*ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਰਮੇ ਦਾ ਬੀਜ 33 ਫੀਸਦੀ ਸਬਸਿਡੀ ’ਤੇ ਕਰਵਾਇਆ ਜਾ ਰਿਹਾ ਹੈ ਮੁਹੱਈਆ-ਵਿਧਾਇਕ ਗੁਰਪ੍ਰੀਤ ਬਣਾਂਵਾਲੀ*

0
13

  ਮਾਨਸਾ, 06 ਅਪੈ੍ਰਲ  (ਸਾਰਾ ਯਹਾਂ/  ਮੁੱਖ ਸੰਪਾਦਕ): ਕਿਸਾਨਾਂ ਨੂੰ ਸਾਉਣੀ 2023 ਦੀਆਂ ਫਸਲਾਂ ਬਾਰੇ ਨਵੀਨਤਮ ਤਕਨੀਕੀ ਜਾਣਕਾਰੀ ਦੇਣ ਲਈ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਗੁਰਵਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਮੁੱਖ ਖੇਤੀਬਾੜੀ ਅਫ਼ਸਰ ਮਾਨਸਾ ਡਾ. ਸਤਪਾਲ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਆਤਮਾ ਸਕੀਮ ਦੇ ਸਹਿਯੋਗ ਨਾਲ ਜਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਨਵੀਂ ਅਨਾਜ ਮੰਡੀ, ਸਿਰਸਾ ਰੋਡ, ਮਾਨਸਾ ਵਿਖੇ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਟੀ. ਬੈਨਿਥ ਵੱਲੋਂ ਕੀਤਾ ਗਿਆ। ਕੈਂਪ ਵਿੱਚ ਜ਼ਿਲ੍ਹੇ ਭਰ ਵਿੱਚੋਂ ਲੱਗਭੱਗ 1700 ਕਿਸਾਨਾਂ ਨੇ ਭਾਗ ਲਿਆ। ਇਸ ਕੈਂਪ ਵਿੱਚ ਤਕਨੀਕੀ ਜਾਣਕਾਰੀ ਦੇਣ ਲਈ ਸਾਇੰਸਦਾਨਾਂ ਦੀ ਟੀਮ ਡਾ. ਰਜਿੰਦਰ ਕੌਰ ਸਹਾਇਕ ਪ੍ਰੋਫੈਸਰ ਕਿ੍ਰਸ਼ੀ ਵਿਗਿਆਨ ਕੇਂਦਰ ਮਾਨਸਾ ਦੀ ਅਗਵਾਈ ਹੇਠ ਵਿਸ਼ੇਸ਼ ਤੌਰ ’ਤੇ ਹਾਜਰ ਹੋਈ।
ਕੈਂਪ ਵਿੱਚ ਵਿਸੇਸ ਤੌਰ ’ਤੇ ਪੁੱਜੇ ਹਲਕਾ ਵਿਧਾਇਕ ਸਰਦੂਲਗੜ੍ਹ ਸ਼੍ਰੀ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਕਿਸਾਨੀ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਨਵੀ ਖੇਤੀ ਨੀਤੀ ਬਣਾਈ ਜਾ ਰਹੀ ਹੈ, ਜਿਸ ਸਬੰਧੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਪਾਸੋਂ ਸੁਝਾਅ ਮੰਗੇ ਜਾ ਰਹੇ ਹਨ ਤਾਂ ਜੋ ਕਿਸਾਨਾਂ ਦੀ ਜ਼ਰੂਰਤ ਅਨੁਸਾਰ ਖੇਤੀ ਨੀਤੀ ਤਿਆਰ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਸੁਝਾਅ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਰਾਹੀਂ ਸਰਕਾਰ ਨੂੰ ਭੇਜ ਸਕਦੇ ਹਨ । ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਰਮੇ ਦਾ ਬੀਜ 33 ਫੀਸਦੀ ਸਬਸਿਡੀ ’ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਇਸ ਕੰਮ ਲਈ 1000 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਉਨ੍ਹਾਂ  ਕਿਸਾਨਾਂ ਨੂੰ ਕਿਹਾ ਕਿ ਅਜਿਹੇ ਕਿਸਾਨ ਸਿਖਲਾਈ ਕੈਂਪ ਲਗਾਉਣ ਦਾ ਮੰਤਵ ਖੇਤੀਬਾੜੀ ਸਬੰਧੀ ਜਾਰੀ ਹੋਈਆਂ ਨਵੀਆਂ ਤਕਨੀਕਾਂ ਕਿਸਾਨਾਂ ਤੱਕ ਪਹੁੰਚਾਉਣਾ ਹੁੰਦਾ ਹੈ, ਤਾਂ ਜੋ ਕਿਸਾਨ ਇਨ੍ਹਾਂ ਤਕਨੀਕਾ ਨੂੰ ਆਪਣੇ ਖੇਤਾਂ ਵਿੱਚ ਅਪਣਾ ਕੇ ਵੱਧ ਲਾਹਾ ਪ੍ਰਾਪਤ ਕਰਨ ਸਕਣ। ਉਨ੍ਹਾਂ ਕਿਸਾਂਨਾਂ ਨੂੰ ਸਾਉਣੀ, 2023 ਦੌਰਾਨ ਨਰਮੇ ਦੀ ਫਸਲ ਦੀ ਵੱਧ ਤੋਂ ਵੱਧ ਕਾਸ਼ਤ ਕਰਨ ਦੀ ਅਪੀਲ ਕੀਤੀ।
ਵਧੀਕ ਡਿਪਟੀ ਕਮਿਸ਼ਨਰ ਸ਼੍ਰ੍ਰੀ ਟੀ.ਬੈਨਿਥ ਨੇ ਕਿਸਾਨਾਂ ਨੇ ਕਿਹਾ ਕਿ ਸਾਉਣੀ 2023 ਦੌਰਾਨ ਸਰਕਾਰ ਵੱਲੋਂ ਨਰਮੇ ਦੀ ਫਸਲ ਹੇਠ ਰਕਬਾ ਵਧਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਝੋਨੇ ਹੇਠੋਂ ਰਕਬਾ ਘਟਾ ਕੇ ਧਰਤੀ ਹੇਠਲੇ ਪਾਣੀ ਦੀ ਬੱਚਤ ਕੀਤੀ ਜਾ ਸਕੇ। ਉਨ੍ਹਾਂ ਵੱਲੋਂ ਕਿਸਾਨਾਂ ਲਈ ਵਟਸਐਪ ਚੈਟਵੋਟ ਐਪ ਲਾਂਚ ਕੀਤੀ ਗਈ, ਜਿਸ ਵਿੱਚ ਕਿਸਾਨਾਂ ਕਿਊ ਆਰ (QR) ਕੋਡ ਰਾਹੀਂ ਆਪਣੇ ਆਪ ਨੂੰ ਐਡ ਕਰਕੇ ਖੇਤੀਬਾੜੀ, ਮੌਸਮ, ਫਸਲਾਂ ਦੇ ਰੇਟ ਆਦਿ ਸਬੰਧੀ ਲੋੜੀਂਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਮੁੱਖ ਖੇਤੀਬਾੜੀ ਅਫ਼ਸਰ ਡਾ. ਸਤਪਾਲ ਸਿੰਘ ਵਲੋਂ ਜ਼ਿਲ੍ਹੇ ’ਚ ਚਲਾਈਆਂ ਜਾਂਦੀਆਂ ਵਿਭਾਗ ਦੀਆਂ ਸਕੀਮਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਸਾਉਣੀ 2022 ਦੌਰਾਨ ਨਰਮੇ  ਦੀ ਫਸਲ ਹੇਠ 47121 ਹੈਕਟੇਅਰ ਰਕਬਾ ਲਿਆਂਦਾ ਜਾ ਰਿਹਾ ਹੈ, ਜੋ ਕਿ ਇਸ ਵਾਰ ਵਧਾ ਕੇ 60000 ਹੈਕਟੇਅਰ ਕੀਤਾ ਜਾਣ ਦੀ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਨਰਮੇ ਦੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਸ਼ਿਫਾਰਿਸ਼ਸੁਦਾ ਕਿਸਮਾਂ ਦੀ ਹੀ ਬਿਜਾਈ ਕੀਤੀ ਜਾਵੇ ਅਤੇ ਅਣ-ਅਧਿਕਾਰਤ ਜਾਂ ਗੁਜਰਾਤੀ ਬੀਜ ਦੀ ਕਾਸ਼ਤ ਨਾ ਕੀਤੀ ਜਾਵੇ ਕਿਉਂਕਿ ਇਨ੍ਹਾਂ ਬੀਜਾਂ ’ਤੇ ਬਿਮਾਰੀਆਂ/ਕੀੜੇ-ਮਕੌੜਿਆਂ ਦਾ ਹਮਲਾ ਵਧੇਰੇ ਹੁੰਦਾ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਕੈਂਪ ਦੌਰਾਨ ਡਾ. ਅਨੂਰੀਤ ਕੌਰ, ਸੀਨੀਅਰ ਸਾਇੰਸਟਿਸਟ ਵੱਲੋਂ ਨਰਮੇ ਦੀ ਫਸਲ ਦੀ ਕਾਸ਼ਤ ਸਬੰਧੀ, ਡਾ. ਰਣਵੀਰ ਸਿੰਘ ਸਹਾਇਕ ਪ੍ਰੋਫੈਸਰ ਵੱਲੋਂ ਨਰਮੇ ਦੀ ਫਸਲ ਵਿੱਚ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਸਬੰਧੀ। ਡਾ. ਬੀ.