ਪੰਜਾਬ ਸਰਕਾਰ ਵਲੋਂ ਘਰ ‘ਚ ਇਕਾਂਤਵਾਸ ਸਬੰਧੀ ਐਡਵਾਇਜ਼ਰੀ ਜਾਰੀ

0
277

ਚੰਡੀਗੜ੍ਹ, 9 ਮਈ (ਸਾਰਾ ਯਹਾ,ਬਲਜੀਤ ਸ਼ਰਮਾ) :ਪੰਜਾਬ ਸਰਕਾਰ ਨੇ ਕੋਵਿਡ-19 ਦੇ ਫੈਲਾਅ ਦੇ ਮੱਦੇਨਜ਼ਰ ਦੇਸ਼ ਦੇ ਹੋਰਨਾਂ ਸੂਬਿਆਂ ਤੋਂ ਪੰਜਾਬ ਵਾਪਸ ਪਰਤੇ ਵਿਅਕਤੀਆਂ ਲਈ ਘਰ ਵਿਚ ਇਕਾਂਤਵਾਸ ‘ਚ ਰਹਿਣ ਸਬੰਧੀ ਐਡਵਾਇਜ਼ਰੀ ਜਾਰੀ ਕੀਤੀ ਹੈ।
ਇਸ ਸਬੰਧੀ ਜਾਣਾਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੋਰੋਨਾ ਵਾਇਰਸ (ਕੋਵਿਡ-19) ਸਿਸਟਮਿਕ ਬਿਮਾਰੀ ਹੈ, ਜੋ ਨੋਵਲ ਕੋਰੋਨਾ ਵਾਇਰਸ ਨਾਲ ਹੁੰਦੀ ਹੈ ਅਤੇ ਜ਼ਿਆਦਾਤਰ ਮੌਕਿਆਂ `ਤੇ ਛਿੱਕਾਂ ਅਤੇ ਖੰਘ ਦੇ ਛਿੱਟਿਆਂ ਰਾਹੀਂ ਸਾਹ ਜ਼ਰੀਏ ਅੰਦਰ ਜਾਣ ਨਾਲ, ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਅਤੇ ਇੰਫੈਕਟਿਡ ਚੀਜ਼ਾਂ/ਵਸਤੂਆਂ ਨੂੰ ਛੂਹਣ ਨਾਲ ਫ਼ੈਲਦੀ ਹੈ। ਕਿਉਂਕਿ ਇਹ ਇੱਕ ਲਾਗ ਦਾ ਵਾਇਰਸ ਹੈ ਇਸ ਲਈ ਜ਼ਰੂਰੀ ਹੈ ਕਿ ਵਾਇਰਸ ਸਬੰਧੀ ਸਾਰੇ ਸੰਪਰਕਾਂ ਨੂੰ ਇਕਾਂਤਵਾਸ ਕੀਤਾ ਜਾਵੇ ਅਤੇ ਡਾਕਟਰੀ ਜਾਂਚ ਕਰਵਾਈ ਜਾਵੇ।
ਜਿ਼ਕਰਯੋਗ ਹੈ ਕਿ ਸੰਪਰਕ ਉਹ ਤੰਦਰੁਸਤ ਵਿਅਕਤੀ ਹੰੁਦਾ ਹੈ ਜੋ ਕਿਸੇ ਇੰਫੈਕਟਿਡ ਵਿਅਕਤੀ ਜਾਂ ਇੰਫੈਕਟਿਡ ਵਾਤਾਵਰਣ ਦੇ ਜਾਣੇ-ਅਣਜਾਣੇ ਸੰਪਰਕ ਵਿਚ ਆਇਆ ਹੋਵੇ ਅਤੇ ਕੋਰੋਨਾ ਵਾਇਰਸ ਸਾਹਮਣੇ ਆਉਣ ਕਾਰਨ ਉਸਦੇ ਬਿਮਾਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।  
