*ਪੰਜਾਬ ਸਰਕਾਰ ਵੱਲੋਂ ਮਾਨਸਾ ਵਿਖੇ ਬਣ ਰਹੇ ਬਿਰਧ ਘਰ ਦੀ ਉਸਾਰੀ ਲਈ 6 ਕਰੋੜ 37 ਲੱਖ ਰੁਪਏ ਦੀ ਰਾਸ਼ੀ ਜਾਰੀ*

0
172

ਮਾਨਸਾ, 17 ਅਗਸਤ :(ਸਾਰਾ ਯਹਾਂ/ਬੀਰਬਲ ਧਾਲੀਵਾਲ):
ਪੰਜਾਬ ਸਰਕਾਰ ਵੱਲੋਂ ਰਮਦਿੱਤਾ ਕੈਂਚੀਆਂ ਸਿਰਸਾ ਰੋਡ ਮਾਨਸਾ ਵਿਖੇ ਕਰੀਬ 9 ਕਰੋੜ ਰੁਪਏ ਦੀ ਲਾਗਤ ਨਾਲ 72 ਬਜ਼ੁਰਗਾਂ ਦੇ ਰਹਿਣ ਦੀ ਸਮਰੱਥਾ ਵਾਲੇ ਬਿਰਧ ਘਰ ਦੀ ਉਸਾਰੀ ਕਰੀਬ 6 ਕਰੋੜ 37 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਪਰਮਵੀਰ ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ਬਿਰਧ ਘਰ ਦੀ ਉਸਾਰੀ ਦਾ ਕੰਮ ਵਧੀਆ ਢੰਗ ਨਾਲ ਚੱਲ ਰਿਹਾ ਹੈ ਅਤੇ ਇਸਦਾ 60 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਇਸ ਬਿਰਧ ਘਰ ਵਿਚ ਬਜ਼ੁਰਗਾਂ ਦੀ ਦੇਖਭਾਲ ਦੇ ਨਾਲ-ਨਾਲ ਉਨ੍ਹਾਂ ਨੂੰ ਭੋਜਨ, ਮੈਡੀਕਲ ਸਹੂਲਤਾਂ, ਡੇ-ਕੇਅਰ, ਲਾਇਬ੍ਰੇਰੀ, ਬਾਗ਼ਬਾਨੀ ਅਤੇ ਜਿੰਮ ਦੀ ਮੁਫ਼ਤ ਸੁਵਿਧਾ ਪ੍ਰਦਾਨ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇੱਥੇ ਬਜ਼ੁਰਗਾਂ ਦੇ ਰਹਿਣ ਲਈ ਚੰਗੇ ਵਾਤਾਵਰਣ ਦੀ ਸਿਰਜਣਾ ਕੀਤੀ ਜਾਵੇਗੀ, ਤਾਂ ਜੋ ਬਜ਼ੁਰਗਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਬਿਰਧ ਘਰ 3.5 ਕਨਾਲਾਂ ਵਿੱਚ ਬਣ ਰਿਹਾ ਹੈ ਜਿਸਦਾ ਕੁੱਲ ਕਵਰਡ ਏਰੀਆ 29353 ਵਰਗ ਗਜ ਹੈ। ਉਨ੍ਹਾਂ ਦੱਸਿਆ ਕਿ ਇਸ ਘਰ ਵਿੱਚ ਕਰੀਬ 9397 ਵਰਗ ਗਜ ਵਿੱਚ 1 ਮੰਜਿਲਾ ਐਡਮਿਨੀਸਟਰੇਟਿਵ ਬਲਾਕ ਬਣਾਇਆ ਜਾਵੇਗਾ ਜਿਸ ਵਿੱਚ ਬਜ਼ੁਗਰਾਂ ਦੀ ਸਹੂਲਤ ਦੇ ਮੱਦੇਨਜ਼ਰ 1 ਲਿਫ਼ਟ ਵੀ ਬਣਾਈ ਜਾਵੇੇਗੀ।  ਇਸੇ ਤਰ੍ਹਾਂ 17760 ਵਰਗ ਗਜ ਵਿੱਚ ਹੋਸਟਲ ਬਲਾਕ ਤਿਆਰ ਕੀਤਾ ਜਾਵੇਗਾ ਜੋ 2 ਮੰਜ਼ਿਲਾਂ ਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਬਲਾਕ ਵਿੱਚ ਕੁੱਲ 72 ਬੈਡਾਂ ਦਾ ਇੰਤਜ਼ਾਮ ਕੀਤਾ ਜਾਵੇਗਾ ਅਤੇ ਹਰ ਮੰਜਿਲ ’ਤੇ 24 ਬੈਡ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।
ਡਿਪਟੀ ਕਮਿਸ਼ਨਰ ਸ਼੍ਰੀ ਪਰਮਵੀਰ ਸਿੰਘ ਨੇ ਦੱਸਿਆ ਕਿ ਕਰੀਬ 2196 ਵਰਗ ਗਜ ਵਿੱਚ ਇੱਕ ਡੇਅ-ਕੇਅਰ ਸੈਂਟਰ ਦੀ ਸਥਾਪਨਾ ਕੀਤੀ ਜਾਵੇਗੀ ਅਤੇ ਜੇਕਰ ਕਿਸੇ ਬਜ਼ੁਰਗ ਨੂੰ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਸਨੂੰ ਦਵਾਈਆਂ ਅਤੇ ਇਲਾਜ਼ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।

NO COMMENTS