ਮਾਨਸਾ, 22 ਜੂਨ:(ਸਾਰਾ ਯਹਾਂ/ਬੀਰਬਲ ਧਾਲੀਵਾਲ )
ਆਸਰਾ ਫਾਊਂਡੇਸ਼ਨ ਬਰੇਟਾ ਵੱਲੋਂ ਰੂਰਲ ਯੂਥ ਕਲੱਬਜ ਐਸੋਸੀਏਸ਼ਨ, ਮਾਨਸਾ ਅਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਸਹਿਯੋਗ ਨਾਲ ਆਤਮਾ ਰਾਮ ਮੈਮੋਰੀਅਲ ਕਾਨਵੈਂਟ ਸਕੂਲ, ਬਰੇਟਾ ਵਿਖੇ ਰੋਜ਼ਗਾਰ ਮੇਲਾ ਲਗਾਇਆ ਗਿਆ, ਜਿਸ ਦਾ ਉਦਘਾਟਨ ਵਿਧਾਇਕ ਹਲਕਾ ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ ਨੇ ਕੀਤਾ।
ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਪੰਜਾਬ ਸਰਕਾਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਹਰ ਸੰਭਵ ਮੌਕੇ ਪ੍ਰਦਾਨ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਇਹ ਵਧੀਆ ਉਪਰਾਲਾ ਹੈ ਕਿ ਜ਼ਿਲ੍ਹੇ ਦੀਆਂ ਸੰਸਥਾਵਾਂ ਤੇ ਕਲੱਬ ਵੀ ਜ਼ਿਲ੍ਹਾ ਰੋਜ਼ਗਾਰ ਬਿਊਰੋ ਦੇ ਸਹਿਯੋਗ ਨਾਲ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹਨ। ਉਨ੍ਹਾਂ ਰੋਜ਼ਗਾਰ ਮੇਲੇ ਵਿਚ ਨਿਯੁਕਤ ਹੋਏ ਪ੍ਰਾਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਰੋਜ਼ਗਾਰ ਮੇਲੇ ਵਿਚ ਤਕਰੀਬਨ 450 ਪ੍ਰਾਰਥੀਆਂ ਨੇ ਭਾਗ ਲਿਆ, ਜਿੰਨ੍ਹਾਂ ਵਿਚੋਂ ਟਰਾਈਡੈਂਟ, ਹੀਰੋ ਮੋਟਰ ਕਾਰਪੋਰੇਸ਼ਨ, ਚੈਕਮੇਟ ਸਕਿਊਰਟੀ, ਜੀ.ਐਸ.ਏ ਇੰਡ., ਕੈਪੀਟਲ ਟਰੱਸਟ, ਵਰਧਮਾਨ, ਤਰਾਸ਼ਨਾ, ਨਾਹਰ ਆਦਿ ਕੰਪਨੀਆਂ ਵੱਲੋਂ 162 ਪ੍ਰਾਰਥੀਆਂ ਦੀ ਚੋਣ ਕੀਤੀ ਗਈ ਹੈ ਅਤੇ 138 ਪ੍ਰਾਰਥੀਆਂ ਨੂੰ ਸ਼ਾਰਟ ਲਿਸਟ ਕੀਤਾ ਗਿਆ ਹੈ।