ਐਡਵਾਇਜ਼ਰੀ ਅਨੁਸਾਰ ਨੋਵਲ ਕੋਰੋਨਾ ਵਾਇਰਸ ਬਿਮਾਰੀ (ਕੋਵਿਡ -19) ਦੇ ਯਾਤਰੂ ਨਾਲ ਸਬੰਧਤ/ਗੈਰ-ਸੰਬੰਧਿਤ ਸ਼ੱਕੀ ਮਾਮਲੇ ਦੀ ਪਛਾਣ ਕਰਨ ਤੋਂ ਬਾਅਦ ਲੋੜੀਂਦੀਆਂ ਸਿਹਤ ਸਹੂਲਤਾਂ ਦੇ ਕੇ ਉਸ ਨੂੰ ਤੁਰੰਤ ਇਕਾਂਤਵਾਸ `ਚ ਭੇਜ ਦੇਣਾ ਚਾਹੀਦਾ ਹੈ ਅਤੇ ਅਜਿਹੇ ਮਾਮਲਿਆਂ ਦੇ ਸਾਰੇ ਸੰਪਰਕਾਂ ਸਬੰਧੀ ਵੇਰਵੇ ਇਕੱਤਰ ਕਰਨੇ ਚਾਹੀਦੇ ਹਨ। ਇਕਾਂਤਵਾਸ ਕੋਵਿਡ-19 ਦੇ ਕਿਸੇ ਸ਼ੱਕੀ ਜਾਂ ਪੁਸ਼ਟੀ ਵਾਲੇ ਮਾਮਲੇ ਦੇ ਅਜਿਹੇ ਸਾਰੇ ਸੰਪਰਕਾਂ `ਤੇ ਲਾਗੂ ਹੁੰਦਾ ਹੈ ਅਤੇ ਅਜਿਹੇ ਸਾਰੇ ਵਿਅਕਤੀਆਂ ਨੂੰ 14 ਦਿਨਾਂ ਲਈ ਘਰ ਵਿਚ ਅਲੱਗ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਯਾਤਰਾ ਤੋਂ ਵਾਪਿਸ ਆਏ ਸਾਰੇ ਵਿਅਕਤੀਆਂ ਨੂੰ 14 ਦਿਨ ਲਈ ਘਰ ਵਿਚ ਏਕਾਂਤਵਾਸ ਕੀਤਾ ਜਾਵੇਗਾ ਭਾਵੇਂ ਕਿ ਉਨ੍ਹਾਂ ਵਿਚ ਕਿਸੇ ਵੀ ਤਰਾਂ ਦੇ ਲੱਛਣ ਨਾ ਹੋਣ ਅਤੇ ਨੈਗੇਟਿਵ ਆਉਣ ਦੀ ਸਥਿਤੀ ਵਿਚ ਸਮੇਂ-ਸਮੇਂ `ਤੇ ਸਿਹਤ ਟੀਮਾਂ ਵੱਲੋ ਜਾਂਚ ਕੀਤੀ ਜਾਵੇਗੀ। ਯਾਤਰੂਆਂ ਵੱਲੋਂ ਘੋਸ਼ਣਾ ਪੱਤਰ ਦਿੱਤਾ ਜਾਵੇਗਾ ਕਿ ਉਹ ਘਰ ਵਿਚ ਏਕਾਂਤਵਾਸ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰ ਰਹੇ ਹਨ।
ਬੁਲਾਰੇ ਨੇ ਕਿਹਾ ਕਿ ਸੂਬੇ `ਚ ਵਾਪਸ ਪਰਤੇ ਵਿਅਕਤੀਆਂ ਵਲੋਂ ਇਨ੍ਹਾਂ ਹਦਾਇਤਾਂ ਦੀ ਪਾਲਣਾ ਸੁਚੱਜੇ ਢੰਗ ਨਾਲ ਕੀਤੀ ਜਾਵੇ ਤਾਂ ਜੋ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਸਿਹਤ ਵਿਭਾਗ ਦੀ ਸਲਾਹ ਅਨੁਸਾਰ ਵਾਪਸ ਆਏ ਯਾਤਰੂ ਇੱਕ ਖੁੱਲ੍ਹੇ ਹਵਾਦਾਰ ਅਤੇ ਵੱਖਰੇ ਕਮਰੇ ਵਿੱਚ ਰਹੇ। ਕਮਰੇ ਵਿੱਚ ਵੱਖਰਾ ਟਾਇਲਟ ਹੋਵੇ ਤਾਂ ਚੰਗੀ ਗੱਲ ਹੈ। ਜੇ ਪਰਿਵਾਰ ਦਾ ਕੋਈ ਹੋਰ ਮੈਂਬਰ ਵੀ ਉਸੇ ਕਮਰੇ ਵਿੱਚ ਰਹਿੰਦਾ ਹੈ ਤਾਂ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਦੋਹਾਂ ਵਿੱਚਕਾਰ ਘੱਟੋ-ਘੱਟ ਇੱਕ  ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ। ਘਰ ਅੰਦਰ ਬਜ਼ੁਰਗਾਂ, ਗਰਭਵਤੀ ਮਹਿਲਾ, ਬੱਚਿਆਂ ਅਤੇ ਹੋਰ ਬਿਮਾਰੀਆਂ ਨਾਲ ਗ੍ਰਸਤ ਵਿਅਕਤੀਆਂ ਤੋਂ ਦੂਰ ਰਿਹਾ ਜਾਵੇ। ਇਕਾਂਤਵਾਸ ਵਿੱਚ ਰਹਿ ਰਹੇ ਵਿਅਕਤੀ ਨੂੰ ਘਰ ਵਿੱਚ ਇਧਰ-ਉਧਰ ਨਾ ਘੁੰਮਣ ਦਿੱਤਾ ਜਾਵੇ। ਕਿਸੇ ਵੀ ਸਥਿਤੀ ਵਿੱਚ ਸਮਾਜਿਕ/ਧਾਰਮਿਕ ਇਕੱਠਾਂ ਜਿਵੇਂ ਵਿਆਹ, ਸ਼ੋਕ ਸਭਾ ਆਦਿ ਵਿੱਚ ਸ਼ਾਮਲ ਨਾ ਹੋਇਆ ਜਾਵੇ।  
ਇਕਾਂਤਵਾਸ ਵਿੱਚ ਰਹਿ ਰਹੇ ਵਿਅਕਤੀ ਲਈ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਹੱਥਾਂ ਨੂੰ ਵਾਰ-ਵਾਰ ਸਾਬਣ ਅਤੇ ਪਾਣੀ ਨਾਲ ਜਾਂ ਅਲਕੋਹਲ-ਯੁਕਤ ਹੈਂਡ ਸੈਨੀਟਾਈਜ਼ਰ ਨਾਲ ਧੋਂਦੇ ਰਹਿਣ।  ਘਰੇਲੂ ਚੀਜ਼ਾਂ ਜਿਵੇਂ ਪਕਵਾਨ, ਪੀਣ ਵਾਲੇ ਗਲਾਸ, ਕੱਪ, ਖਾਣਾ ਖਾਣ ਵਾਲੇ ਬਰਤਨ, ਤੌਲੀਏ, ਬਿਸਤਰੇ ਅਤੇ ਹੋਰ ਚੀਜ਼ਾਂ ਘਰ ਦੇ ਹੋਰ ਮੈਂਬਰਾਂ ਨਾਲ ਸਾਂਝੀਆਂ  ਨਾ ਕਰਨ। ਹਰ ਸਮੇਂ ਸਰਜੀਕਲ ਮਾਸਕ ਪਹਿਨ ਕੇ ਰੱਖਣ। ਮਾਸਕ ਨੂੰ ਹਰ 6-8 ਘੰਟਿਆਂ ਬਾਅਦ ਬਦਲਿਆ ਜਾਵੇ ਅਤੇ ਨਿਰਧਾਰਤ ਤਰੀਕੇ ਨਾਲ ਨਸ਼ਟ ਕੀਤਾ ਜਾਵੇ। ਡਿਸਪੋਜੇਬਲ ਮਾਸਕ ਨੂੰ ਦੁਬਾਰਾ ਵਰਤੋਂ ਵਿਚ ਨਾ ਲਿਆਂਦਾ ਜਾਵੇ। ਘਰਾਂ ਦੀ ਦੇਖਭਾਲ ਦੌਰਾਨ ਮਰੀਜ਼ਾਂ/ਦੇਖਭਾਲ ਕਰਨ ਵਾਲਿਆਂ/ਨਜ਼ਦੀਕੀ ਸੰਪਰਕਾਂ ਵਲੋਂ ਵਰਤੇ ਜਾਣ ਵਾਲੇ ਮਾਸਕ ਨੂੰ ਸਧਾਰਣ ਬਲੀਚ ਘੋਲ (5%) ਜਾਂ ਸੋਡੀਅਮ ਹਾਈਪੋਕਲੋਰਾਈਟ ਘੋਲ (1%) ਦੀ ਵਰਤੋਂ ਨਾਲ ਰੋਗਾਣੂ ਮੁਕਤ ਕੀਤਾ ਜਾਵੇ ਅਤੇ ਫਿਰ ਇਸ ਨੂੰ ਜਲਾ ਕੇ ਜਾਂ ਡੂੰਘਾ ਦਫਨਾ ਕੇ ਨਸ਼ਟ ਕੀਤਾ ਜਾਵੇ ਕਿਉਂ ਕਿ ਵਰਤੇ ਗਏ ਮਾਸਕ ਵਿਚ ਲਾਗ ਲਗਣ ਦੀ ਸੰਭਾਵਨਾ ਕਾਫ਼ੀ ਜ਼ਿਆਦਾ ਹੁੰਦੀ ਹੈ।
ਬੁਲਾਰੇ ਅਨੁਸਾਰ  ਜੇ ਖਾਂਸੀ / ਬੁਖਾਰ / ਸਾਹ ਲੈਣ ਵਿੱਚ ਤਕਲੀਫ ਜਿਹੇ ਲੱਛਣ ਦਿਖਾਈ ਦਿੰਦੇ ਹਨ ਤਾਂ ਉਕਤ ਵਿਅਕਤੀ ਵੱਲੋਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਜਾਂ ਹੈਲਪਲਾਈਨ ਨੰਬਰ 104 / ਸਟੇਟ ਕੰਟਰੋਲ ਰੂਮ ਨੰਬਰ 01722920074/08872090029 `ਤੇ ਕਾਲ ਕਰਕੇ ਸੂਚਿਤ ਕੀਤਾ  ਜਾਵੇ।  
ਇਸ ਤੋਂ ਇਲਾਵਾ ਘਰ ਵਿੱਚ ਏਕਾਂਤਵਾਸ ਕੀਤੇ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਲਈ ਵੀ ਨਿਰਦੇਸ਼ ਜਾਰੀ ਕੀਥੇ ਗਏ ਹਨ। ਇਨ੍ਹਾਂ ਨਿਰਦੇਸ਼ਾਂ ਅਨੁਸਾਰ  ਸਿਰਫ ਇੱਕ ਨਿਰਧਾਰਿਤ ਵਿਅਕਤੀ, ਜੋ ਕਿ ਸਿਹਤਮੰਦ ਹੈ ਅਤੇ ਉਸਨੂੰ ਹੋਰ ਬਿਮਾਰੀ ਨਹੀਂ ਹੈ, ਉਸਨੂੰ ਹੀ ਇਕਾਂਤਵਾਸ ਕੀਤੇ ਵਿਅਕਤੀ ਦੀ ਸੰਭਾਲ ਦੀ ਜ਼ਿੰਮੇਵਾਰੀ ਦਿੱਤੀ ਜਾਵੇ। ਮੈਲੀਆਂ ਚਾਦਰਾਂ/ਕੱਪੜਿਆਂ ਨੂੰ ਝਾੜਿਆਂ ਨਾ ਜਾਵੇ ਜਾਂ ਏਕਾਂਤਵਾਸ ਕੀਤੇ ਹੋਏ ਵਿਅਕਤੀ ਦੀ ਚਮੜੀ ਦੇ ਸਿੱਧੇ ਸੰਪਰਕ ਵਿਚ ਨਾ ਆਉਣ ਦਿਓ। ਸਤਿਹ ਦੀ ਸਫਾਈ ਕਰਨ ਜਾਂ ਇਕਾਂਤਵਾਸ ਵਿਅਕਤੀ ਦੇ ਕਿਸੇ ਸਮਾਨ ਨੂੰ ਚੁੱਕਣ ਸਮੇਂ ਡਿਸਪੋਜ਼ੇਬਲ ਦਸਤਾਨਿਆਂ ਦੀ ਵਰਤੋਂ ਕਰੋ । ਦਸਤਾਨੇ ਉਤਾਰਨ ਤੋਂ ਬਾਅਦ ਹੱਥਾਂ ਨੂੰ ਨਿਯਮਿਤ ਤਰੀਕੇ ਨਾਲ ਧੋਵੋ। ਕੋਈ ਵੀ ਮਹਿਮਾਨ ਨਾ ਆਉਣ ਦਿਓ। ਜੇਕਰ ਇਕਾਂਤਵਾਸ ਕੀਤੇ ਵਿਅਕਤੀ ਵਿਚ ਲੱਛਣ ਸਾਹਮਣੇ ਆਉਂਦੇ ਹਨ ਤਾਂ ਉਸਦੇ ਸਾਰੇ ਨਜ਼ਦੀਕੀ ਸੰਪਰਕਾਂ ਨੂੰ ਵੀ 14 ਦਿਨ ਲਈ ਘਰ ਵਿਚ ਇਕਾਂਤਵਾਸ ਕੀਤਾ ਜਾਵੇਗਾ ਅਤੇ ਹੋਰ 14 ਦਿਨ ਲਈ ਜਾਂ ਜਦੋਂ ਤੱਕ ਉਹ ਲੈਬ ਟੈਸਟ ਵਿਚ ਨੈਗੇਟਿਵ ਨਹੀਂ ਆ ਜਾਂਦੇ, ਉਸ ਸਮੇਂ ਤੱਕ ਨਿਗਰਾਨੀ ਵਿੱਚ ਰੱਖੇ ਜਾਣ।
  ਵਾਤਾਵਰਨ ਦੀ ਸਾਫ ਸਫਾਈ ਲਈ ਇਕਾਂਤਵਾਸ ਕੀਤੇ ਵਿਅਕਤੀ ਦੇ ਕਮਰੇ ਦੀਆਂ ਜ਼ਿਆਦਾ ਛੂਹੀਆਂ ਜਾਣ ਵਾਲਿਆਂ ਸਤਿਹਾਂ (ਜਿਵੇਂ ਕਿ ਬੈੱਡ ਫਰੇਮ, ਮੇਜ ਆਦਿ) ਨੂੰ ਰੋਜ਼ਾਨਾ ਸੋਡੀਅਮ ਹਾਈਪੋਕਲੋਰਾਈਟ ਘੋਲ (1 ਪ੍ਰਤੀਸ਼ਤ) ਨਾਲ ਸਾਫ ਕਰੋ। ਪਖਾਨੇ ਦੀਆਂ ਸਤਿਹਾਂ ਨੂੰ ਰੋਜ਼ਾਨਾ ਆਮ ਘਰੇਲੂ ਵਰਤੋਂ ਵਾਲੇ ਬਲੀਚ ਘੋਲ/ਫੀਨਾਇਲ ਡਿਸਇੰਫੈਕਟੈਂਟਸ ਨਾਲ ਸਾਫ ਕਰੋ। ਵਿਅਕਤੀ ਵੱਲੋਂ ਵਰਤੇ ਗਏ ਕੱਪੜਿਆਂ ਨੂੰ ਰੋਜ਼ਾਨਾ ਆਮ ਘਰੇਲੂ ਵਰਤੋਂ ਵਾਲੇ ਡਿਟਰਜੇਂਟ ਨਾਲੋਂ ਅਲੱਗ ਧੋਵੋ ਅਤੇ ਸੁਕਾਓ। ਬੁਲਾਰੇ ਅਨੁਸਾਰ ਘਰ ਵਿਚ ਇਕਾਂਤਵਾਸ ਦੀ ਵੈਧਤਾ 14 ਦਿਨ ਦੀ ਹੋਵੇਗੀ ਜਾਂ ਜਦੋਂ ਤੱਕ ਪੁਸ਼ਟੀ ਕੀਤੇ ਗਏ ਕੇਸ ਜਾਂ ਸ਼ੱਕੀ ਮਰੀਜ਼ (ਜੋ ਸੰਪਰਕ ਵਿਚ ਆਇਆ ਸੀ) ਦੀ ਰਿਪੋਰਟ ਨੈਗੇਟਿਵ ਨਹੀਂ ਆ ਜਾਂਦੀ।

NO COMMENTS