ਐਸ. ਸੇਖੋਂ ਸਹਾਇਕ ਪ੍ਰੋਫੈਸਰ ਵੱਲੋੋਂ ਸਹਾਇਕ ਧੰਦਿਆਂ ਸਬੰਧੀ ਅਤੇ ਟੀਮ ਇੰਚਾਰਜ ਡਾ. ਰਜਿੰਦਰ ਕੌਰ, ਸਹਾਇਕ ਪ੍ਰੋਫੈਸਰ ਵੱਲੋਂ ਫਲਾਂ ਅਤੇ ਸਬਜੀਆਂ ਦੀ ਸਾਂਭ-ਸੰਭਾਲ ਲਈ ਤਕਨੀਕਾਂ ਬਾਰੇ ਕਿਸਾਨਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਪ੍ਰਭਦਿਆਲ ਸਿੰਘ ਮੱਛੀ ਪਾਲਣ ਅਫਸਰ ਮਾਨਸਾ ਵੱਲੋਂ ਕਿਸਾਨਾਂ ਨੂੰ ਮੱਛੀ ਅਤੇ ਝੀਂਗਾ ਪਾਲਣ ਸਬੰਧੀ ਲੋੜੀਂਦੀ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਇਸ ਲਾਹੇਬੰਦ ਧੰਦੇ ਨੂੰ ਅਪਣਾਉਣ ਦੀ ਅਪੀਲ ਕੀਤੀ ਤਾਂ ਜੋ ਖੇਤੀਬਾੜੀ ਦੇ ਨਾਲ ਸਹਾਇਕ ਧੰਦੇ ਅਪਣਾ ਕੇ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ।  
ਡਾ.  ਸੁਰੇਸ ਕੁਮਾਰ,ਜਿ੍ਹਲਾ ਸਿਖਲਾਈ ਅਫਸਰ, ਮਾਨਸਾ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਵਿਭਾਗ ਵੱਲੋਂ  ਹਰ ਮਹੀਨੇ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਏ ਜਾਂਦੇ ਹਨ ਅਤੇ ਇਹ ਕਿਸਾਨ ਸਿਖਲਾਈ ਕੈਂਪ ਖੇਤੀਬਾੜੀ ਸਬੰਧੀ ਨਵੀਆਂ ਸਿਫਾਰਸਾਂ, ਬਿਮਾਰੀਆਂ/ਕੀੜੇ-ਮਕੌੜਿਆਂ ਦੀ ਰੋਕਥਾਮ ਸਬੰਧੀ ਜਰੂਰੀ ਜਾਣਕਾਰੀ ਸਮੇਂ ਸਿਰ ਕਿਸਾਨਾਂ ਤੱਕ ਪਹੁੰਚਾਈ ਜਾਂਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਕੈਂਪਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਭਾਗ ਲਿਆ ਜਾਵੇ।
  ਕੈਂਪ ਦੌਰਾਨ ਡਾ. ਹਰਵਿੰਦਰ ਸਿੰਘ, ਡਾ. ਮਨੋਜ ਕੁਮਾਰ, ਡਾ. ਜਸਲੀਨ ਕੌਰ ਧਾਲੀਵਾਲ, ਡਾ. ਗੁਰਿੰਦਰਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ, ਡਾ. ਸੁਲੇਖ ਅਮਨ ਕੁਮਾਰ ਮਹਿਲਾ, ਡਾ. ਹਰਮਨਦੀਪ ਸਿੰਘ, ਡਾ. ਸਿਕੰਦਰ ਸਿੰਘ, ਡਾ. ਸ਼ਗਨਦੀਪ ਕੌਰ, ਡਾ. ਜਰਮਨਜੋਤ ਸਿੰਘ, ਡਾ. ਅਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਆਦਿ ਅਧਿਕਾਰੀਆਂ ਵੱਲੋਂ ਵੱਖ-ਵੱਖ ਵਿਸ਼ਿਆਂ ਸਬੰਧੀ ਖੇਤੀਬਾੜੀ ਦੀਆਂ ਤਕਨੀਕਾਂ ਕਿਸਾਨਾਂ ਨਾਲ ਸਾਂਝੀਆਂ ਕੀਤੀਆਂ ਗਈਆਂ। ਕੈਂਪ ਵਿੱਚ ਵੱਖ-ਵੱਖ ਸਰਕਾਰੀ/ਅਰਧ ਸਰਕਾਰੀ ਅਦਾਰਿਆਂ ਅਤੇ ਸੈਲਫ ਹੈਲਪ ਗਰੁੱਪਾਂ ਵੱਲੋਂ ਸਟਾਲਾਂ ਲਗਾਈਆਂ ਗਈਆਂ, ਜਿਨ੍ਹਾਂ ਦਾ ਕਿਸਾਨਾਂ ਵੱਲੋਂ ਭਰਪੂਰ ਲਾਭ ਉਠਾਇਆ ਗਿਆ।
ਇਸ ਮੌਕੇ ਡਾ. ਚਮਨਦੀਪ ਸਿੰਘ ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ) ਅਤੇ ਡਾ. ਗੁਰਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਮੌਜੂਦ ਸਨ।

NO COMMENTS