*ਪੰਜਾਬ ਸਰਕਾਰ ਵੱਲੋਂ ਟ੍ਰੀਬੋ ਹੋਟਲ ਦੀ ਭਾਈਵਾਲੀ ਨਾਲ ਮੋਬਾਈਲ ਕੋਵਿਡ ਕੇਅਰ ਯੂਨਿਟ ਸਥਾਪਤ– ਬਲਬੀਰ ਸਿੱਧੂ*

0
11

ਚੰਡੀਗੜ੍ਹ / ਐਸ.ਏ.ਐਸ.ਨਗਰ, 31 ਮਈ (ਸਾਰਾ ਯਹਾਂ/ਮੁੱਖ ਸੰਪਾਦਕ) : ਸੂਬਾ ਸਰਕਾਰ ਨੇ ਜ਼ਿਲ੍ਹੇ ਦੇ ਦੂਰ ਦੁਰਾਡੇ ਦੇ ਪਿੰਡਾਂ ਵਿੱਚ ਕਵਿਡ ਕੇਅਰ ਸੇਵਾਵਾਂ ਮੁਹੱਈਆ ਕਰਵਾਉਣ ਲਈ ਟ੍ਰੀਬੋ ਹੋਟਲਜ਼ ਦੀ ਭਾਈਵਾਲੀ ਵਿਚ ਇਕ ਮੋਬਾਈਲ ਕੋਵਿਡ ਕੇਅਰ ਯੂਨਿਟ (ਐਮ.ਸੀ.ਸੀ.ਯੂ.) ਸਥਾਪਤ ਕੀਤੀ ਹੈ। ਇਹ ਜਾਣਕਾਰੀ ਸਿਹਤ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਐਮ.ਸੀ.ਸੀ.ਯੂ ਨੂੰ ਹਰੀ ਝੰਡੀ ਦਿਖਾਉਂਦਿਆਂ ਦਿੱਤੀ।
ਸਿਹਤ ਮੰਤਰੀ ਨੇ ਕਿਹਾ ਕਿ ਕੋਰੋਨਾ ਮੁਕਤ ਪੰਜਾਬ ਲਈ ਮਿਸ਼ਨ ਫਤਿਹ -2.0 ਤਹਿਤ ਇਹ ਐਮ ਸੀ ਸੀ ਯੂ ਸਥਾਪਤ ਕਰਨ ਦਾ ਮਕਸਦ ਇਸ ਮੁਸ਼ਕਲ ਸਮੇਂ ਵਿੱਚ ਪੇਂਡੂ ਲੋਕਾਂ ਨੂੰ ਸਹੂਲਤ ਮਹੁੱਈਆ ਕਰਵਾਉਣਾ ਹੈ, ਜਿਨ੍ਹਾਂ ਕੋਲ ਸਿਹਤ ਸੇਵਾਵਾਂ ਤੱਕ ਸੀਮਤ ਪਹੁੰਚ ਹੈ। ਇਹ ਐਮਸੀਸੀਯੂ 20 ਬੈੱਡਾਂ, 10 ਆਕਸੀਜਨ ਕੰਸਨਟ੍ਰੇਟਰ, ਮੌਕੇ ‘ਤੇ ਮੈਡੀਕਲ ਅਤੇ ਨਰਸਿੰਗ ਸਟਾਫ ਅਤੇ ਮੈਡੀਕਲ ਸਪਲਾਈ ਨਾਲ ਲੈਸ ਹੈ।

 ਉਹਨਾਂ ਕਿਹਾ ਕਿ ਐਸ.ਏ.ਐੱਸ. ਨਗਰ ਜ਼ਿਲ੍ਹਾ ਪ੍ਰਸ਼ਾਸਨ ਮੋਬਾਈਲ ਕੋਵਿਡ ਕੇਅਰ ਯੂਨਿਟ ਚਲਾਉਣ ਵਾਲਾ ਸਭ ਤੋਂ ਪਹਿਲਾਂ ਜ਼ਿਲ੍ਹਾ ਹੋਵੇਗਾ। ਪਾਇਲਟ ਐਮ.ਸੀ.ਸੀ.ਯੂ. ਦੀ ਸਫਲਤਾ ਤੋਂ ਬਾਅਦ, ਕੁਝ ਹੋਰ ਐਮ.ਸੀ.ਸੀ.ਯੂ ਵੀ ਸਥਾਪਤ ਕੀਤੇ ਜਾਣਗੇ।
ਸ. ਸਿੱਧੂ ਨੇ ਕਿਹਾ ਕਿ ਮੈਟਰੋ ਸ਼ਹਿਰਾਂ ਅਤੇ ਟਾਇਅਰ -1 ਤੋਂ ਛੋਟੇ ਸ਼ਹਿਰਾਂ ਅਤੇ ਪਿੰਡਾਂ ਵਿਚ ਮਹਾਂਮਾਰੀ ਫੈਲਣ ਨਾਲ ਕੋਵਿਡ -19 ਦੇ ਮਰੀਜ਼ਾਂ ਨੂੰ ਇਲਾਜ਼ ਮੁਹੱਈਆ ਕਰਵਾਉਣ ਲਈ ਇਕ ਮੋਬਾਈਲ ਯੂਨਿਟ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮੋਬਾਈਲ ਯੂਨਿਟ ਤੁਰੰਤ ਸਥਾਪਤ ਕੀਤੀ ਜਾ ਸਕਦੀ ਹੈ ਅਤੇ ਉਹਨਾਂ ਦੂਰ ਦੁਰਾਡੇ ‘ਤੇ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਜਾ ਸਕਦੀ ਹੈ ਜਿਥੇ ਡਾਕਟਰੀ ਬੁਨਿਆਦੀ ਢਾਂਚਾ ਕੋਵਿਡ ਦੀ ਮੌਜੂਦਾ ਵਿਸ਼ਾਲਤਾ ਨੂੰ ਸੰਭਾਲਣ ਲਈ ਉੱਚਿਤ ਨਹੀਂ ਹੈ।

ਇਸੇ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਮੈਡੀਕਲ ਅਤੇ ਨਰਸਿੰਗ ਸਟਾਫ ਦੇ ਨਾਲ-ਨਾਲ ਮੈਡੀਕਲ ਸਪਲਾਈ ਅਤੇ ਦਵਾਈਆ ਦੀ ਵਿਵਸਥਾ ਕੀਤੀ ਹੈ ਜਦੋਂਕਿ ਟ੍ਰੀਬੋ ਆਕਸੀਜਨ ਕੰਸਨਟਰੇਟਰਾਂ ਨਾਲ ਮੋਬਾਈਲ ਬੇਸ ਕੈਂਪ ਲਗਾਉਣ ਲਈ ਅੱਗੇ ਆਇਆ ਹੈ। ਇਹ ਕੈਂਪ ਦਿਹਾਤੀ ਲੋਕਾਂ ਨੂੰ ਦਵਾਈਆਂ ਸਮੇਤ ਮੁਫ਼ਤ ਸੇਵਾਵਾਂ ਦੀ ਪੇਸ਼ਕਸ਼ ਕਰੇਗਾ।

