ਯੋਜਨਾ ਵੀ ਲੜਕੀਆਂ ਦੀ ਜਨਮ ਦਰ ਵਿੱਚ ਵਾਧਾ ਕਰਨ ਵਿੱਚ ਸਹਾਈ ਸਾਬਤ ਹੋਵੇਗੀ ਅਤੇ ਝੁੱਗੀਆਂ ਵਿੱਚ ਰਹਿੰਦੇ ਲੋਕਾਂ ਨੂੰ ਜ਼ਮੀਨਾਂ ਦੇ ਮਾਲਕਾਨਾ ਹੱਕ ਮਿਲਣ ਨਾਲ ਇਸ ਵਰਗ ਨੂੰ ਵੱਡੀ ਰਾਹਤ ਮਿਲੇਗੀ।
ਇਸ ਮੌਕੇ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਵੱਲੋਂ ਨਵਜੰਮੀਆਂ ਬੱਚੀਆਂ ਦੇ ਮਾਪਿਆਂ ਨੂੰ ਵਿਸ਼ੇਸ਼ ਕਿੱਟਾਂ ਦੀ ਵੰਡ ਕੀਤੀ ਗਈ ਅਤੇ ਧੀਆਂ ਦੇ ਜਨਮ ‘ਤੇ ਮੁਬਾਰਕਬਾਦ ਦਿੱਤੀ ਗਈ। ਵਰਚੂਅਲ ਕਾਨਫਰੰਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ, ਏ.ਡੀ.ਸੀ ਅਮਰਪ੍ਰੀਤ ਕੌਰ ਸੰਧੂ, ਸ਼੍ਰੀ ਆਰ.ਐਲ ਮਿੱਤਲ ਪ੍ਰਧਾਨ ਜ਼ਿਲ੍ਹਾ ਖਪਤਕਾਰ ਮਾਮਲੇ ਨਿਪਟਾਰਾ ਕਮਿਸ਼ਨ, ਐਸ.ਡੀ.ਐਮ ਸ਼ਿਖਾ ਭਗਤ, ਯੂਥ ਆਗੂ ਸ਼੍ਰੀ ਚੁਸ਼ਪਿੰਦਰਵੀਰ ਸਿੰਘ ਭੁਪਾਲ ਸਮੇਤ ਹੋਰ ਆਗੂ ਤੇ ਅਧਿਕਾਰੀ ਵੀ ਹਾਜ਼ਰ ਸਨ।

NO COMMENTS