ਮਾਨਸਾ, 02 ਅਗਸਤ:(ਸਾਰਾ ਯਹਾਂ/ਮੁੱਖ ਸੰਪਾਦਕ):
ਮੁੱਖ ਮੰਤਰੀ ਸ੍ਰ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰੇਕ ਵਰਗ ਅਤੇ ਹਰੇਕ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਅਤੇ ਪਾਰਦਰਸ਼ੀ ਵਿਕਾਸ ਕਾਰਜਾਂ ਲਈ ਵਚਨਬੱਧ ਹੈ, ਜਿਸ ਤਹਿਤ ਪਿੰਡਾਂ ਵਿੱਚ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਹਲਕਾ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਪ੍ਰਿੰਸੀਪਲ ਬੁੱਧ ਰਾਮ ਨੇ ਪਿੰਡ ਗੰਢੂ ਖੁਰਦ ਵਿਖੇ ਆਪਣੇ ਸੰਬੋਧਨ ਦੌਰਾਨ ਪਿੰਡ ਵਾਸੀਆਂ ਨਾਲ ਸਾਂਝੇ ਕੀਤੇ। ਉਹ ਅੱਜ ਪਿੰਡ ਗੰਢੂ ਖੁਰਦ ਵਿਖੇ ਧਰਮਸ਼ਾਲਾਵਾਂ ਅਤੇ ਸਕੂਲ ਦੇ ਕਮਰਿਆਂ ਦਾ ਉਦਘਾਟਨ ਕਰਨ ਲਈ ਪਹੁੰਚੇ।
ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ ਪਿੰਡ ਗੰਢੂ ਖੁਰਦ ਵਿੱਚ ਪਿੰਡ ਵਾਸੀਆਂ ਲਈ ਦੁੱਖ ਸੁੱਖ ਦੇ ਪ੍ਰੋਗਰਾਮ ਕਰਨ ਲਈ ਸਾਂਝੀ ਥਾਂ ਦੀ ਬਹੁਤ ਵੱਡੀ ਘਾਟ ਸੀ, ਇਸ ਕਰਕੇ ਇਨ੍ਹਾਂ ਭਾਈਚਾਰੇ ਦੇ ਲੋਕਾਂ ਦੀ ਸਹੂਲਤ ਲਈ ਬਾਲਮੀਕਿ ਭਾਈਚਾਰਾ ਅਤੇ ਰਮਦਾਸੀਆ ਭਾਈਚਾਰੇ ਦੀਆਂ ਧਰਮਸ਼ਾਲਾਵਾਂ ਦੇ ਕੰਮ ਅਧੂਰੇ ਪਏ ਸਨ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਨੇ ਜਦੋਂ ਇਹ ਮੁਸ਼ਕਿਲਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀਆਂ ਤਾਂ ਮੁੱਖ ਮੰਤਰੀ ਫੰਡ ’ਚੋਂ ਵਿਸ਼ੇਸ ਗਰਾਂਟਾਂ ਲਿਆ ਕੇ ਇਹ ਕੰਮ ਮੁਕੰਮਲ ਕਰਵਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਇੰਨ੍ਹਾਂ ਗਰਾਂਟਾਂ ਨਾਲ ਬਾਲਮੀਕਿ ਭਾਈਚਾਰੇ ਦੀ ਧਰਮਸ਼ਾਲਾ ਦਾ ਵਰਾਂਡਾ, ਇੰਟਰਲਾਕ ਟਾਈਲਾਂ ਦਾ ਫਰਸ਼, ਬਾਥਰੂਮ ਦੀ ਉਸਾਰੀ, ਰਵਿਦਾਸ ਧਰਮਸ਼ਾਲਾ ਵਿੱਚ ਕਮਰਿਆਂ ਦੀ ਛੱਤ ਦੀ ਮੁਰੰਮਤ, ਇੰਟਰਲਾਕ ਟਾਈਲ ਫਰਸ਼, ਸ਼ੈੱਡ, ਬਾਥਰੂਮ, ਚਾਰਦੀਵਾਰੀ ਅਤੇ ਸਕੂਲ ਵਿੱਚ ਦੋ ਕਮਰੇ, ਵਰਾਂਡਾ, ਸ਼ੈੱਡ, ਚਾਰਦੀਵਾਰੀ ਦੇ ਕੰਮ ਮੁਕੰਮਲ ਕਰਵਾਏ ਗਏ ਹਨ। ਇਸ ਤੋਂ ਇਲਾਵਾ ਸਕੂਲ ਦੇ ਵਿਦਿਆਰਥੀਆਂ ਲਈ ਪੰਚਾਇਤੀ ਫੰਡ ’ਚੋਂ ਓਪਨ ਜਿੰਮ ਬਣਾਇਆ ਗਿਆ ਹੈ।
ਉਨ੍ਹਾਂ ਪਿੰਡ ਵਾਸੀਆਂ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੀਆਂ ਸਹੂਲਤਾਂ ਲਈ ਵੱਖ ਵੱਖ ਲੋਕ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਜਿੰਨ੍ਹਾਂ ਵਿੱਚ ਘਰ ਬੈਠਿਆਂ 43 ਕਿਸਮ ਦੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹ ਕਿ ਇੰਨ੍ਹਾਂ ਸਕੀਮਾਂ ਦਾ ਘਰ ਬੈਠਿਆਂ ਲਾਭ ਲਿਆ ਜਾ ਸਕਦਾ ਹੈ।
ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਜਗਦੇਵ ਸਿੰਘ ਪ੍ਰਧਾਨ, ਕਸ਼ਮੀਰ ਸਿੰਘ, ਚਿਰੰਜੀਵ ਸਿੰਘ, ਹਰਬੰਸ ਸਿੰਘ ਮੈਂਬਰ, ਨਾਜਰ ਸਿੰਘ, ਜੱਗਾ ਸਿੰਘ ਪ੍ਰਧਾਨ ਰਵਿਦਾਸ ਧਰਮਸ਼ਾਲਾ, ਹਾਕਮ ਸਿੰਘ, ਸਤਗੁਰ ਸਿੰਘ ਤੋਂ ਪਿੰਡ ਵਾਸੀ ਹਾਜ਼ਰ ਸਨ।