ਇਸ ਪਹਿਲਕਦਮੀ ‘ਤੇ ਟਿੱਪਣੀ ਕਰਦਿਆਂ ਟ੍ਰੀਬੋ ਹੋਟਲਜ਼ ਦੇ ਉਪ-ਪ੍ਰਧਾਨ ਅਤੇ ਬਿਜਨਸ ਡਿਵੈਲਪਰ ਪੁਨੀਤ ਪੁਰੀ ਨੇ ਕਿਹਾ, “ਟ੍ਰਿਬੋ ਐਸ.ਏ.ਐੱਸ ਦੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਨਾ ਚਾਹੁੰਦਾ ਹੈ ਜਿਸ ਨੇ ਇਸ ਪਹਿਲਕਦਮੀ ਨੂੰ ਸਥਾਪਤ ਕਰਨ ਵਿਚ ਉਨ੍ਹਾਂ ਦਾ ਸਹਿਯੋਗ ਦਿੱਤਾ। ਕੋਵਿਡ ਦੇ ਫੈਲਣ ਦੌਰਾਨ ਇਹ ਬਹੁਤ ਮਹੱਤਵਪੂਰਨ ਹੈ ਕਿ ਉਹਨਾਂ ਲੋਕਾਂ ਨੂੰ ਇਸ ਸਬੰਧੀ ਦੇਖਭਾਲ ਅਤੇ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ ਜਿਨ੍ਹਾਂ ਨੂੰ ਇਸਦੀ ਸਭ ਤੋਂ ਵੱਧ ਜ਼ਰੂਰਤ ਹੈ। ਮੋਬਾਈਲ ਕੋਵਿਡ ਕੇਅਰ ਯੂਨਿਟ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਮੁਫ਼ਤ ਅਤੇ ਬਿਹਤਰ ਦੇਖਭਾਲ ਸੇਵਾਵਾਂ ਸਮਾਜ ਦੇ ਸਭ ਤੋਂ ਕਮਜ਼ੋਰ ਤਬਕਿਆਂ ਤੱਕ ਪਹੁੰਚੇ। ਭਾਰਤ ਦੇ ਇੱਕ ਜ਼ਿੰਮੇਵਾਰ ਕਾਰਪੋਰੇਟ ਹੋਣ ਦੇ ਨਾਤੇ, ਅਸੀਂ ਇਸ ਮੁਸ਼ਕਲ ਸਮੇਂ ਵਿੱਚ ਆਪਣੇ ਸਾਥੀ ਨਾਗਰਿਕਾਂ ਦੇ ਨਾਲ ਖੜੇ ਹੋਣਾ ਆਪਣਾ ਫਰਜ਼ ਸਮਝਦੇ ਹਾਂ।”
ਇਸ ਤੋਂ ਪਹਿਲਾਂ, ਟ੍ਰੀਬੋ ਨੇ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਵਿੱਚ ਕੋਵਿਡ ਕੇਅਰ ਸੈਂਟਰ ਸਥਾਪਤ ਕੀਤੇ ਸਨ ਅਤੇ ਹੁਣ ਲਾਗ ਦੇ ਫੈਲਣ ਨਾਲ ਨਜਿੱਠਣ ਲਈ ਮੋਬਾਈਲ ਕੋਵਿਡ ਕੇਅਰ ਯੂਨਿਟ ਸਥਾਪਤ ਕਰਨ ਲਈ ਅੱਗੇ ਆਇਆ ਹੈ।
ਜ਼ਿਕਰਯੋਗ ਹੈ ਕਿ ਟ੍ਰੀਬੋ ਹੋਟਲਜ਼ ਦੇਸ਼ ਵਿੱਚ ਇੱਕ ਵੱਡੀ ਹੋਟਲ ਚੇਨ ਹੈ। ਇਹ 100 ਤੋਂ ਵੱਧ ਸ਼ਹਿਰਾਂ ਵਿੱਚ 500 ਤੋਂ ਵੱਧ ਹੋਟਲਾਂ ਦਾ ਇੱਕ ਵੱਡਾ ਨੈਟਵਰਕ ਚਲਾਉਂਦਾ ਹੈ। ਟ੍ਰੀਬੋ ਦੀ ਸਥਾਪਨਾ 2015 ਵਿੱਚ ਸਿਧਾਰਥ ਗੁਪਤਾ, ਕਦਮ ਜੀਤ ਜੈਨ ਅਤੇ ਰਾਹੁਲ ਚੌਧਰੀ ਵੱਲੋਂ ਕੀਤੀ ਗਈ ਸੀ।

NO COMMENTS