*ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਕਾਰਜ ਜਾਰੀ ਰਹਿਣਗੇ- ਜਿੰਪਾ*

0
5

ਚੰਡੀਗੜ੍ਹ, 24 ਜਨਵਰੀ  (ਸਾਰਾ ਯਹਾਂ/ ਮੁੱਖ ਸੰਪਾਦਕ ) : ਪੰਜਾਬ ਦੇ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕ ਭਲਾਈ ਦੇ ਕਾਰਜ ਬਿਨਾਂ ਭੇਦਭਾਵ ਦੇ ਜਾਰੀ ਰੱਖੇਗੀ। ਉਨ੍ਹਾਂ ਬੀਤੇ ਦਿਨੀਂ ਫਾਜ਼ਿਲਕਾ ਜ਼ਿਲ੍ਹੇ ਵਿਚ ਹੜ੍ਹ ਪੀੜਤਾਂ ਨੂੰ 32 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਵੰਡਣ ਲਈ ਮੁੱਖ ਮੰਤਰੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਫਾਜ਼ਿਲਕਾ ਵਿੱਚ 2020 ‘ਚ ਆਏ ਹੜ੍ਹਾਂ ਦੀ ਮੁਆਵਜ਼ਾਂ ਰਾਸ਼ੀ ਪਿਛਲੀ ਸਰਕਾਰ ਨੂੰ ਵੰਡਣੀ ਚਾਹੀਦੀ ਸੀ ਪਰ ਉਨ੍ਹਾਂ ਮੁਆਵਜ਼ਾਂ ਦੇਣ ਲਈ ਇਕ ਰੁਪਿਆ ਵੀ ਨਹੀਂ ਖਰਚਿਆ।

ਜਿੰਪਾ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਸਿਰਫ ਫੋਕੀ ਬਿਆਨਬਾਜ਼ੀ ਕਰਦੀਆਂ ਸਨ, ਲੋਕ ਭਲਾਈ ਲਈ ਕੋਈ ਕਾਰਜ ਨਹੀਂ ਕੀਤਾ ਜਾਂਦਾ ਸੀ। ਜਦਕਿ ਹੁਣ ਮਾਨ ਸਰਕਾਰ ਦੇ ਵਿਧਾਇਕ ਅਤੇ ਮੰਤਰੀ ਆਮ ਘਰਾਂ ਵਿਚੋਂ ਆਏ ਹਨ ਅਤੇ ਆਮ ਲੋਕਾਂ ਦੀਆਂ ਦੁੱਖ-ਤਕਲੀਫਾਂ ਤੇ ਮੁਸ਼ਕਿਲਾਂ ਨੂੰ ਨੇੜਿਓਂ ਸਮਝਦੇ ਹਨ। ਉਨ੍ਹਾਂ ਕਿਹਾ ਕਿ ਰਵਾਇਤੀ ਸਿਆਸੀ ਪਾਰਟੀਆਂ ਨੇ ਪੰਜਾਬ ਦਾ ਵੱਡੇ ਪੱਧਰ ‘ਤੇ ਨੁਕਸਾਨ ਕੀਤਾ ਹੈ ਪਰ ਮਾਨ ਸਰਕਾਰ ਲੋਕ ਭਲਾਈ ਦੇ ਕਾਰਜ ਬਿਨਾਂ ਕਿਸੇ ਭੇਦਭਾਵ ਦੇ ਪਹਿਲ ਦੇ ਆਧਾਰ ‘ਤੇ ਕਰਵਾਉਣੇ ਜਾਰੀ ਰੱਖੇਗੀ ਤਾਂ ਜੋ ਪੰਜਾਬ ਮੁੜ ਤੋਂ ਖੁਸ਼ਹਾਲ ਹੋਵੇ ਅਤੇ ਤਰੱਕੀ ਕਰ ਸਕੇ।

ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੀ ਲੋਕ ਕੰਮਾਂ ਪ੍ਰਤੀ ਦ੍ਰਿੜਤਾ ਅਤੇ ਸੁਹਿਰਦਤਾ ਇਸੇ ਗੱਲ ਤੋਂ ਝਲਕਦੀ ਹੈ ਕਿ ਵਿੱਤੀ ਸਾਲ 2022-23 ਦੇ ਪਹਿਲੇ 9 ਮਹੀਨਿਆਂ ਦੌਰਾਨ ਹੀ ਫਸਲਾਂ ਦੇ ਖਰਾਬੇ ਦੇ ਮੁਆਵਜ਼ੇ ਵੱਜੋਂ ਅਤੇ ਕਿਸਾਨ ਭਲਾਈ ਲਈ 125 ਕਰੋੜ ਰੁਪਏ ਵੰਡੇ ਜਾ ਚੁੱਕੇ ਹਨ। ਇਸ ਰਾਸ਼ੀ ਵਿਚ 5 ਕਰੋੜ ਰੁਪਏ ਤੋਂ ਵੀ ਜਿਆਦਾ ਦਾ ਮੁਆਵਜ਼ਾ ਮਕਾਨਾਂ ਨੂੰ ਕਿਸੇ ਕੁਦਰਤੀ ਆਫਤ ਕਾਰਨ ਹੋਏ ਨੁਕਸਾਨ ਦੀ ਪੂਰਤੀ ਵਜੋਂ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਹਰ ਵਰਗ ਦੀ ਭਲਾਈ ਲਈ ਸਾਡੀ ਸਰਕਾਰ ਵਚਨਬੱਧ ਹੈ ਅਤੇ ਜਿਹੜੇ ਵਿਸ਼ਵਾਸ ਨਾਲ ਲੋਕਾਂ ਨੇ ਸੇਵਾ ਦਾ ਮੌਕਾ ਦਿੱਤਾ ਹੈ ਉਸ ‘ਤੇ ਖਰਾ ਉਤਰਣ ਦੀ ਭਰਪੂਰ ਕੋਸ਼ਿਸ਼ ਜਾਰੀ ਰਹੇਗੀ।
——

NO COMMENTS