ਚੰਡੀਗੜ੍ਹ, 9 ਜੁਲਾਈ(ਸਾਰਾ ਯਹਾਂ/ਮੁੱਖ ਸੰਪਾਦਕ ):
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਬੇਸਹਾਰਾ ਅਤੇ ਲੋੜਵੰਦ ਔਰਤਾਂ ਦੀ ਭਲਾਈ ਲਈ ਵਚਨਬੱਧ ਹੈ। ਪੰਜਾਬ ਸਰਕਾਰ ਵੱਲੋਂ ਤੇਜਾਬ ਪੀੜਤ ਮਹਿਲਾਵਾਂ ਲਈ 100% ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਤੇਜਾਬ ਪੀੜਤਾ ਲਈ ਉਲੀਕੀ ਇਸ ਸਕੀਮ ਦਾ ਉਦੇਸ਼ ਉਨ੍ਹਾਂ ਔਰਤਾਂ ਨੂੰ ਮਹੀਨਾਵਾਰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ ਜੋ ਤੇਜ਼ਾਬ ਦੇ ਹਮਲੇ ਕਾਰਨ ਦਿਵਿਆਂਗ ਹੋ ਚੁੱਕੀਆਂ ਹਨ।
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਤੇਜਾਬ ਰਾਹੀਂ ਹਮਲਾ ਔਰਤਾਂ ਵਿਰੁੱਧ ਹਿੰਸਾ ਦਾ ਇਕ ਘਿਨੋਣਾ ਰੂਪ ਹੈ, ਜੋ ਕਿ ਅਪਰਾਧੀ ਵਲੋਂ ਸੋਚ ਵਿਚਾਰ ਕੇ ਕੀਤਾ ਜਾਂਦਾ ਹੈ। ਇਸ ਨਾਲ ਪੀੜਤ ਦੇ ਸਰੀਰ ਜਾ ਸਰੀਰ ਦੇ ਕਿਸੇ ਹਿੱਸੇ ਨੂੰ ਸਥਾਈ ਜਾ ਅੰਸ਼ਿਕ ਨੁਕਸ਼ਾਨ ਪਹੁੰਚਦਾ ਹੈ। ਇਸ ਕਰਕੇ ਨਾ ਕੇਵਲ ਮਾਨਸਿਕ ਅਤੇ ਸਰੀਰਕ ਪੀੜਾ ਬਲਕਿ ਹੋਰ ਬਹੁਤ ਕਿਸਮ ਦੀਆਂ ਇਨਫੈਕਸ਼ਨਾ, ਅੰਨਾਪਨ ਆਦਿ ਵੀ ਪ੍ਰਮੁੱਖ ਰੂਪ ਵਿਚ ਵੇਖਣ ਵਿਚ ਆਉਂਦਾ ਹੈ । ਇਸ ਤੋਂ ਬਿਨ੍ਹਾਂ ਸਮਾਜਿਕ ਅਤੇ ਅਰਥਿਕ ਮਾੜੇ ਪ੍ਰਭਾਵ ਵੀ ਔਰਤਾਂ ਦੀ ਜਿੰਦਗੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ।
ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਤੇਜਾਬ ਪੀੜਤ ਮਹਿਲਾਵਾਂ ਲਈ ਪੂਰੀ ਤਰ੍ਹਾਂ ਰਾਜ ਵਲੋਂ ਚਲਾਈ ਜਾ ਰਹੀ ਵਿੱਤੀ ਸਹਾਇਤਾ ਸਕੀਮ ਅਧੀਨ 40% ਜਾਂ ਇਸ ਤੋਂ ਵੱਧ ਦਿਵਿਆਂਗਤਾ ਵਾਲੀਆ ਪੰਜਾਬ ਰਾਜ ਦੀਆਂ ਵਸਨੀਕ ਔਰਤਾਂ (ਬੈਂਚ ਮਾਰਕ ਦਿਵਿਆਂਗਤਾ) ਜੋ ਤੇਜਾਬ ਪੀੜਤ ਹੋਣ, ਨੂੰ ਮੁੜ ਵਸੇਬੇ ਅਤੇ ਆਤਮ ਨਿਰਭਰ ਬਣਾਉਣ ਲਈ 8,000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ। ਪੀੜਤ ਮਹਿਲਾ ਵੱਲੋਂ ਐਫ.ਆਈ.ਆਰ/ਸ਼ਿਕਾਇਤ ਦੀ ਕਾਪੀ ਰਜਿਸਟਰਡ ਹੋਣੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਸਮੇਂ 22 ਤੇਜਾਬ ਪੀੜਤ ਮਹਿਲਾਵਾਂ ਜਿਲ੍ਹਾ ਬਠਿੰਡਾ, ਗੁਰਦਾਸਪੁਰ, ਲੁਧਿਆਣਾ, ਰੋਪੜ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ, ਹੁਸ਼ਿਆਰਪੁਰ, ਮੋਗਾ, ਜਲੰਧਰ ਅਤੇ ਅੰਮ੍ਰਿਤਸਰ ਵਿਖੇ ਇਸ ਸਕੀਮ ਅਧੀਨ ਵਿੱਤੀ ਲਾਭ ਲੈ ਰਹੀਆਂ ਹਨ।
ਕੈਬਨਿਟ ਮੰਤਰੀ ਨੇ ਤੇਜਾਬ ਪੀੜਤਾ ਦੇ ਲਈ ਚਲਾਈ ਜਾ ਰਹੀ ਸਕੀਮ ਬਾਰੇ ਦੱਸਦਿਆਂ ਕਿਹਾ ਕਿ ਪੀੜਤਾਂ ਦੇ ਭਵਿੱਖ ਨੂੰ ਵਧੀਆ ਬਨਾਉਣ ਵਿਚ ਜਿਲ੍ਹਾ ਅੰਮ੍ਰਿਤਸਰ ਦੀ ਨਿਵਾਸੀ ਰਮਨਦੀਪ ਕੌਰ ਇਸ ਸਕੀਮ ਅਧੀਨ 8000/- ਰੁਪਏ ਦਾ ਵਿੱਤੀ ਲਾਭ ਲੈ ਕੇ ਆਪਣੀ ਪੜ੍ਹਾਈ ਚੰਗੇ ਨੰਬਰਾਂ ਨਾਲ ਕਰਕੇ ਭਵਿੱਖ ਵਿੱਚ ਅਫਸਰ ਬਨਣ ਦੇ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੀ ਹੈ।
ਡਾ. ਬਲਜੀਤ ਕੌਰ ਨੇ ਦੱਸਿਆ ਕਿ ਜਿਲ੍ਹਾ ਬਠਿੰਡਾ ਦੀ ਮਹਿੰਦਰ ਕੌਰ ਇਸ ਸਕੀਮ ਅਧੀਨ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਰਾਹੀਂ ਆਪਣਾ ਇਲਾਜ ਡੀ.ਐਮ.ਸੀ ਲੁਧਿਆਣਾ ਅਤੇ ਅਮਨਪ੍ਰੀਤ ਕੌਰ ਆਪਣਾ ਇਲਾਜ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਕਰਵਾ ਰਹੀ ਹੈ। ਜਿਲ੍ਹਾ ਲੁਧਿਆਣਾ ਦੀ ਸ੍ਰੀਮਤੀ ਰਮਨਦੀਪ ਕੌਰ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਇਸ ਮਾਲੀ ਸਹਾਇਤਾ ਨਾਲ ਆਪਣੀ 2 ਬੇਟੀਆਂ ਅਤੇ 1 ਬੇਟੇ ਦੀ ਸਕੂਲ ਫੀਸ ਅਤੇ ਹੋਰ ਰੋਜ ਦੀਆਂ ਜ਼ਰੂਰਤਾਂ ਪੂਰੀਆਂ ਕਰ ਰਹੀ ਹੈ।ਇਸ ਰਾਸ਼ੀ ਦੇ ਨਾਲ ਇਹ ਮਹਿਲਾਵਾਂ ਆਤਮ-ਨਿਰਭਰ ਹੋ ਕੇ ਸੁਚੱਜੇ ਢੰਗ ਨਾਲ ਆਪਣਾ ਜੀਵਨ ਬਸਰ ਕਰ ਰਹੀਆਂ ਹਨ।